ਮਾਂ-ਬੋਲੀ ਪੰਜਾਬੀ ਦੇ ਵਿਕਾਸ, ਪ੍ਰਚਾਰ/ਪ੍ਰਸਾਰ ਅਤੇ ਇਸ ਦੀ ਪ੍ਰਫੁਲਤਾ ਲਈ ਪੰਜਾਬ ਸਰਕਾਰ ਵੱਲੋਂ ਭਾਸ਼ਾ ਵਿਭਾਗ, ਪੰਜਾਬ ਦੀ ਸਥਾਪਨਾ ਸਾਲ 1948 ਵਿੱਚ ਕੀਤੀ ਗਈ। ਇਸ ਦੀ ਹੋਂਦ ਸਮੇਂ ਪੰਜਾਬੀ ਦੇ ਵਿਕਾਸ ਨਾਲ ਸਬੰਧਤ ਕਈ ਸਕੀਮਾਂ ਆਰੰਭ ਕੀਤੀਆਂ ਗਈਆਂ ਤਾਂ ਜੋ ਹਰ ਪੰਜਾਬੀ ਦੇ ਮਨ ਵਿੱਚ ਆਪਣੀ ਮਾਤ-ਭਾਸ਼ਾ ਲਈ ਸਤਿਕਾਰ ਪੈਦਾ ਹੋ ਸਕੇ। ਇਨ੍ਹਾਂ ਸਾਰੀਆਂ ਸਕੀਮਾਂ ਨੂੰ ਸਰਅੰਜਾਮ ਦੇਣ ਲਈ ਭਾਸ਼ਾ ਵਿਭਾਗ ਵਿੱਚ ਪੰਜਾਬੀ ਵਿਕਾਸ ਭਾਗ ਕਾਇਮ ਕੀਤਾ ਹੋਇਆ ਹੈ। ਇਸ ਵਿਭਾਗ ਵੱਲੋਂ ਪੰਜਾਬੀ ਭਾਸ਼ਾ ਦੇ ਪ੍ਰਸਾਰ ਅਤੇ ਪ੍ਰਚਾਰ ਲਈ ਹੇਠ-ਲਿਖੀਆਂ ਸਕੀਮਾਂ ਚਲਾਈਆਂ ਜਾ ਰਹੀਆਂ ਹਨ :
ਵਿਭਾਗ ਵੱਲੋ ਹਰ ਸਾਲ ਇਨ੍ਹਾਂ ਪੁਰਸਕਾਰਾਂ ਲਈ ਸ਼੍ਰੋਮਣੀ ਸਾਹਿਤਕਾਰ ਪੁਰਸਕਾਰ ਦਿਤੇ ਜਾਂਦੇ ਹਨ। ਪੰਜਾਬੀ ਸਾਹਿਤ ਰਤਨ ਪੁਰਸਕਾਰ 10,00,000 /- ਰੁਪਏ ਅਤੇ ਬਾਕੀ ਪੁਰਸਕਾਰਾਂ ਲਈ 5,00,000/- ਰੁਪਏ ਦੀ ਨਕਦ ਰਾਸ਼ੀ ਸਿਰੋਪਾ, ਪਲੇਕ ਅਤੇ ਮੈਡਲ ਭੇਟ ਕੀਤਾ ਜਾਂਦਾ ਹੈ ।
ਪੰਜਾਬੀ ਦੇ ਲੇਖਕਾਂ ਨੂੰ ਪੈਨਸ਼ਨ
ਇਹ ਪੈਨਸ਼ਨ ਸਾਹਿਤ ਦੇ ਖੇਤਰ ਵਿੱਚ ਨਿੱਗਰ ਯੋਗਦਾਨ ਪਾਉਣ ਵਾਲੇ ਉਨ੍ਹਾਂ ਲੇਖਕਾਂ ਨੂੰ ਦਿੱਤੀ ਜਾਂਦੀ ਹੈ ਜਿਨ੍ਹਾਂ ਦੀ ਉਮਰ 60 ਸਾਲ ਤੋਂ ਵੱਧ ਅਤੇ ਆਮਦਨ 1000/-ਰੁਪਏ ਮਹੀਨੇ ਤੋਂ ਘੱਟ ਹੋਵੇ ਤੇ ਉਹ ਸਾਹਿਤ ਜਗਤ ਵਿੱਚ ਉੱਚੀ ਥਾਂ ਰੱਖਦਾ ਹੋਵੇ। ਅਜਿਹੇ ਸਾਹਿਤਕਾਰਾਂ/ਲੇਖਕਾਂ ਨੂੰ ਜੀਵਨ ਨਿਰਬਾਹ ਲਈ 5000/-ਰੁਪਏ ਪ੍ਰਤੀ ਮਹੀਨੇ ਦੇ ਹਿਸਾਬ ਨਾਲ ਪੈਨਸ਼ਨ ਦਿੱਤੀ ਜਾਂਦੀ ਹੈ।
