ਸ਼ਬਦ ਨਾਲ ਪੰਜਾਬ ਦੀ ਧਰਤੀ ਦਾ ਰਿਸ਼ਤਾ ਆਦਿ ਜੁਗਾਦੀ ਹੈ। ਦੁਨੀਆ ਦਾ ਸਭ ਤੋਂ ਪਹਿਲਾ ਗ੍ਰੰਥ ਇਸੇ ਧਰਤੀ ’ਤੇ ਰਚਿਆ ਗਿਆ। ਗੁਰੂ ਨਾਨਕ ਨੇ ਚਾਰ ਦਿਸ਼ਾਵਾਂ ਵਿਚ ਕੀਤੀਆਂ ਚਾਰ ਉਦਾਸੀਆਂ ਦੌਰਾਨ ਗਿਆਨ ਅਤੇ ਚਿੰਤਨ ਦੇ ਪੁਰਾਣੇ ਕੇਂਦਰਾਂ ਅਤੇ ਸੁਖਨ ਦੇ ਸਰੋਤਾਂ ਤੱਕ ਪਹੁੰਚ ਕੇ ਵੱਖ-ਵੱਖ ਸੰਤਾਂ, ਭਗਤਾਂ, ਸੂਫ਼ੀਆਂ ਦੀ ਬਾਣੀ ਇਕੱਠੀ ਕੀਤੀ ਅਤੇ ਪੰਜਾਬ ਨੂੰ ਉਹਨਾਂ ਦੁਆਰਾ ਰਚਿਤ ਸਾਹਿਤ ਦਾ ਮਿਲਣ ਬਿੰਦੂ ਬਣਾ ਦਿੱਤਾ। ਇਸ ਬਾਣੀ ਨੂੰ ਸੰਕਲਿਤ ਕਰਦੇ ਹੋਏ ਗੁਰੂ ਅਰਜਨ ਸਾਹਿਬ ਨੇ ਦੁਨੀਆ ਦਾ ਸਭ ਤੋਂ ਵੱਡਾ ਸੰਪਾਦਤ ਗ੍ਰੰਥ ਇਸੇ ਧਰਤੀ ਤੇ ਸੰਪਾਦਤ ਕੀਤਾ। ਭਾਰਤ ਦੇ ਪ੍ਰੰਪਰਿਕ ਗਿਆਨ ਦੇ ਹੋਰ ਬਹੁਤ ਸਾਰੇ ਸੋਮੇ ਅਰਥਾਤ ਪ੍ਰਾਚੀਨ ਗ੍ਰੰਥ ਇਸ ਧਰਤੀ ’ਤੇ ਰਚੇ ਗਏ। ਸਾਡੇ ਪੁਰਖਿਆਂ ਨੇ ਸ਼ਬਦ ਨੂੰ ਸ੍ਰਿਸ਼ਟੀ ਰਚਨਾ ਦਾ ਮੂਲ ਖਿਆਲ ਕਰਦਿਆਂ ਸ਼ਬਦ ਨੂੰ ਬ੍ਰਹਮ ਕਿਹਾ।
ਮਨੁੱਖ ਜੈਵਿਕ ਤੌਰ ’ਤੇ ਪਹਿਲਾਂ ਚਾਰ ਪੈਰਾਂ ’ਤੇ ਚੱਲਣ ਵਾਲੇ ਹੋਰ ਜਾਨਵਰਾਂ ਵਰਗਾ ਹੀ ਸੀ। ਇਕ ਚੌਪਾਏ ਜਾਨਵਰ ਅੰਦਰ ਭਾਸ਼ਾਈ ਵਿਕਾਸ ਦੇ ਆਰੰਭ ਨਾਲ ਉਸਦੀ ਮਨੁੱਖ ਹੋਣ ਦੀ ਯਾਤਰਾ ਸ਼ੁਰੂ ਹੋਈ। ਪੰਛੀ ਆਦਿ ਕਾਲ ਤੋਂ ਪਰਾਂ ਨਾਲ ਉੱਡ ਰਹੇ ਹਨ। ਹੁਣ ਮਨੁੱਖ ਨੇ ਵੀ ਉੱਡਣਾ ਸ਼ੁਰੂ ਕਰ ਲਿਆ ਹੈ, ਬਗ਼ੈਰ ਪੈਰਾਂ ਤੋਂ। ਇਸ ਨੇ ਆਪਣੀ ਉਡਾਣ-ਵਿਧੀ ਭਾਸ਼ਾ ਨਾਲ ਈਜਾਦ ਕੀਤੀ ਹੈ। ਮਨੁੱਖ ਕੋਲ ਭਾਸ਼ਾ ਨਾ ਹੁੰਦੀ ਤਾਂ ਇਸ ਕੋਲ ਜਹਾਜ਼ ਵੀ ਨਾ ਹੁੰਦਾ। ਇਕੱਲਾ ਜਹਾਜ਼ ਹੀ ਨਹੀਂ, ਭਾਸ਼ਾ ਤੋਂ ਬਗ਼ੈਰ ਇਸ ਨੇ ਹੁਣ ਤੱਕ ਕੋਈ ਵੀ ਕਾਢ ਨਾ ਕੱਢੀ ਹੁੰਦੀ। ਇਸ ਨੇ ਖੇਤੀ ਦਾ ਕੰਮ ਹਲ਼ ਨਾਲ ਨਹੀਂ, ਬੋਲੀ ਨਾਲ ਸ਼ੁਰੂ ਕੀਤਾ। ਪਹਿਲਾਂ ਮਨੁੱਖ ਹਲ਼ ਅੱਗੇ ਆਪ ਜੁੜਦਾ ਸੀ। ਫਿਰ ਆਪ ਤੋਂ ਸ਼ਕਤੀਸ਼ਾਲੀ ਜਾਨਵਰਾਂ ਬਲਦ, ਘੋੜਾ, ਊਠ ਆਦਿ ਨੂੰ ਇਸ ਕੰਮ ਲਈ ਕਾਬੂ ਕਰ ਲਿਆ। ਆਪ ਤੋਂ ਤਾਕਤਵਰ ਨੂੰ ਕਾਬੂ ਕਰਨ ਲਈ ਜੁਗਤ ਤੇ ਤਕਨੀਕ ਚਾਹੀਦੀ ਹੁੰਦੀ ਹੈ। ਤਕਨੀਕ ਤੇ ਜੁਗਤ ਭਾਸ਼ਾ ਨਾਲ ਜਨਮਦੀ ਹੈ। ਮਨੁੱਖ ਦੇ ਸੱਭਿਅਕ ਹੋਣ ਦੀ ਕਹਾਣੀ ਮਨੁੱਖ ਦੇ ਭਾਸ਼ਕ ਹੋਣ ਦੀ ਕਹਾਣੀ ਹੈ। ਵੱਖ-ਵੱਖ ਮਨੁੱਖੀ ਸੱਭਿਆਤਾਵਾਂ ਜਾਂ ਭਾਈਚਾਰਿਆਂ ਦੇ ਵਿਕਾਸ ਦੀ ਕਹਾਣੀ ਅਸਲ ਵਿਚ ਉਹਨਾਂ ਦੀ ਬੋਲੀ ਦੇ ਵਿਕਾਸ ਦੀ ਕਹਾਣੀ ਹੈ। ਜਿਹੜੇ ਜੰਗਲੀ ਕਬੀਲੇ ਸਦੀਆਂ ਤੋਂ ਜਿਉਂ ਦੇ ਤਿਉਂ ਹਨ, ਉਹਨਾਂ ਦੀ ਬੋਲੀ ਵੀ ਜਿਉਂ ਦੀ ਤਿਉਂ ਹੈ। ਬੰਦੇ ਨੂੰ ਬੰਦਿਆਈ ਬੋਲੀ ਕਰਕੇ ਪ੍ਰਾਪਤ ਹੈ। ਬੰਦੇ ਦੇ ਹੋਣ ਥੀਣ ਅਤੇ ਇਸ ਦੇ ਵਿਕਾਸ ਨਾਲ ਜੁੜੀ ਚੀਜ਼ ਜੋ ਸਭ ਤੋਂ ਮਹੱਤਵਪੂਰਨ ਹੈ, ਉਹ ਹੈ ਬੋਲੀ ਜਾਂ ਭਾਸ਼ਾ। ਕਿਸੇ ਬੰਦੇ, ਭਾਈਚਾਰੇ ਜਾਂ ਕੌਮ ਦੀ ਹੋਣੀ ਅਤੇ ਹਸਤੀ ਨੂੰ ਸਿਰਜਣ ਅਤੇ ਨਿਰਧਾਰਤ ਕਰਨ ਦਾ ਕਾਰਜ ਸਭ ਤੋਂ ਪਹਿਲਾਂ ਅਤੇ ਸਭ ਤੋਂ ਵਧੇਰੇ ਉਸ ਦੀ ਬੋਲੀ ਕਰਦੀ ਹੈ।
ਕਿਸੇ ਬੋਲੀ ਦੇ ਸੰਚਾਰ ਪ੍ਰਸਾਰ ਦਾ ਮੁੱਢਲਾ ਮਾਧਿਅਮ ਉਸ ਦੀ ਲਿੱਪੀ ਹੁੰਦੀ ਹੈ। ਸਾਡੀ ਬੋਲੀ ਦੀ ਲਿੱਪੀ ਨੂੰ ਵਿਕਸਤ ਕਰਨ ਲਈ ਸਾਡੇ ਪੁਰਖੇ ਪੀੜ੍ਹੀ ਦਰ ਪੀੜ੍ਹੀ ਅੱਖਰਾਂ ਦੇ ਰੂਪ ਨਿਖਾਰਨ ਅਤੇ ਨਿਰਧਾਰਤ ਕਰਨ ਲਈ ਲਗਾਤਾਰ ਮਿਹਨਤ ਕਰਦੇ ਰਹੇ ਹਨ। ਗੁਰੂ ਨਾਨਕ ਸਾਹਿਬ ਨੇ ਆਪਣੀ ਜਪੁਜੀ ਬਾਣੀ ਵਿਚ ਅੱਖਰਾਂ ਦੇ ਮਹੱਤਵ ਨੂੰ ਸਥਾਪਤ ਕਰਦਿਆਂ ਅੱਖਰਾਂ ਦੀ ਖ਼ੂਬ ਮਹਿਮਾ ਕੀਤੀ ਹੈ।
ਹੁਣ ਤਕਨੀਕੀ ਵਿਕਾਸ ਅਤੇ ਬੋਲੀ ਦਾ ਵਿਕਾਸ ਇੱਕ ਦੂਸਰੇ ਨਾਲ ਗਹਿਰੀ ਤਰ੍ਹਾਂ ਜੁੜ ਗਏ ਹਨ। ਸੰਸਾਰ ਦੀ ਹਰ ਬੋਲੀ ਨੂੰ ਆਪਣੀ ਹੋਂਦ ਸੁਰੱਖਿਅਤ ਰੱਖਣ ਲਈ ਬੋਲੀ ਸਬੰਧੀ ਤਕਨੀਕੀ ਵਿਕਾਸ ਨਾਲ ਆਪਣਾ ਵਰ ਮੇਚ ਕੇ ਰੱਖਣਾ ਪੈਣਾ ਹੈ। ਦੁਨੀਆ ਵਿਚ ਛਾਪਾਖਾਨਾ ਸ਼ੁਰੂ ਹੋਇਆ ਤਾਂ ਸਾਡੇ ਪੁਰਖਿਆਂ ਨੇ ਵੀ ਪੰਜਾਬੀ ਵਿਚ ਪੁਸਤਕਾਂ ਛਾਪਣ ਲਈ ਚੋਖਾ ਆਹਰ ਕੀਤਾ। ਕੰਪਿਊਟਰ ਯੁੱਗ ਆਇਆ ਤਾਂ ਬਹੁਤ ਸਾਰੇ ਲੋਕਾਂ ਨੇ ਪੰਜਾਬੀ ਨੂੰ ਇਸ ਦੇ ਹਾਣ-ਮੇਲਦਾ ਕਰਨ ਲਈ ਬਹੁਤ ਮਿਹਨਤ ਕੀਤੀ।
ਇਸ ਦੌਰ ਵਿਚ ਤਕਨੀਕੀ ਵਿਕਾਸ ਅਤੇ ਤਬਦੀਲੀ ਨੇ ਜੋ ਰਫ਼ਤਾਰ ਫੜੀ ਹੈ ਉਹ ਲਾਸਾਨੀ ਹੈ। ਸੰਸਾਰ ਇਸ ਵੇਲੇ ਮਸ਼ੀਨੀ ਬੁੱਧੀਮਾਨਤਾ ਦੇ ਯੁੱਗ ਵਿਚ ਪ੍ਰਵੇਸ਼ ਕਰ ਚੁੱਕਾ ਹੈ। ਇਹ ਸੰਸਾਰ ਭਰ ਦੀਆਂ ਭਾਸ਼ਾਵਾਂ ਲਈ ਚੁਣੌਤੀ ਦਾ ਵੇਲਾ ਹੈ ਕਿਉਂਕਿ ਤਕਨੀਕ ਦੇ ਇਸ ਨਵੇਂ ਪੱਧਰ ਨਾਲ ਵਰ ਨਾ ਮੇਚ ਸਕਣ ਵਾਲੀਆਂ ਭਾਸ਼ਾਵਾਂ ਦੇ ਅਪ੍ਰਸੰਗਿਕ ਹੋ ਜਾਣ ਦਾ ਖਦਸ਼ਾ ਹੈ। ਬੋਲੇ ਜਾਣ ਦੇ ਹਿਸਾਬ ਨਾਲ ਪੰਜਾਬੀ ਹੁਣ ਪੰਜਾਂ ਦਰਿਆਵਾਂ ਤੋਂ ਸੱਤਾਂ ਸਮੁੰਦਰਾਂ ਦੀ ਭਾਸ਼ਾ ਬਣ ਚੁੱਕੀ ਹੈ ਪ੍ਰੰਤੂ ਸਾਡੇ ਨਾਲੋਂ ਘੱਟ ਜਨ ਸੰਖਿਆ ਵਿਚ ਬੋਲੀਆਂ ਜਾਣ ਵਾਲੀਆਂ ਕਈ ਭਾਰਤੀ ਭਾਸ਼ਾਵਾਂ ਨੇ ਆਪਣੇ ਆਪ ਨੂੰ ਇਸ ਨਵੀਂ ਤਕਨੀਕ ਦੇ ਅਨੁਕੂਲ ਕਰ ਲਿਆ ਹੈ ਜਦ ਕਿ ਸਾਨੂੰ ਇਸ ਦਿਸ਼ਾ ਵਿਚ ਅਜੇ ਕਾਫੀ ਮਿਹਨਤ ਕਰਨੀ ਪੈਣੀ ਹੈ। ਭਾਸ਼ਾ ਵਿਭਾਗ, ਪੰਜਾਬ, ਇਸ ਚੁਣੌਤੀ ਨੂੰ ਅਗਲੇ ਮਹੀਨਿਆਂ ਵਿਚ ਪਾਰ ਕਰ ਲੈਣ ਲਈ ਦ੍ਰਿੜ ਸੰਕਲਪ ਕਰਦਾ ਹੈ।
ਸੰਸਾਰ ਵਿਚ ਪੜ੍ਹਨ ਪੜ੍ਹਾਉਣ ਦੇ ਤਰੀਕੇ ਬਦਲ ਜਾਂ ਵਿਕਸਤ ਹੋ ਰਹੇ ਹਨ। ਪੁਸਤਕ ਨਵੇਂ ਰੂਪ ਧਾਰ ਰਹੀ ਹੈ। ਭਾਸ਼ਾ ਵਿਭਾਗ ਦੀਆਂ ਮੁੱਲਵਾਨ ਪ੍ਰਕਾਸ਼ਨਾਵਾਂ ਨੂੰ ਦੁਨੀਆ ਭਰ ਵਿਚ ਵਸਦੇ ਪੰਜਾਬੀਆਂ ਦੇ ਹੱਥਾਂ ਵਿਚ ਫੜੇ ਸਮਾਰਟ ਫੋਨਾਂ ’ਤੇ ਉਪਲਭਧ ਕਰਵਾਉਣ ਲਈ ਅਸੀਂ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ ਜਿਸਦੇ ਨਤੀਜੇ ਜਲਦੀ ਮਿਲਣੇ ਸ਼ੁਰੂ ਹੋ ਜਾਣਗੇ।
