ਪੁਸਤਕਾਂ ਦਾ ਭੰਡਾਰ ਸਾਹਿਤ ਦਾ ਵੱਡਮੁੱਲਾ ਖਜ਼ਾਨਾ ਹੈ ਇਸ ਦਾ ਮਹੱਤਵ ਸਭ ਤੋਂ ਵੱਧ ਖੋਜਾਰਥੀ/ਪਾਠਕ/ ਵਿਦਿਆਰਥੀ ਹੀ ਜਾਣ ਸਕਦੇ ਹਨ।
ਭਾਸ਼ਾ ਵਿਭਾਗ ਦੀ ਹਵਾਲਾ ਲਾਇਬ੍ਰੇਰੀ ਵਿੱਚ ਪੰਜਾਬੀ ਭਾਸ਼ਾ, ਸਾਹਿਤ, ਸਭਿਆਚਾਰ ਨਾਲ ਸਬੰਧਤ ਦੁਰਲਭ ਪੁਸਤਕਾਂ ਮੌਜੂਦ ਹਨ। ਇਸ ਸਮੇਂ ਲਾਇਬ੍ਰੇਰੀ ਵਿੱਚ ਪੰਜਾਬੀ, ਹਿੰਦੀ, ਉਰਦੂ, ਅੰਗਰੇਜ਼ੀ ਅਤੇ ਬਾਲ ਸਾਹਿਤ ਭਾਸ਼ਾਵਾਂ ਦੀਆਂ ਇਕ ਲੱਖ ਗਿਆਰਾਂ ਹਜ਼ਾਰ ਇਕ ਸੌ ਚਾਰ ਤੋਂ ਵੱਧ ਪੁਸਤਕਾਂ ਦਾ ਭੰਡਾਰ ਮੌਜੂਦ ਹੈ।
ਲਾਇਬ੍ਰੇਰੀ ਦੁਆਰਾ ਵਿਭਾਗ ਵਿੱਚ ਕੀਤੇ ਜਾਂਦੇ ਖੋਜ ਕਾਰਜਾਂ ਲਈ ਮੰਗ ਅਨੁਸਾਰ ਪੁਸਤਕਾਂ ਦੀ ਖਰੀਦ ਕੀਤੀ ਜਾਂਦੀ ਹੈ ਅਤੇ ਸਬੰਧਤ ਭਾਗਾਂ ਨੂੰ ਪੁਸਤਕਾਂ ਇਸ਼ੂ ਕੀਤੀਆਂ ਜਾਂਦੀਆਂ ਹਨ। ਇਸ ਤੋਂ ਇਲਾਵਾ ਦੇਸ਼ ਜਾਂ ਦੇਸ਼ ਤੋਂ ਬਾਹਰ ਪੰਜਾਬੀ ਭਾਸ਼ਾ ਵਿੱਚ ਛਪੀ ਪੁਸਤਕ ਨੂੰ ਹਵਾਲਾ ਲਾਇਬ੍ਰੇਰੀ ਲਈ ਖ਼ਰੀਦਿਆ ਜਾਂਦਾ ਹੈ ਤਾਂ ਕਿ ਪੰਜਾਬੀ ਪੁਸਤਕਾਂ ਸਬੰਧੀ ਮੁਕੰਮਲ ਰਿਕਾਰਡ ਰੱਖਿਆ ਜਾਵੇ।
ਲਾਇਬ੍ਰੇਰੀ ਵਿੱਚ ਹੁਣ ਤਕ ਖਰੀਦੀਆਂ ਪੰਜਾਬੀ, ਅੰਗਰੇਜ਼ੀ, ਹਿੰਦੀ, ਉਰਦੂ ਅਤੇ ਬਾਲ ਸਾਹਿਤ ਦੀਆਂ ਪੁਸਤਕਾਂ ਵਿੱਚ ਹਵਾਲਾ ਪੁਸਤਕਾਂ ਨੂੰ ਵੱਖਰੇ ਤੌਰ ਤੇ ਰੈਫਰੈਂਸ ਸੈਕਸ਼ਨ ਵਿੱਚ ਰੱਖਿਆ ਗਿਆ ਹੈ। ਵਿਭਾਗ ਦੁਆਰਾ ਪ੍ਰਕਾਸ਼ਿਤ ਪੁਸਤਕਾਂ ਦਾ ਰਿਕਾਰਡ ਵੱਖਰੇ ਤੌਰ ਤੇ ਰੱਖਿਆ ਜਾਂਦਾ ਹੈ। ਵਿਭਾਗ ਦੁਆਰਾ ਪ੍ਰਕਾਸ਼ਿਤ ਕੀਤੇ ਜਾਂਦੇ ਰਸਾਲਿਆਂ ਦਾ ਰਿਕਾਰਡ ਵੀ ਸਾਲ ਅਨੁਸਾਰ ਜਿਲਦਾਂ ਵਿੱਚ ਰੱਖਿਆ ਜਾਂਦਾ ਹੈ।
