ਭਾਸ਼ਾ ਵਿਭਾਗ ਪੰਜਾਬ, ਪੰਜਾਬੀ ਭਾਸ਼ਾ, ਸਾਹਿਤ ਅਤੇ ਸਭਿਆਚਾਰ ਨੂੰ ਸਿੱਧੇ ਤੌਰ ਤੇ ਵਾਬਸਤਾ ਹੈ । ਇਸ ਵਿਭਾਗ ਨੇ ਜਿੱਥੇ ਹੋਰਨਾਂ ਸਾਹਿਤਕਾਰ ਖੋਜ ਵਿਦਵਾਨਾਂ ਦੇ ਸਹਿਯੋਗ ਨਾਲ ਭਾਸ਼ਾ, ਸਾਹਿਤ ਦੀ ਤਰੱਕੀ ਲਈ ਅਨੇਕਾਂ ਸਕੀਮਾਂ ਚਲਾਈਆਂ ਹਨ ਉਥੇ ਪੰਜਾਬ ਦੀਆਂ ਅਹਿਮ ਅਤੇ ਇਤਿਹਾਸਕ ਥਾਵਾਂ ਦਾ ਸਰਵੇ ਕਰਵਾ ਕੇ ਹਵਾਲਾ ਪੁਸਤਕਾਂ ਵੀ ਤਿਆਰ ਕੀਤੀਆਂ ਹਨ । ਇਹ ਪੁਸਤਕਾਂ ਇਕ ਪਾਸੇ ਅੱਜ ਦੀ ਪੀੜ੍ਹੀ ਨੂੰ ਆਪਣੇ ਵਿਰਸੇ ਨਾਲ ਜੋੜਦੀਆਂ ਹਨ ਅਤੇ ਦੂਜੇ ਪਾਸੇ ਆਉਣ ਵਾਲੀਆਂ ਨਸਲਾਂ ਨੂੰ ਆਪਣੇ ਇਸ ਕੀਮਤੀ ਵਿਰਸੇ ਦੀ ਸੰਭਾਲ ਅਤੇ ਵਿਕਾਸ ਬਾਰੇ ਸੂਚਿਤ ਕਰਦੀਆਂ ਹਨ । ਭਾਸ਼ਾਈ ਅਤੇ ਸਭਿਆਚਾਰਕ ਸਰਵੇਖਣ ਭਾਸ਼ਾ ਵਿਭਾਗ ਦੀ ਇਕ ਮਹੱਤਵਪੂਰਨ ਸਕੀਮ ਹੈ । ਇਸ ਸਕੀਮ ਅਧੀਨ ਵਿਭਾਗ ਵੱਲੋਂ ਪੰਜਾਬ ਦੇ ਉਨ੍ਹਾਂ ਪ੍ਰਮੁੱਖ ਸਥਾਨਾਂ ਦਾ ਸਰਵੇ ਕਰਵਾਇਆ ਜਾਂਦਾ ਹੈ ਜੋ ਇਤਿਹਾਸਕ, ਭੂਗੋਲਿਕ, ਧਾਰਮਿਕ ਤੇ ਸਭਿਆਚਾਰਕ ਮਹੱਤਤਾ ਵਾਲੇ ਸਥਾਨ ਹਨ । ਪੰਜਾਬ ਦੀ ਸਰਬੰਗੀ ਤਸਵੀਰ ਦੇ ਹਰੇਕ ਅੰਗ ਨੂੰ ਨਿਖੇੜ ਕੇ ਜਾਣਨ ਅਤੇ ਉਸ ਨੂੰ ਆਧਾਰ ਬਣਾ ਕੇ ਪੰਜਾਬ ਦੇ ਭਾਸ਼ਾਈ ਤੇ ਸਭਿਆਚਾਰਕ ਨਿਰਮਾਣ ਦੀ ਵਿਉਂਤ ਬਣਾਉਣਾ ਇਸ ਸਰਵੇ ਦਾ ਇਕੋ - ਇਕ ਮਨੋਰਥ ਹੈ । ਇਤਿਹਾਸਕ ਪਿਛੋਕੜ ਵਾਲੀ ਪਾਵਨ ਭੂਮੀ , ਭਾਸ਼ਾਈ ਤੇ ਸਭਿਆਚਾਰਕ ਰੂਪ ਵਿੱਚ ਵਿਸ਼ਵ ਸਭਿਅਤਾ ਦਾ ਪੰਘੂੜਾ ਮੰਨੀ ਜਾਂਦੀ ਹੈ । ਇਸ ਲਈ ਮਾਨਵ ਸੰਸਕ੍ਰਿਤੀ ਦੇ ਵਿਕਾਸ ਵਿੱਚ ਯੋਗ ਹਿੱਸਾ ਪਾਉਣ ਲਈ ਪੰਜਾਬ ਦੇ ਇਕ - ਇਕ ਪਿੰਡ ਤੇ ਗਲੀ, ਮੁਹੱਲੇ ਦੀ ਧੜਕਣ ਸੁਣਨ ਲਈ ਵਿਭਾਗ ਵੱਲੋਂ ਨਵੀਨ ਵਿਗਿਆਨ ਦੀ ਸਹਾਇਤਾ ਨਾਲ ਸਾਲ 1969 ਤੋਂ ਸਰਵੇ ਦਾ ਕੰਮ ਆਰੰਭ ਕੀਤਾ ਗਿਆ ਹੈ ।
ਪਾਕਿਸਤਾਨ ਬਣਨ ਨਾਲ ਅਤੇ ਆਬਾਦੀ ਦੀ ਭਾਰੀ ਅਦਲਾ - ਬਦਲੀ ਕਾਰਣ ਪੰਜਾਬੀ ਭਾਸ਼ਾ ਤੇ ਸਭਿਆਚਾਰ ਵਿੱਚ ਰੰਗ - ਬਰੰਗਾ ਸੁਮੇਲ ਹੋ ਰਿਹਾ ਹੈ । ਅਜੋਕੀ ਨਵੀਂ ਪੀੜੀ ਜਿੱਥੇ ਨਵੇਂ ਸਭਿਆਚਾਰ ਨੂੰ ਉਭਾਰ ਰਹੀ ਹੈ ਉਥੇ ਹੀ ਪੁਰਾਣੇ ਬਜ਼ੁਰਗਾਂ ਨੇ ਅਜੇ ਆਪਣੀਆਂ ਉਪਭਾਸ਼ਾਵਾਂ ਤੇ ਉਚਾਰਣ - ਢੰਗਾਂ ਨੂੰ ਸੁਰੱਖਿਅਤ ਰੱਖਿਆ ਹੋਇਆ ਹੈ । ਭਾਸ਼ਾ ਵਿਭਾਗ ਇਸ ਪਾਸੇ ਯਤਨਸ਼ੀਲ ਹੈ ਕਿ ਆਪਣੇ ਇਸ ਵਡਮੁੱਲੇ ਵਿਰਸੇ ਨੂੰ ਸੰਭਾਲ ਕੇ ਰੱਖਿਆ ਜਾਵੇ ਤਾਂ ਕਿ ਆਉਣ ਵਾਲੀਆਂ ਪੀੜੀਆਂ ਇਸ ਤੋਂ ਲਾਭ ਉਠਾ ਸਕਣ ! ਸਰਵੇ ਸਕੀਮ ਅਧੀਨ ਇਤਿਹਾਸਕ , ਧਾਰਮਿਕ ਅਤੇ ਸਭਿਆਚਾਰਕ ਪਿਛੋਕੜ ਵਾਲੇ ਕਿਸੇ ਇਕ ਖੇਤਰ ਦੀ ਚੋਣ ਕਰਨ ਉਪਰੰਤ ਵਿਦਵਾਨਾਂ ਲੇਖਕਾਂ ਨੂੰ ਜਿਹੜੇ ਉਸ ਪਿੰਡ/ਨਗਰ ਬਾਰੇ ਵਿਸ਼ੇਸ਼ ਜਾਣਕਾਰੀ ਰੱਖਦੇ ਹੋਣ, ਉਸ ਇਲਾਕੇ ਦੇ ਉਪਰੋਕਤ ਪੱਖਾਂ ਬਾਰੇ ਇਕ ਪ੍ਰਸ਼ਨਾਵੱਲੀ ਤਿਆਰ ਕਰਕੇ ਭੇਜੀ ਜਾਂਦੀ ਹੈ । ਇਸ ਪ੍ਰਸ਼ਨਾਵੱਲੀ ਦੇ ਆਧਾਰ ਤੇ ਸਬੰਧਤ ਖੇਤਰ ਦੇ ਪੁਰਾਣੇ ਅਤੇ ਇਤਿਹਾਸਕ, ਤੇ ਧਾਰਮਿਕ ਜਾਣਕਾਰੀ ਰੱਖਣ ਵਾਲੇ ਲੋਕਾਂ ਨਾਲ ਮੁਲਾਕਾਤਾਂ ਕਰਕੇ ਉਨ੍ਹਾਂ ਦੇ ਕਥਨਾਂ - ਸ਼ਬਦਾਵਲੀ ਨੂੰ ਖਰੜੇ ਦੇ ਰੂਪ ਵਿਚ ਲਿਖਿਆ ਜਾਂਦਾ ਹੈ । ਇਸ ਤੋਂ ਇਲਾਵਾ ਉਥੋਂ ਦੀਆਂ ਇਤਿਹਾਸਕ ਤੇ ਧਾਰਮਿਕ ਪਿਛੋਕੜ ਵਾਲੀਆਂ ਪੁਰਾਤੱਤਵ ਵਸਤਾਂ, ਥਾਵਾਂ ਬਾਰੇ ਤਸਵੀਰਾਂ ਸਮੇਤ ਜਾਣਕਾਰੀ ਭਰਪੂਰ ਲੇਖ ਤਿਆਰ ਕੀਤੇ ਜਾਂਦੇ ਹਨ ਅਤੇ ਪੁਸਤਕ ਰੂਪ ਵਿੱਚ ਛਾਪਿਆ ਜਾਂਦਾ ਹੈ । ਸਰਵੇ ਪੁਸਤਕਾਂ ਵਿੱਚ ਲੋਕ ਸਾਹਿਤ ਦੇ ਨਾਲ ਨਾਲ ਉਸ ਖੇਤਰ ਦੇ ਪੁਰਾਤਨ, ਇਤਿਹਾਸ, ਮਿਥਿਹਾਸ, ਸੱਭਿਆਚਾਰਕ ਅਤੇ ਭੂਗੋਲਿਕ ਪੱਖਾਂ ਉਤੇ ਵੀ ਰੌਸ਼ਨੀ ਪਾਈ ਜਾਂਦੀ ਹੈ ਤਾਂ ਜੋ ਪੰਜਾਬੀ ਦਾ ਜਨਮ ਦਾਤਾ ਪੰਜਾਬ ਆਪਣੀ ਪ੍ਰਤਿਭਾ ਦਾ ਲਿਸ਼ਕਾਰਾ ਦੇਖ ਸਕੇ । ਇਸ ਸਕੀਮ ਅਧੀਨ ਹੁਣ ਤੱਕ ਵਿਭਾਗ ਵੱਲੋਂ ਤਿਆਰ ਕਰਵਾਕੇ ਛਪਵਾਈਆਂ ਗਈਆਂ ਪੁਸਤਕਾਂ ਸਬੰਧੀ ਜਾਣਕਾਰੀ ਪੁਸਤਕ ਸੂਚੀ ਵਿੱਚ ਉਪਲਬੱਧ ਹੈ ।