ਹਿੰਦੀ ਵਿਕਾਸ
ਭਾਸ਼ਾ ਵਿਭਾਗ,ਪੰਜਾਬ, ਪੰਜਾਬ ਸਰਕਾਰ ਦਾ ਇਕ ਸਾਹਿਤਕ ਅਦਾਰਾ ਹੈ। ਇਹ ਪੰਜਾਬੀ ਭਾਸ਼ਾ ਦੇ ਵਿਕਾਸ ਦੇ ਨਾਲ-ਨਾਲ ਹਿੰਦੀ ਭਾਸ਼ਾ ਦੇ ਵਿਕਾਸ, ਪ੍ਰਚਾਰ-ਪ੍ਰਸਾਰ ਲਈ ਵੀ ਕਾਰਜ ਕਰਦਾ ਹੈ।
ਹਿੰਦੀ ਭਾਸ਼ਾ ਨਾਲ ਸਬੰਧਤ ਵੱਖ-ਵੱਖ ਸਕੀਮਾਂ ਇਸ ਪ੍ਰਕਾਰ ਹਨ :-
1. ਸ਼੍ਰੋਮਣੀ ਹਿੰਦੀ ਸਾਹਿਤਕਾਰ ਦਾ ਸਨਮਾਨ:
ਪੰਜਾਬ ਸਰਕਾਰ ਨੇ ਹਿੰਦੀ ਦੇ ਮੰਨੇ ਪ੍ਰਮੰਨੇ ਸਾਹਿਤਕਾਰਾਂ ਨੂੰ ਉਨ੍ਹਾਂ ਦੇ ਆਪਣੇ ਖੇਤਰ ਵਿੱਚ ਸਮੁਚੇ ਯੋਗਦਾਨ ਨੂੰ ਮੱਦੇਨਜ਼ਰ ਰੱਖਦੇ ਹੋਏ ਹਰ ਸਾਲ ਸਨਮਾਨਿਤ ਕਰਨ ਦੀ ਪਰੰਪਰਾ ਸ਼ੁਰੂ ਕੀਤੀ ਹੋਈ ਹੈ। ਸਾਲ 1952 ਤੋਂ ਸ਼ੁਰੂ ਕੀਤੇ ਇਸ ਪੁਰਸਕਾਰ ਅਧੀਨ ਪੰਜਾਬ ਦੇ ਵਾਸੀ ਜਾਂ ਪੰਜਾਬ ਵਿੱਚ ਜੰਮੇ ਪਲੇ ਹਿੰਦੀ ਲੇਖਕਾਂ ਵਿੱਚੋਂ ਇਕ ਦੀ ਚੋਣ ਕਰਕੇ ਹਰ ਸਾਲ ਉਸ ਨੂੰ ਸ਼੍ਰੋਮਣੀ ਹਿੰਦੀ ਸਾਹਿਤਕਾਰ ਵੱਜੋਂ ਸਨਮਾਨਿਤ ਕੀਤਾ ਜਾਂਦਾ ਹੈ ਜਿਸ ਦੇ ਤਹਿਤ 5,00,000/-ਰੁਪਏ ਦੀ ਨਕਦ ਰਾਸ਼ੀ ਦੇ ਨਾਲ ਇਕ ਸ਼ਾਲ, ਇਕ ਮੈਡਲ ਅਤੇ ਪਲੇਕ ਭੇਟ ਕੀਤਾ ਜਾਂਦਾ ਹੈ।
2. ਹਿੰਦੀ ਦੇ ਲੋੜਵੰਦ ਲੇਖਕਾਂ ਦੇ ਆਸ਼ਰਿਤ ਪਰਿਵਾਰਾਂ ਨੂੰ ਮਾਲੀ ਸਹਾਇਤਾ:
ਭਾਸ਼ਾ ਵਿਭਾਗ, ਪੰਜਾਬ ਆਰਥਿਕ ਪੱਖੋਂ ਕਮਜ਼ੋਰ ਹਿੰਦੀ ਲੇਖਕਾਂ ਦੇ ਆਸ਼ਰਿਤ ਪਰਿਵਾਰਾਂ ਨੂੰ ਹਰ ਸਾਲ ਮਾਲੀ ਸਹਾਇਤਾ ਦਿੰਦਾ ਹੈ ਤਾਂ ਜੋ ਉਹ ਆਪਣਾ ਜੀਵਨ-ਨਿਰਬਾਹ ਕਰ ਸਕਣ। ਵਿਭਾਗ ਵੱਲੋਂ ਚਲਾਈ ਜਾ ਰਹੀ ਇਸ ਸਕੀਮ ਅਧੀਨ 2500/- ਰੁਪਏ ਪ੍ਰਤੀ ਮਹੀਨਾ ਲੋੜਵੰਦ ਲੇਖਕ ਦੇ ਆਸ਼ਰਿਤ ਪਰਿਵਾਰਾਂ ਨੂੰ ਮਾਲੀ ਸਹਾਇਤਾ ਦਿੱਤੀ ਜਾਂਦੀ ਹੈ।
3. ਹਿੰਦੀ ਸਾਹਿਤ ਸਭਾਵਾਂ ਨੂੰ ਮਾਲੀ ਸਹਾਇਤਾ :-
ਵਿਭਾਗ ਵੱਲੋਂ ਹਿੰਦੀ ਭਾਸ਼ਾ ਅਤੇ ਹਿੰਦੀ ਸਾਹਿਤ ਦੀ ਸੇਵਾ ਵਿੱਚ ਜੁਟੀਆਂ ਰਜਿਸਟਰਡ ਸਾਹਿਤ ਸਭਾਵਾਂ/ਸੰਸਥਾਵਾਂ ਨੂੰ ਹਰ ਸਾਲ ਮਾਲੀ ਸਹਾਇਤਾ ਦੇਣ ਦੀ ਸਕੀਮ ਹੈ। ਵਿਭਾਗ ਵੱਲੋਂ ਚਲਾਈ ਜਾ ਰਹੀ ਇਸ ਸਕੀਮ ਅਧੀਨ 20,000/- ਰੁਪਏ ਦਾ ਸਾਲਾਨਾ ਬਜਟ ਉਪਬੰਧ ਪ੍ਰਵਾਨਿਤ ਹੈ ਜਿਸ ਨੂੰ ਹਰ ਸਾਲ ਪੰਜਾਬ ਦੀਆਂ 8 ਹਿੰਦੀ ਸਾਹਿਤ ਸਭਾਵਾਂ ਨੂੰ 2500/- ਰੁਪਏ ਪ੍ਰਤੀ ਸਹਿਤ ਸਭਾ ਸਹਾਇਤਾ ਦਿੱਤੀ ਜਾਣੀ ਹੁੰਦੀ ਹੈ।
4. ਹਿੰਦੀ ਲੇਖਕਾਂ ਨੂੰ ਪੈਨਸ਼ਨ :
ਵਿਭਾਗ ਵੱਲੋਂ ਆਰਥਿਕ ਮੰਦਹਾਲੀ ਵਿੱਚੋਂ ਗੁਜ਼ਰ ਰਹੇ ਹਿੰਦੀ ਦੇ ਉਘੇ ਲੇਖਕਾਂ ਨੂੰ 60 ਸਾਲ ਦੀ ਉਮਰ ਹੋ ਜਾਣ ਉਪਰੰਤ 5000/-ਰੁਪਏ ਪ੍ਰਤੀ ਮਹੀਨਾ ਪੈਨਸ਼ਨ ਦਿੱਤੀ ਜਾਂਦੀ ਹੈ, ਬਸ਼ਰਤੇ ਪ੍ਰਤੀ ਮਹੀਨਾ ਆਮਦਨ 1000/- ਰੁਪਏ ਤੋਂ ਵੱਧ ਨਾ ਹੋਵੇ।
5. ਸਰਵੋਤਮ ਹਿੰਦੀ ਸਾਹਿਤਕ ਪੁਸਤਕ ਪੁਰਸਕਾਰ
ਹਿੰਦੀ ਭਾਸ਼ਾ ਦੇ ਵਿਕਾਸ ਲਈ ਵਿਭਾਗ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਵਿੱਚ ਭਾਸ਼ਾ ਵਿਭਾਗ, ਪੰਜਾਬ ਵੱਲੋਂ ਹਰ ਸਾਲ ਹਿੰਦੀ ਵਿੱਚ ਵੱਖ ਵੱਖ ਵਿਧਾਵਾਂ ਜਿਨ੍ਹਾਂ ਵਿੱਚ ਕਵਿਤਾ ਲਈ ਗਿਆਨੀ ਸੰਤ ਸਿੰਘ ਪੁਰਸਕਾਰ, ਨਾਵਲ/ਕਹਾਣੀ, ਲਈ ਸੁਦਰਸ਼ਨ ਪੁਰਸਕਾਰ, ਨਾਟਕ/ਇਕਾਂਗੀ ਲਈ ਮੋਹਨ ਰਾਕੇਸ਼ ਪੁਰਸਕਾਰ, ਆਲੋਚਨਾ/ਸੰਪਾਦਨ ਲਈ ਇੰਦਰਨਾਥ ਮਦਾਲ ਪੁਰਸਕਾਰ, ਜੀਵਨ/ਸਫ਼ਰਨਾਮਾ ਲਈ ਗਿਆਨੀ ਗਿਆਨ ਸਿੰਘ ਪੁਰਸਕਾਰ ਅਤੇ ਹਿੰਦੀ ਦਾ ਬਾਲ ਸਾਹਿਤ ਪੁਰਸਕਾਰ ਸ਼ਾਮਲ ਹਨ, ਦੀਆਂ ਸਰਵੋਤਮ ਹਿੰਦੀ ਪੁਸਤਕਾਂ ਨੂੰ ਪੁਰਸਕਾਰ ਦਿਤੇ ਜਾਂਦੇ ਹਨ। ਪੁਰਸਕਾਰ ਵਜੋਂ ਪੁਸਤਕਾਂ ਦੇ ਲੇਖਕਾਂ ਨੂੰ 21,000/- ਰੁਪਏ ਨਕਦ ਰਾਸ਼ੀ, ਪਲੇਕ ਆਦਿ ਇਕ ਵਿਸ਼ਾਲ ਸਮਾਰੋਹ ਸਮੇਂ ਭੇਂਟ ਕੀਤੇ ਜਾਂਦੇ ਹਨ। ਇਸ ਮੁਕਾਬਲੇ ਲਈ ਪੰਜਾਬ ਦੇ ਵਾਸੀ ਜਾਂ ਅਧਿਵਾਸੀ ਲੇਖਕ ਆਪਣੀਆਂ ਕੈਲੰਡਰ ਸਾਲ ਦੌਰਾਨ ਛਪੀਆਂ ਹਿੰਦੀ ਪੁਸਤਕਾਂ ਦੀਆਂ ਚਾਰ-ਚਾਰ ਕਾਪੀਆਂ ਵਿਭਾਗ ਵਿੱਚ ਹਰ ਸਾਲ 31 ਮਾਰਚ ਤੱਕ ਭੇਜ ਸਕਦੇ ਹਨ।
6. ਹਿੰਦੀ ਪੁਸਤਕ ਦੇ ਵਧੀਆ ਛਪਾਈ ਪੁਰਸਕਾਰ :
ਇਸ ਸਕੀਮ ਅਧੀਨ ਵਿਭਾਗ ਵੱਲੋਂ ਹਰ ਸਾਲ ਹਿੰਦੀ ਦੀਆਂ ਵਧੀਆ ਛਪੀਆਂ ਪੁਸਤਕਾਂ ਦੇ ਪ੍ਰਕਾਸ਼ਕਾਂ ਨੂੰ ਪੁਰਸਕਾਰ ਵਜੋਂ 11,000/- ਰੁਪਏ ਤੇ ਇਕ ਪਲੇਕ ਭੇਟ ਕੀਤੀ ਜਾਂਦੀ ਹੈ। ਇਸ ਮੁਕਾਬਲੇ ਲਈ ਪੰਜਾਬ ਦੇ ਵਾਸੀ ਜਾਂ ਅਧਿਵਾਸੀ ਲੇਖਕ ਆਪਣੀਆਂ ਕੈਲੰਡਰ ਸਾਲ ਦੌਰਾਨ ਛਪੀਆਂ ਹਿੰਦੀ ਪੁਸਤਕਾਂ ਦੀਆਂ ਦੋ-ਦੋ ਕਾਪੀਆਂ ਵਿਭਾਗ ਵਿੱਚ ਹਰ ਸਾਲ 31 ਮਾਰਚ ਤੱਕ ਭੇਜ ਸਕਦੇ ਹਨ।
7. ਹਿੰਦੀ ਸਾਹਿਤ ਮੁਕਾਬਲੇ/ ਕਵਿਤਾ ਗਾਇਣ ਮੁਕਾਬਲੇ:-
ਇਸ ਸਕੀਮ ਅਧੀਨ ਲੇਖਕਾਂ ਵਿੱਚ ਹਿੰਦੀ ਭਾਸ਼ਾ ਵਿੱਚ ਮੌਲਿਕ ਲੇਖਨ ਪ੍ਰਤੀ ਰੁਚੀ ਪੈਦਾ ਕਰਨ ਦੇ ਮੰਤਵ ਨਾਲ ਵਿਭਾਗ ਵੱਲੋਂ ਹਿੰਦੀ ਵਿੱਚ ਕਹਾਣੀ, ਇਕਾਂਗੀ, ਨਿਬੰਧ ਲਿਖਣ ਅਤੇ ਗਾਇਣ ਦਾ ਸਾਹਿਤਕ ਮੁਕਾਬਲਾ ਕਰਵਾਇਆ ਜਾਂਦਾ ਹੈ ਅਤੇ ਜੇਤੂਆਂ ਨੂੰ ਪਹਿਲੇ, ਦੂਜੇ ਅਤੇ ਤੀਜੇ ਸਥਾਨ ਤੇ ਕ੍ਰਮਵਾਰ 1,000, 750 ਅਤੇ 500 ਰੁਪਏ ਦਾ ਨਕਦ ਪੁਰਸਕਾਰ ਦਿੱਤਾ ਜਾਂਦਾ ਹੈ।
8. ਸਰਵੋਤਮ ਪੁਸਤਕਾਂ ਦਾ ਪੰਜਾਬੀ ਅਨੁਵਾਦ
ਇਸ ਸਕੀਮ ਅਧੀਨ ਵਿਭਾਗ ਵੱਲੋਂ ਹਿੰਦੀ ਦੀਆਂ ਸਰਵੋਤਮ ਪੁਸਤਕਾਂ ਨੂੰ ਪੰਜਾਬੀ ਵਿੱਚ ਅਨੁਵਾਦ ਅਤੇ ਪੰਜਾਬੀ ਦੀਆਂ ਸਰਵੋਤਮ ਪੁਸਤਕਾਂ ਨੂੰ ਹਿੰਦੀ ਵਿੱਚ ਅਨੁਵਾਦ ਕਰਵਾ ਕੇ ਪਾਠਕਾਂ ਨੂੰ ਭੇਂਟ ਕੀਤੀਆਂ ਜਾਂਦੀਆਂ ਹਨ । ਇਸ ਯੋਜਨਾ ਰਾਹੀਂ ਦੋਵੇਂ ਭਾਸ਼ਾਵਾਂ ਦੇ ਵਿਕਾਸ ਵਿੱਚ ਵੱਡਮੁੱਲਾ ਯੋਗਦਾਨ ਪਾਇਆ ਜਾਂਦਾ ਹੈ। ਵਿਭਾਗ ਬਹੁਤ ਸਾਰੀਆਂ ਉਤਮ ਸਾਹਿਤਕ ਪੁਸਤਕਾਂ ਨੂੰ ਅਨੁਵਾਦ ਕਰਵਾ ਚੁੱਕਾ ਹੈ।
9. ਹਿੰਦੀ ਬਾਲ ਸਾਹਿਤ ਦਾ ਪ੍ਰਕਾਸ਼ਨ :
ਭਾਸ਼ਾ ਵਿਭਾਗ ਬੱਚਿਆਂ ਨੂੰ ਉਨ੍ਹਾਂ ਦੇ ਸਾਹਿਤ, ਸਭਿਆਚਾਰ ਅਤੇ ਇਤਿਹਾਸਕ ਵਿਰਸੇ ਨੂੰ ਜਾਣੂ ਕਰਵਾਉਣ ਲਈ ਹਿੰਦੀ ਵਿੱਚ ਬਾਲ ਸਾਹਿਤ ਦਾ ਪ੍ਰਕਾਸ਼ਨ ਕਰਵਾ ਰਿਹਾ ਹੈ। ਇਸ ਨਾਲ ਹਿੰਦੀ ਵਿੱਚ ਬਾਲ ਸਾਹਿਤ ਤਿਆਰ ਕਰਨਾ ਅਤੇ ਛਪਵਾਉਣਾ ਪੰਜਾਬ ਦੇ ਬੱਚਿਆਂ ਤੇ ਮਾਨਸਿਕ ਤੇ ਬੌਧਿਕ ਵਿਕਾਸ ਲਈ ਬਹੁਤ ਲਾਭਦਾਇਕ ਹੋਵੇਗਾ। ਪੰਜਾਬ ਤੋਂ ਬਾਹਰ ਰਹਿਣ ਵਾਲੇ ਬੱਚੇ ਵੀ ਪੰਜਾਬ ਅਤੇ ਇਸ ਦੇ ਸਾਹਿਤਕ ਸਭਿਆਚਾਰਕ ਅਤੇ ਧਾਰਮਿਕ ਵਿਰਸੇ ਬਾਰੇ ਭਰਪੂਰ ਜਾਣਕਾਰੀ ਪ੍ਰਾਪਤ ਕਰ ਸਕਣਗੇ।
