ਮਾਨਵੀ ਖਿਆਲਾਂ ਦੀ ਰਵਾਨਗੀ ਨੂੰ ਇਕ ਦੂਜੇ ਤੱਕ ਪਹੁੰਚਾਉਣ ਲਈ ਸ਼ਬਦ ਹੀ ਇਕੋ ਇਕ ਮਾਧਿਅਮ ਹੈ। ਇਨ੍ਹਾਂ ਨੂੰ ਵਰਗੀਕ੍ਰਿਤ ਕਰਨ ਲਈ ਭਾਸ਼ਾ ਹੋਂਦ ਵਿੱਚ ਆਈ। ਵੱਖ-ਵੱਖ ਵਿਸ਼ਿਆਂ ਦੀਆਂ ਸ਼ਬਦਾਵਲੀਆਂ ਤਿਆਰ ਕਰਨ ਲਈ ਭਾਸ਼ਾ ਵਿਭਾਗ, ਪੰਜਾਬ ਵੱਲੋਂ ਸ਼ਬਦਾਵਲੀ ਭਾਗ ਦੀ ਸਥਾਪਨਾ ਕੀਤੀ ਗਈ ਹੈ।
ਸੰਨ 1948 ਤੋਂ ਪਹਿਲਾਂ, ਪੰਜਾਬੀ ਕੇਵਲ ਸਹਿਤ ਦਾ ਮਾਧਿਅਮ ਰਹੀ। ਸੁਤੰਤਰਤਾ ਪ੍ਰਾਪਤੀ ਉਪਰੰਤ ਸਿੱਖਿਆ ਵਿੱਚ ਮਾਧਿਅਮ ਪਰਿਵਰਤਨ ਦੇ ਮਹੱਤਵਪੂਰਨ ਮਸਲੇ ਵੱਲ ਉਚੇਚਾ ਧਿਆਨ ਦਿਤਾ ਗਿਆ। ਸੁਤੰਤਰਤਾ ਪ੍ਰਾਪਤੀ ਤੋਂ ਪਹਿਲਾਂ ਮਾਨਵੀ ਗਿਆਨ ਅਤੇ ਵਿਗਿਆਨ ਦੇ ਵਿਸ਼ੇ ਫ਼ਾਰਸੀ ਅਤੇ ਅੰਗ੍ਰੇਜ਼ੀ ਭਾਸ਼ਾਵਾਂ ਵਿੱਚ ਚਲਦੇ ਰਹੇ ਕਿਉਂਕਿ ਉਦੋਂ ਪੰਜਾਬ ਦੀਆਂ ਸਰਕਾਰਾਂ ਫ਼ਾਰਸੀ ਅਤੇ ਅੰਗ੍ਰੇਜ਼ੀ ਭਾਸ਼ਾਵਾਂ ਦੀਆਂ ਮੁਦੱਈ ਸਨ। ਸੁਤੰਤਰਤਾ ਪ੍ਰਾਪਤੀ ਤੋਂ ਬਾਅਦ ਪੈਪਸੂ ਸਰਕਾਰ ਦੇ ਮਹਿਕਮਾ ਪੰਜਾਬੀ ਵੱਲੋਂ ਸਕੂਲਾਂ ਦੇ ਬੱਚਿਆਂ ਨੂੰ ਆਪਣੀ ਮਾਂ ਬੋਲੀ ਵਿੱਚ ਪੜ੍ਹਾਈ ਕਰਵਾਉਣ ਲਈ ਸਕੂਲਾਂ ਦੇ ਮਜ਼ਮੂਨਾਂ ਦੀ ਸ਼ਬਦਾਵਲੀ ਬਣਾਉਣ ਦਾ ਕੰਮ, ਰਾਜ ਦੇ ਪੰਜਾਬੀ ਵਿਭਾਗ (ਭਾਸ਼ਾ ਵਿਭਾਗ) ਨੂੰ ਸੌਂਪਿਆ ਗਿਆ। (ਸਿੱਟੇ ਵਜੋਂ ਹਿਸਾਬ, ਘਰੋਗੀ ਲੇਖਾ, ਇਤਿਹਾਸ, ਭੂਗੋਲ, ਸਿਹਤ-ਵਿਗਿਆਨ, ਸਰੀਰਕ-ਵਿਗਿਆਨ, ਤੋਲ ਤੇ ਮਾਪ, ਰਸਾਇਣ ਵਿਗਿਆਨ, ਪਦਾਰਥ ਵਿਗਿਆਨ ਅਤੇ ਖੇਤੀਬਾੜੀ ਦੀਆਂ ਸ਼ਬਦਾਵਲੀਆਂ ਸਬੰਧੀ ਪੁਸਤਕਾਂ ਛਾਪੀਆਂ ਗਈਆਂ ਜੋ ਪੰਜਾਬੀ ਵਿੱਚ ਸਕੂਲ ਪੱਧਰ ਦੀਆਂ ਪਾਠ ਪੁਸਤਕਾਂ ਤਿਆਰ ਕਰਨ ਸਮੇਂ ਬਹੁਤ ਲਾਹੇਵੰਦ ਸਿੱਧ ਹੋਈਆਂ। ਵੱਖ-ਵੱਖ ਵਿਸ਼ਿਆਂ ਦੀ ਵਿਗਿਆਨਕ ਅਤੇ ਤਕਨੀਕੀ ਸ਼ਬਦਾਵਲੀ ਨੂੰ ਹਿੰਦੀ ਰੂਪ ਦੇਣ ਦਾ ਕੰਮ, ਕੇਂਦਰੀ ਹਿੰਦੀ ਡਾਇਰੈਕਟੋਰੇਟ ਨੇ ਕੀਤਾ ਅਤੇ ਹੁਣ ਕਾਫ਼ੀ ਸਮੇਂ ਤੋਂ ਇਹ ਕੰਮ ਕੇਂਦਰ ਦੇ ਵਿਗਿਆਨ ਅਤੇ ਤਕਨੀਕੀ ਸ਼ਬਦਾਵਲੀ ਕਮਿਸ਼ਨ ਦੁਆਰਾ ਕੀਤਾ ਜਾ ਰਿਹਾ ਹੈ।) ਕੇਂਦਰ ਸਰਕਾਰ ਨੇ ਸੰਨ 1963 ਵਿੱਚ ਇਲਾਕਾਈ ਭਾਸ਼ਾਵਾਂ ਵਿੱਚ ਤਕਨੀਕੀ ਸ਼ਬਦਾਵਲੀ ਸਿਰਜਣ ਬਾਰੇ ਵੱਖ-ਵੱਖ ਰਾਜ ਸਰਕਾਰਾਂ ਨੂੰ ਹਦਾਇਤ ਕੀਤੀ। ਇਸ ਦਿਸ਼ਾ ਵਿੱਚ ਭਾਸ਼ਾ ਵਿਭਾਗ ਦੇ ਪਹਿਲੇ ਤਜਰਬੇ ਨੂੰ ਧਿਆਨ ਵਿੱਚ ਰੱਖਦਿਆਂ ਪੰਜਾਬ ਦੀਆਂ ਸਾਰੀਆਂ ਯੂਨੀਵਰਸਿਟੀਆਂ ਅਤੇ ਸਿੱਖਿਆ ਵਿਭਾਗ ਨੇ ਸਰਬ-ਸੰਮਤੀ ਨਾਲ ਇਹ ਫੈਸਲਾ ਕੀਤਾ ਕਿ ਇਹ ਕੰਮ ਭਾਸ਼ਾ ਵਿਭਾਗ ਹੀ ਕਰੇਗਾ।
ਤਕਨੀਕੀ ਸ਼ਬਦਾਵਲੀ ਕਮਿਸ਼ਨ ਵੱਲੋਂ ਮਿੱਥੇ ਨਿਯਮਾਂ ਨੂੰ ਮੁੱਖ ਰੱਖਦੇ ਹੋਏ ਯੂਨੀਵਰਸਿਟੀ ਪੱਧਰ ਤੱਕ ਦੀ ਸਿੱਖਿਆ ਲਈ ਤਕਨੀਕੀ ਸ਼ਬਦਾਵਲੀ ਸਿਰਜਣ ਦਾ ਕੰਮ ਆਰੰਭਿਆ ਗਿਆ। ਵਿਭਾਗ ਵੱਲੋਂ ਹੁਣ ਤੱਕ ਵਿਗਿਆਨ ਅਤੇ ਆਰਟਸ ਦੇ 35 ਵਿਸ਼ਿਆਂ ਦੀਆਂ ਗਲਾਸਰੀਆਂ ਪ੍ਰਕਾਸ਼ਿਤ ਕੀਤੀਆਂ ਜਾ ਚੁੱਕੀਆਂ ਹਨ ਜਿਵੇਂ ਕਿ ਭੌਤਿਕ ਵਿਗਿਆਨ, ਰਸਾਇਣ ਵਿਗਿਆਨ, ਬਨਸਪਤੀ-ਵਿਗਿਆਨ, ਪ੍ਰਾਣੀ ਵਿਗਿਆਨ, ਭੂ-ਵਿਗਿਆਨ, ਭੂਗੋਲ, ਗਣਿਤ, ਰਾਜਨੀਤੀ ਵਿਗਿਆਨ, ਲੋਕ ਪ੍ਰਸ਼ਾਸਨ, ਨਾਗਰਿਕ ਸ਼ਾਸਤਰ, ਅਰਥ ਵਿਗਿਆਨ, ਇਤਿਹਾਸ, ਦਰਸ਼ਨ ਸ਼ਾਸਤਰ, ਸਮਾਜ ਵਿਗਿਆਨ, ਮਨੋਵਿਗਿਆਨ, ਸਿੱਖਿਆ, ਸਰੀਰਕ ਸਿੱਖਿਆ, ਖੇਤੀ ਵਿਗਿਆਨ, ਭਾਸ਼ਾ ਵਿਗਿਆਨ, ਸੰਗੀਤ, ਲਲਿਤ ਕਲਾ, ਵਣ-ਵਿਗਿਆਨ, ਪਦਨਾਮ, ਪੱਤਰਕਾਰੀ, ਕਾਨੂੰਨ ਲਾਇਬ੍ਰੇਰੀ-ਵਿਗਿਆਨ ਅਤੇ ਇੰਜੀਨੀਅਰਿੰਗ (ਜਿਲਦ-1) ਆਦਿ। ਇਸ ਤੋਂ ਇਲਾਵਾ ਅੰਗਰੇਜ਼ੀ-ਪੰਜਾਬੀ ਪ੍ਰਬੰਧਕੀ ਸ਼ਬਦਾਵਲੀ ਦਾ ਸੋਧਿਆ ਅਤੇ ਵਿਸਤ੍ਰਿਤ ਛੇਵਾਂ ਐਡੀਸ਼ਨ 2010 ਵਿਚ ਪ੍ਰਕਾਸ਼ਤ ਕੀਤਾ ਜਾ ਚੁੱਕਾ ਹੈ। ਸਭਿਆਚਾਰ, ਮਾਨਵ ਵਿਗਿਆਨ, ਸੁਰੱਖਿਆ ਵਿਗਿਆਨ ਵਿਸ਼ਿਆਂ ਦੀ ਪਹਿਲੀ ਐਡੀਸ਼ਨ, ਸਾਹਿਤ, ਸਰੀਰਕ ਸਿੱਖਿਆ, ਮਨੋਵਿਗਿਆਨ ਜਿਲਦ ਪਹਿਲੀ ਅਤੇ ਦੂਜੀ, ਖੇਤੀ ਵਿਗਿਅਨ ਦਾ ਦੂਜਾ ਐਡੀਸ਼ਨ ਅਤੇ ਅਰਥ ਵਿਗਿਆਨ, ਰਸਾਇਣ ਵਿਗਿਆਨ, ਰਾਜਨੀਤੀ ਵਿਗਿਆਨ ਦੀ ਤੀਜੀ ਐਡੀਸ਼ਨ ਅਤੇ ਕਾਨੂੰਨੀ ਸ਼ਬਦਾਵਲੀ ਛਪਾਈ ਅਧੀਨ ਹਨ। ਬਜਟ, ਪ੍ਰਬੰਧਕੀ ਸ਼ਬਦਾਵਲੀ ਵੈਬਸਾਈਟ ਤੇ ਪਾਈਆਂ ਜਾ ਚੁੱਕੀਆਂ ਹਨ। ਸਰਕਾਰ ਵੱਲੋਂ ਨਿਸ਼ਚਿਤ ਕੀਤੀਆਂ ਮਾਹਿਰ ਕਮੇਟੀਆਂ ਦੁਆਰਾ ਇਨ੍ਹਾਂ ਮਜ਼ਮੂਨਾਂ ਦੀ ਵੈਟਿੰਗ ਕੀਤੇ ਜਾਣ ਉਪਰੰਤ ਇਨ੍ਹਾਂ ਗਲਾਸਰੀਆਂ ਦੀਆਂ ਦੂਜੀਆਂ ਐਡੀਸ਼ਨਾਂ ਵੀ ਪ੍ਰਕਾਸ਼ਿਤ ਕੀਤੀਆਂ ਜਾ ਰਹੀਆਂ ਹਨ।
ਇਹ ਕੰਮ ਭਾਰਤ ਸਰਕਾਰ ਦੇ ਵਿਗਿਆਨਕ ਅਤੇ ਤਕਨੀਕੀ ਸ਼ਬਦਾਵਲੀ ਕਮਿਸ਼ਨ ਵੱਲੋਂ ਮਿੱਥੇ ਹੇਠ ਲਿਖੇ ਨਿਯਮਾਂ ਅਨੁਸਾਰ ਨੇਪਰੇ ਚਾੜ੍ਹਿਆ ਜਾ ਰਿਹਾ ਹੈ :
(ੳ) ਅੰਤਰਰਾਸ਼ਟਰੀ ਪੱਧਰ ਤੇ ਵਰਤੀ ਜਾਣ ਵਾਲੀ ਵਿਗਿਆਨਕ ਅਤੇ ਤਕਨੀਕੀ ਸ਼ਬਦਾਵਲੀ ਜਿਉਂ ਦੀ ਤਿਉਂ ਹੀ ਅਪਣਾ ਲਈ ਜਾਵੇ।
(ਅ) ਜਿਨ੍ਹਾਂ ਤਕਨੀਕੀ ਸ਼ਬਦਾਂ ਦੀ ਵਰਤੋਂ ਅੰਤਰਰਾਸ਼ਟਰੀ ਪੱਧਰ ਤੇ ਨਹੀਂ ਹੁੰਦੀ, ਉਨ੍ਹਾਂ ਲਈ ਆਪਣੀ ਬੋਲੀ ਵਿੱਚੋਂ ਨਿੱਤ ਵਰਤੋਂ ਦੇ ਸ਼ਬਦ ਅਪਣਾ ਲਏ ਜਾਣ ਪਰ ਅਜਿਹਾ ਕਰਨ ਸਮੇਂ ਸਰਲਤਾ ਅਤੇ ਸਪੱਸ਼ਟਤਾ ਨੂੰ ਮੁੱਖ ਰੱਖਿਆ ਜਾਵੇ।