ਪਿਛਲੇ ਸਮੇਂ ਵਿਚ ਭਾਸ਼ਾ ਵਿਭਾਗ ਪੰਜਾਬ ਕਈ ਪ੍ਰਸ਼ਾਸਨਿਕ ਗੁੰਝਲਾਂ ਕਾਰਨ ਆਪਣੀਆਂ ਪੁਸਤਕਾਂ ਅਤੇ ਰਸਾਲਿਆਂ ਨੂੰ ਸਮੇਂ ਸਿਰ ਛਾਪ ਨਹੀਂ ਸੀ ਪਾ ਰਿਹਾ। ਅਸੀਂ ਜਲਦੀ ਇਹਨਾਂ ਗੁੰਝਲਾਂ ਨੂੰ ਸੁਲਝਾ ਕੇ ਇਹਨਾਂ ਦੀ ਸਮੇਂ ਸਿਰ ਪ੍ਰਕਾਸ਼ਨਾਵਾਂ ਨੂੰ ਯਕੀਨੀ ਬਣਾਉਣ ਦੀ ਕੋਸ਼ਿਸ਼ ਕਰਾਂਗੇ।
ਆਪਣੀ ਬੋਲੀ ਦੀ ਸਾਂਭ ਸੰਭਾਲ ਅਤੇ ਇਸ ਦੇ ਵਿਕਾਸ ਦੇ ਪ੍ਰੋਜੈਕਟ ਨੂੰ ਨੌਜਵਾਨ ਵਰਗ ਦੀ ਸ਼ਮੂਲੀਅਤ ਬਗ਼ੈਰ ਅੱਗੇ ਨਹੀਂ ਤੋਰਿਆ ਜਾ ਸਕਦਾ। ਅਸੀਂ ਪ੍ਰੌੜ ਲੇਖਕਾਂ ਦੇ ਨਾਲ ਨਾਲ ਸਕੂਲਾਂ, ਕਾਲਜਾਂ ਤੇ ਯੂਨੀਵਰਸਿਟੀਆਂ ਵਿਚ ਪੜ੍ਹਦੇ ਯੋਗਦਾਨੀਆਂ ਨੂੰ ਉਤਸ਼ਾਹਿਤ ਅਤੇ ਸਨਮਾਨਿਤ ਕਰਨ ਲਈ ਯੋਜਨਾਵਾਂ’ ਤੇ ਕੰਮ ਕਰ ਰਹੇ ਹਾਂ।
ਮੈਂ ਭਾਸ਼ਾ ਵਿਭਾਗ, ਪੰਜਾਬ ਵੱਲੋਂ ਸੰਸਾਰ ਭਰ ਵਿਚ ਵੱਸਦੇ ਪਿਆਰੇ ਪੰਜਾਬੀਆਂ ਨੂੰ ਬੇਨਤੀ ਕਰਦਾ ਹਾਂ ਕਿ ਉਹ ਆਪਣੀ ਭਾਸ਼ਾ ਦੇ ਵਿਕਾਸ ਲਈ ਬਿਨਾਂ ਝਿਜਕ ਆਪਣੀਆਂ ਸੁਹਿਰਦ ਸਲਾਹਾਂ ਸਾਡੇ ਤੱਕ ਪਹੁੰਚਾਉਂਦੇ ਰਹਿਣ। ਤੁਹਾਡੇ ਭਰਪੂਰ ਸਹਿਯੋਗ ਅਤੇ ਯੋਗਦਾਨ ਦੀ ਵਿਭਾਗ ਨੂੰ ਹਮੇਸ਼ਾ ਉਡੀਕ ਰਹੇਗੀ।
ਜਸਵੰਤ ਸਿੰਘ ਜ਼ਫ਼ਰ,
ਡਾਇਰੈਕਟਰ, ਭਾਸ਼ਾ ਵਿਭਾਗ, ਪੰਜਾਬ