ਲੋੜਵੰਦ ਲੇਖਕਾਂ ਅਤੇ ਉਨ੍ਹਾਂ ਦੇ ਆਸ਼ਰਿਤ ਪਰਿਵਾਰਾਂ ਨੂੰ ਮਾਲੀ ਸਹਾਇਤਾ
ਵਿਭਾਗ ਵੱਲੋਂ ਉਨ੍ਹਾਂ ਲੇਖਕਾਂ/ਸਾਹਿਤਕਾਰਾਂ ਅਤੇ ਉਨ੍ਹਾਂ ਤੇ ਆਸ਼ਰਿਤ ਪਰਿਵਾਰਾਂ ਨੂੰ ਮਾਲੀ ਸਹਾਇਤਾ ਦਿੱਤੀ ਜਾਂਦੀ ਹੈ ਜਿਨ੍ਹਾਂ ਨੇ ਸਾਹਿਤ ਦੀ ਵਧੀਆ ਸਾਹਿਤਕ ਸੇਵਾ ਕੀਤੀ ਹੋਵੇ ਅਤੇ ਉਨ੍ਹਾਂ ਦੀ ਉਮਰ 58 ਸਾਲ ਤੋਂ ਵੱਧ ਅਤੇ ਆਮਦਨ 1000/-ਰੁਪਏ ਮਹੀਨੇ ਤੋਂ ਘੱਟ ਹੋਵੇ। ਅਜਿਹੇ ਲੇਖਕ ਨੂੰ ਜੀਵਨ ਨਿਰਬਾਹ ਲਈ 2500/-ਰੁਪਏ ਪ੍ਰਤੀ ਸਾਲ ਮਾਲੀ ਸਹਾਇਤਾ ਦਿੱਤੀ ਜਾਂਦੀ ਹੈ।
ਪੁਸਤਕ ਛਾਪਣ ਲਈ ਮਾਲੀ ਸਹਾਇਤਾ
ਪੰਜਾਬੀ ਸਾਹਿਤਕਾਰਾਂ ਨੂੰ ਆਪਣੀਆਂ ਰਚਨਾਵਾਂ ਪ੍ਰਕਾਸ਼ਿਤ ਕਰਵਾਉਣ ਵੇਲੇ ਆਉਂਦੀਆਂ ਮੁਸ਼ਕਲਾਂ ਨੂੰ ਵੇਖਦਿਆਂ ਉਨ੍ਹਾਂ ਨੂੰ ਪੁਸਤਕ ਛਪਵਾਉਣ ਹਿਤ ਮਾਲੀ ਸਹਾਇਤਾ ਦਿੱਤੀ ਜਾਂਦੀ ਹੈ। 125 ਪੰਨਿਆਂ ਤੱਕ ਦੇ ਖਰੜੇ ਲਈ 20,000/-ਰੁਪਏ ਅਤੇ 125 ਤੋਂ ਉਪਰ ਵਾਲੇ ਪੰਨਿਆਂ ਦੇ ਖਰੜੇ ਲਈ 30,000/-ਰੁਪਏ ਦੀ ਮਾਲੀ ਸਹਾਇਤਾ ਦਿੱਤੀ ਜਾਂਦੀ ਹੈ।
ਪੰਜਾਬੀ ਸਾਹਿਤ ਸਭਾਵਾਂ ਨੂੰ ਮਾਲੀ ਸਹਾਇਤਾ
ਇਸ ਸਕੀਮ ਦਾ ਮਨੋਰਥ ਭਾਸ਼ਾ ਅਤੇ ਸਾਹਿਤ ਦੇ ਵਿਕਾਸ ਵਿੱਚ ਜੁੱਟੀਆਂ ਅਜਿਹੀਆਂ ਸਾਹਿਤ ਸਭਾਵਾਂ ਨੂੰ ਮਾਲੀ ਸਹਾਇਤਾ ਦੇਣਾ ਹੈ ਜੋ ਰਜਿਸਟਰਡ ਹੋਣ ਅਤੇ ਭਾਸ਼ਾ ਅਤੇ ਸਾਹਿਤ ਦੇ ਵਿਕਾਸ ਵਿੱਚ ਆਪਣਾ ਨਿੱਗਰ ਯੋਗਦਾਨ ਪਾ ਰਹੀਆਂ ਹੋਣ। ਅਜਿਹੀਆਂ ਸਾਹਿਤ ਸਭਾਵਾਂ ਨੂੰ ਬਜਟ ਉਪਬੰਧ ਅਨੁਸਾਰ ਮਾਲੀ ਸਹਾਇਤਾ ਦਿਤੀ ਜਾਂਦੀ ਹੈ।
ਸਰਵੋਤਮ ਪੁਸਤਕ ਮੁਕਾਬਲਾ
ਹਰ ਸਾਲ ਵਿਭਾਗ ਵੱਲੋਂ ਵੱਖ-ਵੱਖ ਵਿਸ਼ਿਆਂ ਵਿੱਚ ਪੁਸਤਕ ਲਿਖਣ ਵਾਲੇ ਲੇਖਕਾਂ ਪਾਸੋਂ ਸਾਹਿਤ ਦੀਆਂ ਵੱਖ-ਵੱਖ ਵੰਨਗੀਆਂ ਦੇ ਮੁਕਾਬਲਿਆਂ ਲਈ ਛਪੀਆਂ ਪੁਸਤਕਾਂ ਦੀਆਂ ਚਾਰ-ਚਾਰ ਕਾਪੀਆਂ ਮੰਗੀਆਂ ਜਾਂਦੀਆਂ ਹਨ। ਹਰੇਕ ਵੰਨਗੀ ਲਈ 21000/-ਰੁਪਏ ਦਾ ਇਨਾਮ ਅਤੇ ਪਲੇਕ ਦਿੱਤੀ ਜਾਂਦੀ ਹੈ। ਇਸ ਮੁਕਾਬਲੇ ਲਈ ਸੰਸਾਰ ਦੇ ਕਿਸੇ ਵੀ ਕੋਨੇ ਵਿੱਚ ਬੈਠੇ ਲੇਖਕ ਆਪਣੀਆਂ ਕੈਲੰਡਰ ਸਾਲ ਦੌਰਾਨ ਛਪੀਆਂ ਪੰਜਾਬੀ ਪੁਸਤਕਾਂ ਦੀਆਂ ਚਾਰ-ਚਾਰ ਕਾਪੀਆਂ ਵਿਭਾਗ ਵਿੱਚ ਹਰ ਸਾਲ 31 ਮਾਰਚ ਤੱਕ ਭੇਜ ਸਕਦੇ ਹਨ। ਇਨਾਮਾਂ ਦੇ ਨਾਮ ਵੀ ਦਰਜ ਕਰਕੇ ਉਚਿਤ ਹੋਣਗੇ ਜੀ (ਲਿਸਟ ਨਾਲ ਨੱਥੀ ਹੈ)
ਵਧੀਆ ਛਪਾਈ ਮੁਕਾਬਲਾ
ਪ੍ਰਕਾਸ਼ਕਾਂ ਨੂੰ ਪੰਜਾਬੀ ਪ੍ਰਕਾਸ਼ਨ ਦੇ ਖੇਤਰ ਵਿੱਚ ਉਤਸ਼ਾਹਿਤ ਕਰਨ ਹਿਤ ਕਲੰਡਰ ਸਾਲ ਵਿੱਚ ਛਪੀਆਂ ਪੁਸਤਕਾਂ ਦੀਆਂ ਦੋ-ਦੋ ਕਾਪੀਆਂ ਮੰਗੀਆਂ ਜਾਂਦੀਆਂ ਹਨ। ਵਧੀਆ ਛਪੀਆਂ ਪੁਸਤਕਾਂ ਦੇ ਪ੍ਰਕਾਸ਼ਕਾਂ ਨੂੰ 11,000/-ਰੁਪਏ ਦਾ ਇਨਾਮ ਅਤੇ ਪਲੇਕ ਦਿੱਤੀ ਜਾਂਦੀ ਹੈ। ਇਸ ਮੁਕਾਬਲੇ ਲਈ ਸੰਸਾਰ ਦੇ ਕਿਸੇ ਵੀ ਕੋਨੇ ਵਿੱਚ ਬੈਠੇ ਲੇਖਕ ਆਪਣੀਆਂ ਕੈਲੰਡਰ ਸਾਲ ਦੌਰਾਨ ਛਪੀਆਂ ਪੰਜਾਬੀ ਪੁਸਤਕਾਂ ਦੀਆਂ ਦੋ-ਦੋ ਕਾਪੀਆਂ ਵਿਭਾਗ ਵਿੱਚ ਹਰ ਸਾਲ 31 ਮਾਰਚ ਤੱਕ ਭੇਜ ਸਕਦੇ ਹਨ।