ਭਾਸ਼ਾ ਵਿਭਾਗ ਦੀ ਲਾਇਬ੍ਰੇਰੀ ਭਾਗ ਵਿੱਚ ਹੋ ਰਹੇ ਖੋਜ ਕਾਰਜਾਂ ਲਈ ਪੁਸਤਕਾਂ ਮੁਹੱਈਆ ਕਰਵਾਉਣ ਦੇ ਨਾਲ ਨਾਲ ਪੰਜਾਬੀ ਖੋਜਕਾਰ, ਲੇਖਕਾਂ, ਪੰਜਾਬੀ ਲਈ ਕੰਮ ਕਰ ਰਹੇ ਵਿਦਵਾਨਾਂ ਅਤੇ ਪੰਜਾਬੀ ਸਾਹਿਤ ਦੇ ਪਾਠਕਾਂ ਨੂੰ ਲੋੜੀਂਦੀ ਪੜ੍ਹਨ ਸਮਗਰੀ ਲਾਇਬ੍ਰੇਰੀ ਵਿੱਚੋਂ ਮੁਹੱਈਆ ਕੀਤੀ ਜਾਂਦੀ ਹੈ। ਦੇਸ਼-ਪ੍ਰਦੇਸ ਦੇ ਵੱਖ-ਵੱਖ ਕੋਨਿਆਂ ਤੋਂ ਖੋਜੀ ਵਿਦਵਾਨ ਲਾਇਬ੍ਰੇਰੀ ਵਿੱਚ ਆ ਕੇ ਹਵਾਲਾ ਪੁਸਤਕਾਂ ਦਾ ਲਾਭ ਉਠਾਉਂਦੇ ਹਨ। ਇਸ ਤਰ੍ਹਾਂ ਇਹ ਲਾਇਬ੍ਰੇਰੀ ਪੂਰੇ ਪੰਜਾਬ ਦੀ ਪ੍ਰਤੀਨਿਧਤਾ ਕਰ ਰਹੀ ਹੈ।
ਲਾਇਬ੍ਰੇਰੀ ਵਿੱਚ 592 ਪੁਰਾਤਨ ਹੱਥ-ਲਿਖਤਾਂ ਸੁਰੱਖਿਅਤ ਢੰਗ ਨਾਲ ਸੰਭਾਲੀਆਂ ਹੋਈਆਂ ਹਨ। ਲੋੜਵੰਦ ਵਿਦਵਾਨ ਵਿਭਾਗੀ ਨਿਯਮਾਂ ਅਨੁਸਾਰ ਇਨ੍ਹਾਂ ਦਾ ਲਾਭ ਉਠਾਉਂਦੇ ਹਨ।
ਇਸ ਤੋਂ ਇਲਾਵਾ ਵਿਭਾਗੀ ਹਵਾਲਾ ਲਾਇਬ੍ਰੇਰੀ ਵਿੱਚ ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਦੀਆਂ ਰੋਜ਼ਾਨਾ ਅਖ਼ਬਾਰਾਂ ਅਤੇ ਮਾਸਿਕ ਰਸਾਲੇ ਵੀ ਨਿਯਮਿਤ ਰੂਪ ਵਿੱਚ ਪ੍ਰਾਪਤ ਹੋ ਰਹੇ ਹਨ ਜਿਨ੍ਹਾਂ ਦਾ ਬਾਹਰੋਂ ਆਏ ਵਿਦਵਾਨਾਂ/ਪਾਠਕਾਂ/ਲੇਖਕਾਂ ਅਤੇ ਅਧਿਕਾਰੀਆਂ/ਕਰਮਚਾਰੀਆਂ ਵੱਲੋਂ ਲਾਭ ਉਠਾਇਆ ਜਾਂਦਾ ਹੈ।