(ੲ) ਚਿੰਨ੍ਹਾਂ, ਫਾਰਮੂਲਿਆਂ, ਪ੍ਰਤੀਕਾਂ ਅਤੇ ਅੰਕ-ਪੱਧਤੀ ਨੂੰ ਬਿਨਾਂ ਕਿਸੇ ਅਦਲਾ ਬਦਲੀ ਦੇ, ਅੰਤਰਰਾਸ਼ਟਰੀ ਰੂਪ ਵਿੱਚ ਹੀ ਅਪਣਾਇਆ ਜਾਵੇ।
(ਸ) ਜਿਥੋਂ ਤੱਕ ਸੰਭਵ ਹੋਵੇ ਅੰਤਰਰਾਸ਼ਟਰੀ ਸ਼ਬਦਾਵਲੀ ਦਾ ਲਿਪੀਅੰਤਰਣ ਕਰਨ ਸਮੇਂ ਉਚਾਰਣ ਜਿਉਂ ਦਾ ਤਿਉਂ ਰੱਖਿਆ ਜਾਵੇ।
(ਹ) ਯੌਗਿਕ ਸ਼ਬਦਾਂ ਦੀ ਸਿਰਜਣਾ ਆਪਣੀ ਬੋਲੀ ਦੀ ਮੂਲ ਪ੍ਰਕਿਰਤੀ ਅਨੁਸਾਰ ਕੀਤੀ ਜਾਵੇ। ਸ਼ਬਦਾਵਲੀਆਂ ਦਾ ਮਜ਼ਮੂਨਵਾਰ ਪ੍ਰਕਾਸ਼ਿਤ ਕਰਨਾ ਨਾ ਕੇਵਲ ਅਧਿਆਪਕਾਂ, ਵਿਦਿਆਰਥੀਆਂ, ਪ੍ਰਕਾਸ਼ਕਾਂ ਤੇ ਲੇਖਕਾਂ ਲਈ ਹੀ ਲਾਭਦਾਇਕ ਸਾਬਿਤ ਹੋਇਆ ਸਗੋਂ ਇਸ ਨੇ ਪੰਜਾਬੀ ਭਾਸ਼ਾ ਦੇ ਵਿਕਾਸ ਨੂੰ ਨਵਾਂ ਮੋੜ ਪ੍ਰਦਾਨ ਕੀਤਾ। ਜਿਸ ਨੂੰ ਆਧਾਰ ਬਣਾ ਕੇ ਪੰਜਾਬੀ ਸਰਬ-ਸਮਰੱਥ ਭਾਸ਼ਾ ਬਣੀ। ਇਸ ਦੀਆਂ ਸ਼ਬਦ ਸਿਰਜਣ ਦੀਆਂ ਸੰਭਾਵਨਾਵਾਂ ਉੱਭਰ ਕੇ ਸਾਹਮਣੇ ਆਈਆਂ। ਭਾਸ਼ਾ ਵਿਭਾਗ ਲਈ ਇਹ ਮਾਣ ਵਾਲੀ ਗੱਲ ਹੈ ਕਿ ਇਸ ਨੂੰ ਸੌਂਪੇ ਹੋਏ ਕੰਮਾਂ ਨੂੰ ਵਿਭਾਗ ਨੇ ਪੂਰਾ ਕੀਤਾ ਅਤੇ ਅੱਗੇ ਲਈ ਨਿਰੰਤਰ ਯਤਨਸ਼ੀਲ ਹੈ। ਵਿਭਾਗ ਵੱਲੋਂ ਹੁਣ ਤੱਕ ਪ੍ਰਕਾਸ਼ਿਤ ਵੱਖ ਵੱਖ ਵਿਸ਼ਿਆਂ ਦੀਆਂ ਸ਼ਬਦਾਵਲੀਆਂ ਦਾ ਵੇਰਵਾ ਪੁਸਤਕ ਸੂਚੀ ਵਿੱਚ ਦਰਜ ਹੈ।