ਪੰਜਾਬੀ ਨਾਟਕ ਮੁਕਾਬਲੇ
ਬੱਚਿਆਂ ਨੂੰ ਰੰਗਮੰਚ ਪ੍ਰਤੀ ਉਤਸ਼ਾਹਿਤ ਕਰਨ ਹਿਤ ਵਿਭਾਗ ਵੱਲੋਂ ਹਰ ਸਾਲ ਨਾਟਕ ਮੁਕਾਬਲੇ ਕਰਵਾਏ ਜਾਂਦੇ ਹਨ। ਇਹ ਮੁਕਾਬਲੇ ਪਹਿਲਾਂ ਡਵੀਜ਼ਨ ਪੱਧਰ ਅਤੇ ਫਿਰ ਰਾਜ ਪੱਧਰ ਤੇ ਕਰਵਾਏ ਜਾਂਦੇ ਹਨ। ਰਾਜ ਪੱਧਰ ਦੇ ਨਾਟਕ ਮੁਕਾਬਲਿਆਂ ਵਿੱਚ ਪਹਿਲੇ, ਦੂਜੇ ਅਤੇ ਤੀਜੇ ਸਥਾਨ ਤੇ ਰਹਿਣ ਵਾਲੇ ਇਨਾਮ ਜੇਤੂਆਂ ਨੂੰ ਕ੍ਰਮਵਾਰ 5100/-, 3100 ਅਤੇ 2100/- ਰੁਪਏ ਦੇ ਇਨਾਮ ਦਿੱਤੇ ਜਾਂਦੇ ਹਨ।
ਪੰਜਾਬੀ ਸਾਹਿਤ ਸਿਰਜਨ/ਕਵਿਤਾ ਗਾਇਨ ਮੁਕਾਬਲੇ
ਬੱਚਿਆਂ ਵਿੱਚ ਸਾਹਿਤਕ ਰੁਚੀ ਪੈਦਾ ਕਰਨ ਲਈ ਹਰ ਸਾਲ ਪੰਜਾਬੀ ਸਾਹਿਤ ਸਿਰਜਨ/ਕਵਿਤਾ ਗਾਇਨ ਮੁਕਾਬਲੇ ਕਰਵਾਏ ਜਾਂਦੇ ਹਨ। ਇਹ ਮੁਕਾਬਲੇ ਪਹਿਲਾਂ ਜ਼ਿਲ੍ਹਾ ਪੱਧਰ ਅਤੇ ਫਿਰ ਰਾਜ ਪੱਧਰ ਤੇ ਕਰਵਾਏ ਜਾਂਦੇ ਹਨ। ਰਾਜ ਪੱਧਰ ਦੇ ਇਨ੍ਹਾਂ ਮੁਕਾਬਲਿਆਂ ਵਿੱਚ ਪਹਿਲੇ, ਦੂਜੇ ਅਤੇ ਤੀਜੇ ਸਥਾਨ ਤੇ ਰਹਿਣ ਵਾਲੇ ਇਨਾਮ ਜੇਤੂਆਂ ਨੂੰ ਕ੍ਰਮਵਾਰ 1000/-, 750/- ਅਤੇ 500/-ਰੁਪਏ ਦੇ ਇਨਾਮ ਦਿੱਤੇ ਜਾਂਦੇ ਹਨ।
ਪੰਜਾਬੀ ਸਾਹਿਤਕ ਮੁਕਾਬਲੇ
ਬੱਚਿਆਂ ਨੂੰ ਸਾਹਿਤ ਪ੍ਰਤੀ ਉਤਸ਼ਾਹਿਤ ਕਰਨ ਹਿਤ ਪੰਜਾਬੀ ਸਾਹਿਤ ਮੁਕਾਬਲੇ ਕਰਵਾਏ ਜਾਂਦੇ ਹਨ। ਇਨ੍ਹਾਂ ਮੁਕਾਬਲਿਆਂ ਲਈ ਕਹਾਣੀਆਂ, ਲੇਖ ਅਤੇ ਇਕਾਂਗੀ ਵੰਨਗੀ ਲਈ ਰਚਨਾਵਾਂ ਦੀਆਂ ਦੋ ਦੋ ਕਾਪੀਆਂ ਮੰਗੀਆਂ ਜਾਂਦੀਆਂ ਹਨ। ਵਧੀਆ ਰਚਨਾਵਾਂ ਨੂੰ ਕ੍ਰਮਵਾਰ 500/-, 300/- ਅਤੇ 200/- ਰੁਪਏ ਦਾ ਇਨਾਮ ਦਿੱਤਾ ਜਾਂਦਾ ਹੈ। ਇਸ ਤੋਂ ਇਲਾਵਾ 21 ਸਾਲ ਤੋਂ ਘੱਟ ਉਪਰ ਦੇ ਬੱਚਿਆਂ ਨੂੰ 200/- ਰੁਪਏ ਦਾ ਇਕ ਵਿਸ਼ੇਸ਼ ਇਨਾਮ ਦਿੱਤਾ ਜਾਂਦਾ ਹੈ।
ਪੰਜਾਬੀ ਨਾਟਕ ਮੇਲਾ
ਪੰਜਾਬੀ ਦੇ ਉੱਘੇ ਨਾਟਕਕਾਰਾਂ ਦੇ ਜਨਮ ਸਥਾਨਾਂ ਅਤੇ ਪਿੰਡਾਂ ਦੇ ਲੋਕਾਂ ਨੂੰ ਜਾਗ੍ਰਿਤ ਕਰਨ ਹਿਤ ਨਾਟਕ ਮੇਲੇ ਕਰਵਾਏ ਜਾਂਦੇ ਹਨ।
ਪੰਜਾਬੀ ਕਵੀ ਦਰਬਾਰ/ਤ੍ਰੈ-ਭਾਸ਼ੀ ਕਵੀ ਦਰਬਾਰ
ਕਵੀਆਂ ਨੂੰ ਉਤਸ਼ਾਹਿਤ ਕਰਨ ਹਿਤ ਪਿੰਡਾਂ/ਸ਼ਹਿਰਾਂ ਅਤੇ ਜ਼ਿਲ੍ਹਾ ਸਦਰ ਮੁਕਾਮਾਂ ਤੇ ਕਵੀ ਦਰਬਾਰ ਕਰਵਾਏ ਜਾਂਦੇ ਹਨ ਜਿਨ੍ਹਾਂ ਵਿੱਚ ਪੰਜਾਬੀ, ਹਿੰਦੀ, ਉਰਦੂ ਦੇ ਸ਼ਾਇਰ ਆਪਣੀਆਂ ਕਵਿਤਾਵਾਂ ਪੇਸ਼ ਕਰਦੇ ਹਨ ਅਤੇ ਕਈ ਵਾਰੀ ਸਮੂਹਿਕ ਰੂਪ ਵਿੱਚ ਤ੍ਰੈ-ਭਾਸ਼ੀ ਕਵੀ ਦਰਬਾਰਾਂ ਦਾ ਆਯੋਜਨ ਵੀ ਕੀਤਾ ਜਾਂਦਾ ਹੈ।
ਸਾਹਿਤਕ ਮਿਲਣੀਆਂ
ਲੋਕਾਂ ਨੂੰ ਸਾਹਿਤ ਨਾਲ ਜੋੜਨ ਲਈ ਜ਼ਿਲ੍ਹਾ ਪੱਧਰ/ ਰਾਜ ਪੱਧਰ ਤੇ ਸਾਹਿਤਕ ਮਿਲਣੀਆਂ ਕਰਵਾਈਆਂ ਜਾਂਦੀਆਂ ਹਨ।
ਲੇਖਕਾਂ ਨਾਲ ਰੂ-ਬ-ਰੂ
ਸਾਹਿਤ ਜਗਤ ਨਾਲ ਜੁੜੀਆਂ ਨਾਮਵਰ ਸ਼ਖਸੀਅਤਾਂ ਦਾ ਲੇਖਕਾਂ ਨਾਲ ਰੂ-ਬ-ਰੂ ਕਰਵਾਇਆ ਜਾਂਦਾ ਹੈ ਤਾਂ ਜੋ ਪਾਠਕ ਉਨ੍ਹਾਂ ਦੀ ਲੇਖਣੀ ਤੋਂ ਜਾਣੂ ਹੋ ਸਕਣ।
ਪੰਜਾਬੀ ਸਪਤਾਹ/ਮਾਹ