10. ਹਿੰਦੀ ਦੇ ਸ੍ਰੇਸ਼ਠ ਸਾਹਿਤਯ ਦਾ ਪ੍ਰਕਾਸ਼ਨ ਕਰਵਾਉਣਾ :
ਭਾਸ਼ਾ ਵਿਭਾਗ, ਪੰਜਾਬ ਸੁਪ੍ਰਸਿੱਧ ਹਿੰਦੀ ਸਾਹਿਤਕਾਰਾਂ ਦੀਆਂ ਸ੍ਰੇਸ਼ਠ ਰਚਨਾਵਾਂ ਨੂੰ ਹਰੇਕ ਵਰ੍ਹੇ 'ਵਰਸ਼ ਕਾ ਸ੍ਰੇਸ਼ਠ ਹਿੰਦੀ ਸਾਹਿਤਯ' ਯੋਜਨਾ ਅਧੀਨ ਸੰਪਾਦਿਤ ਕਰਵਾ ਕੇ ਪ੍ਰਕਾਸ਼ਿਤ ਕਰਵਾਉਂਦਾ ਹੈ। ਹੁਣ ਤੱਕ ਇਸ ਦੇ ਬਹੁਤ ਸਾਰੇ ਸੰਕਲਨ ਤਿਆਰ ਕਰਵਾਏ ਜਾ ਚੁੱਕੇ ਹਨ ਜਿਵੇਂ ਪੰਜਾਬ ਕੀ ਸਰਵੋਤਮ ਹਿੰਦੀ ਕਹਾਣੀ ਵਰਸ਼-1984-85, ਹਿੰਦੀ ਕਵਿਤਾ ਵਰਸ਼-1986, ਹਿੰਦੀ ਇਕਾਂਗੀ ਵਰਸ਼-1987, ਹਿੰਦੀ ਨਿਬੰਧ ਵਰਸ਼-1986, ਸਰਵੋਤਮ ਹਿੰਦੀ ਸਾਹਿਤਯ ਵਰਸ਼-1989-90, ਸਰਵੋਤਮ ਹਿੰਦੀ ਕਹਾਨੀ ਵਰਸ਼-1991, ਸਰਵੋਤਮ ਹਿੰਦੀ ਕਵਿਤਾ ਵਰਸ਼-1992 ਆਦਿ ਵਿਭਾਗ ਵੱਲੋਂ ਤਿਆਰ ਕਰਵਾਏ ਜਾ ਚੁੱਕੇ ਹਨ। ਇਸ ਨਾਲ ਹਿੰਦੀ ਲੇਖਕਾਂ ਵਿੱਚ ਲਿਖਣ ਦੀ ਰੁਚੀ ਪੈਦਾ ਹੋਈ ਹੈ ਅਤੇ ਹਿੰਦੀ ਸਾਹਿਤ ਦੇ ਇਤਿਹਾਸ ਵਿੱਚ ਜਾਣਕਾਰੀ ਭਰਪੂਰ ਵਾਧਾ ਹੋਇਆ ਹੈ।
11. ਹਿੰਦੀ ਦਿਵਸ ਦਾ ਆਯੋਜਨ :
ਹਿੰਦੀ ਭਾਸ਼ਾ ਦੇ ਵਿਕਾਸ ਦੀ ਮਹੱਤਤਾ ਨੂੰ ਮੁੱਖ ਰੱਖਦੇ ਹੋਏ ਹਰ ਸਾਲ ਹਿੰਦੀ ਦਿਵਸ ਦਾ ਆਯੋਜਨ ਕੀਤਾ ਜਾਂਦਾ ਹੈ ਜਿਸ ਵਿੱਚ ਹਿੰਦੀ ਦੇ ਵਿਕਾਸ ਅਤੇ ਪ੍ਰਚਾਰ ਪ੍ਰਸਾਰ ਲਈ ਉੱਘੇ ਵਿਦਵਾਨਾਂ ਪਾਸੋਂ ਭਾਸ਼ਣ/ਖੋਜ-ਪੱਤਰ ਲਿਖਵਾਏ ਜਾਂਦੇ ਹਨ।