ਭਾਸ਼ਾ ਵਿਭਾਗ ਵੱਲੋਂ ਪੰਜਾਬੀ ਦੀ ਸੈਕੂਲਰ ਪ੍ਰਵਿਰਤੀ ਤੇ ਭਰਪੂਰ ਸਾਹਿਤਕ ਤੇ ਸਭਿਆਚਾਰਕ ਵਿਰਸੇ ਨੂੰ ਉਜਾਗਰ ਕਰਨ ਹਿਤ ਅਤੇ ਇਕ ਲੋਕ ਲਹਿਰ ਦੇ ਤੌਰ ਤੇ ਪੂਰੇ ਪੰਜਾਬ ਨੂੰ ਇਸ ਨਾਲ ਜੋੜਨ ਲਈ ਹਰ ਸਾਲ ਨਵੰਬਰ ਵਿੱਚ ਪੰਜਾਬੀ ਸਪਤਾਹ ਮਨਾਇਆ ਜਾਂਦਾ ਹੈ। ਇਸ ਵਿੱਚ ਪੰਜਾਬ ਦੇ ਸਾਰੇ ਸਰਕਾਰੀ ਤੇ ਨੀਮ ਸਰਕਾਰੀ ਅਦਾਰਿਆਂ ਅਤੇ ਇਨ੍ਹਾਂ ਤੋਂ ਇਲਾਵਾ ਸਾਹਿਤ ਸਭਾਵਾਂ, ਵਿਦਵਾਨ ਤੇ ਖੋਜੀ, ਅਧਿਆਪਕ, ਪ੍ਰਕਾਸ਼ਕ, ਆਲੋਚਕ ਅਤੇ ਪਾਠਕ, ਸਾਹਿਤਕਾਰ ਤੇ ਕਲਾਕਾਰ, ਲੋਕ ਵਿਰਸੇ ਦੇ ਰਾਖੇ ਅਤੇ ਸਮਾਜ ਤੇ ਸਿਆਸਤ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਆਪੋ ਆਪਣਾ ਯੋਗਦਾਨ ਪਾ ਕੇ ਪੰਜਾਬੀਅਤ ਦੇ ਕਾਫ਼ਲੇ ਨੂੰ ਤਰੱਕੀ ਦੀਆਂ ਮੰਜ਼ਿਲਾਂ ਵੱਲ ਵਧਾਉਣ ਵਿੱਚ ਸਹਾਈ ਹੁੰਦੇ ਹਨ। ਪੂਰੇ ਪੰਜਾਬ ਵਿੱਚ ਪੰਜਾਬੀ ਦੇ ਵਿਕਾਸ ਦੀਆਂ ਸਰਬਪੱਖੀ ਸੰਭਾਵਨਾਵਾਂ ਤੇ ਸਮੱਸਿਆਵਾਂ ਬਾਰੇ ਉੱਚ ਸ਼ਖ਼ਸੀਅਤਾਂ ਦੇ ਭਾਸ਼ਣ, ਸਾਹਿਤ ਵਿਧਾਵਾਂ ਬਾਰੇ ਸਾਹਿਤਕ ਗੋਸ਼ਟੀਆਂ ਤੇ ਗਰੁੱਪ ਚਰਚਾ, ਸਭਿਆਚਾਰਕ ਝਲਕੀਆਂ, ਪੁਸਤਕ ਮੇਲੇ, ਸਾਲ ਦੇ ਸਰਵੋਤਮ ਸਾਹਿਤਕਾਰਾਂ, ਕਲਾਕਾਰਾਂ ਦੇ ਸਨਮਾਨ ਅਤੇ ਵਿਭਾਗ ਦੁਆਰਾ ਕਰਵਾਏ ਜਾਂਦੇ ਵੱਖ ਵੱਖ ਰਾਜ ਪੱਧਰ ਦੇ ਮੁਕਾਬਲਿਆਂ ਲਈ ਪੁਰਸਕਾਰ ਭੇਟ ਕੀਤੇ ਜਾਂਦੇ ਹਨ। ਪੰਜਾਬੀ ਸਪਤਾਹ ਦੌਰਾਨ ਮੁੱਖ ਦਫ਼ਤਰ, ਪਟਿਆਲਾ ਵਿੱਖੇ ਅੰਤਰਰਾਜੀ ਪੱਧਰ ਦਾ ਪੁਸਤਕ ਮੇਲਾ ਵੀ ਲਗਾਇਆ ਜਾਂਦਾ ਹੈ। ਇਸ ਮੇਲੇ ਵਿੱਚ ਪੰਜਾਬ ਅਤੇ ਪੰਜਾਬ ਤੋਂ ਬਾਹਰਲੇ ਬਹੁਤ ਸਾਰੇ ਪ੍ਰਕਾਸ਼ਕ ਆਪਣੀਆਂ ਪੁਸਤਕਾਂ ਦੀ ਪ੍ਰਦਰਸ਼ਨੀ ਲਗਾਉਂਦੇ ਹਨ। ਪਾਠਕਾਂ ਦੀ ਸਾਹਿਤਕ ਤ੍ਰਿਪਤੀ ਦੀ ਪੂਰਤੀ ਲਈ ਵਿਭਾਗ ਦਾ ਇਹ ਵੱਡਾ ਉਪਰਾਲਾ ਹੈ ਅਤੇ ਵਿਭਾਗ ਦੇ ਇਸ ਉੱਦਮ ਨੂੰ ਪਾਠਕਾਂ/ਖੋਜਾਰਥੀਆਂ, ਵਿਦਵਾਨਾਂ ਅਤੇ ਵਿਦਿਅਕ ਅਦਾਰਿਆਂ ਵੱਲੋਂ ਭਰਪੂਰ ਹੁੰਗਾਰਾ ਮਿਲਦਾ ਹੈ। ਪੰਜਾਬੀ ਸਪਤਾਹ ਦੌਰਾਨ ਸਮੂਹ ਜ਼ਿਲ੍ਹਾ ਸਦਰ ਮੁਕਾਮਾਂ ਅਤੇ ਪੰਜਾਬ ਦੇ ਬਹੁਤ ਸਾਰੇ ਵੱਡੇ ਸ਼ਹਿਰਾਂ ਵਿੱਚ ਅਜਿਹੇ ਸਾਹਿਤਕ ਸਮਾਗਮਾਂ ਦਾ ਆਯੋਜਨ ਕੀਤਾ ਜਾਂਦਾ ਹੈ। ਪੂਰੇ ਵਰ੍ਹੇ ਦੀ ਕਾਰਗੁਜ਼ਾਰੀ ਦੇ ਲੇਖੇ-ਜੋਖੇ ਨਾਲ ਵਿਦਾਇਗੀ ਸਮਾਗਮ ਦੇ ਰੂਪ ਵਿੱਚ ਇਹ ਲਹਿਰ ਸਾਲ ਦਰ ਸਾਲ ਚਲਦੀ ਰੱਖਣ ਲਈ ਪੰਜਾਬੀਆਂ ਨੂੰ ਸਮਰਪਿਤ ਕਰ ਦਿੱਤੀ ਜਾਂਦੀ ਹੈ।
ਵਿਭਾਗ ਦੇ ਸਹਿਯੋਗ ਨਾਲ ਕਰਵਾਏ ਜਾਂਦੇ ਸਮਾਗਮ
ਵਿਭਾਗ ਵੱਲੋਂ ਹਰ ਸਾਲ ਪੰਜਾਬੀ ਸਾਹਿਤ ਦੇ ਵਿਕਾਸ ਵਿੱਚ ਪੂਰੀ ਸਰਗਰਮੀ ਨਾਲ ਕਾਰਜਸ਼ੀਲ ਸਾਹਿਤ ਸਭਾਵਾਂ ਨੂੰ ਸਮਾਗਮ ਕਰਵਾਉਣ ਹਿਤ ਮਾਲੀ ਸਹਾਇਤਾ ਦਿੱਤੀ ਜਾਂਦੀ ਹੈ।
ਸਾਹਿਤਕ ਗੋਸ਼ਟੀਆਂ ਦਾ ਆਯੋਜਨ
ਪੰਜਾਬੀ ਸਾਹਿਤ ਦੀਆਂ ਪ੍ਰਮੁੱਖ ਧਾਰਾਵਾਂ, ਸਾਹਿਤਕ ਹਸਤੀਆਂ ਦੀ ਸਾਹਿਤਕ ਦੇਣ ਅਤੇ ਸਾਹਿਤ ਦੇ ਅਣਗੌਲੇ ਪੱਖਾਂ ਨੂੰ ਉਜਾਗਰ ਕਰਨ ਲਈ ਭਾਸ਼ਾ ਵਿਭਾਗ, ਪੰਜਾਬ ਵੱਲੋਂ ਵੱਖ ਵੱਖ ਥਾਵਾਂ ਉੱਤੇ ਸਾਹਿਤਕ ਗੋਸ਼ਟੀਆਂ ਕਰਵਾਈਆਂ ਜਾਂਦੀਆਂ ਹਨ। ਇਨ੍ਹਾਂ ਗੋਸ਼ਟੀਆਂ ਵਿੱਚ ਸ਼ਾਮਲ ਹੋਣ ਲਈ ਵੱਖ ਵੱਖ ਭਾਸ਼ਾਵਾਂ ਦੇ ਵਿਦਵਾਨਾਂ, ਆਲੋਚਕਾਂ, ਸਾਹਿਤਕਾਰਾਂ ਅਤੇ ਖੋਜੀਆਂ ਨੂੰ ਉਚੇਚੇ ਤੌਰ ਤੇ ਸੱਦਾ ਭੇਜਿਆ ਜਾਂਦਾ ਹੈ। ਸਬੰਧਤ ਵਿਸ਼ੇ ਦੇ ਮਾਹਿਰਾਂ ਵੱਲੋਂ ਖੋਜ ਪੱਤਰ ਪੜ੍ਹੇ ਜਾਂਦੇ ਹਨ ਅਤੇ ਉਨ੍ਹਾਂ ਬਾਰੇ ਖੁੱਲ੍ਹਾ ਵਿੱਚਾਰ-ਵਟਾਂਦਰਾ ਹੁੰਦਾ ਹੈ। ਇਸ ਤਰ੍ਹਾਂ ਵਿੱਚਾਰ ਅਧੀਨ ਵਿਸ਼ੇ ਦੀ ਸਰਬਪੱਖੀ ਪੜਚੋਲ ਅਤੇ ਖੋਜ ਦਾ ਰਾਹ ਖੁਲ੍ਹਦਾ ਹੈ।
ਪੰਜਾਬੀ ਸਾਹਿਤ ਰਤਨ ਅਤੇ ਸ੍ਰੋਮਣੀ ਪੁਰਸਕਾਰ
ਲੜੀ ਨੰ.
|
ਪੁਰਸਕਾਰ ਦਾ ਨਾਮ
|
ਪੁਰਸਕਾਰ ਰਾਸ਼ੀ
|
1.
|
ਪੰਜਾਬੀ ਸਾਹਿਤ ਰਤਨ ਪੁਰਸਕਾਰ
|
10.00 ਲੱਖ
|
2.
|
ਸ਼੍ਰੋਮਣੀ ਪੰਜਾਬੀ ਸਾਹਿਤਕਾਰ ਪੁਰਸਕਾਰ
|
05.00 ਲੱਖ
|
3.
|
ਸ਼੍ਰੋਮਣੀ ਪੰਜਾਬੀ ਕਵੀ ਪੁਰਸਕਾਰ
|
05.00 ਲੱਖ
|
4.
|
ਸ਼੍ਰੋਮਣੀ ਪੰਜਾਬੀ ਆਲੋਚਕ
|
05.00 ਲੱਖ
|
5.
|
ਸ਼੍ਰੋਮਣੀ ਪੰਜਾਬੀ ਗਿਆਨ ਸਾਹਿਤਕਾਰ ਪੁਰਸਕਾਰ
|
05.00 ਲੱਖ
|
6.
|
ਸ਼੍ਰੋਮਣੀ ਪੰਜਾਬੀ ਸਾਹਿਤਕਾਰ (ਵਿਦੇਸ਼ੀ)
|
05.00 ਲੱਖ
|
7.
|
ਸ਼੍ਰੋਮਣੀ ਪੰਜਾਬੀ ਸਾਹਿਤਕਾਰ ਪੁਰਸਕਾਰ (ਪੰਜਾਬੋਂ ਬਾਹਰ)
|
05.00 ਲੱਖ
|
8.
|
ਸ਼੍ਰੋਮਣੀ ਪੰਜਾਬੀ ਬਾਲ ਸਾਹਿਤ ਲੇਖਕ ਪੁਰਸਕਾਰ
|
05.00 ਲੱਖ
|
9.
|
ਸ਼੍ਰੋਮਣੀ ਪੰਜਾਬੀ ਪੱਤਰਕਾਰ ਪੁਰਸਕਾਰ
|
05.00 ਲੱਖ
|
10.
|
ਸ਼੍ਰੋਮਣੀ ਰਾਗੀ
|
05.00 ਲੱਖ
|
11.
|
ਸ਼੍ਰੋਮਣੀ ਢਾਡੀ/ਕਵੀਸ਼ਰ ਪੁਰਸਕਾਰ
|
05.00 ਲੱਖ
|
12.
|
ਸ਼੍ਰੋਮਣੀ ਪੰਜਾਬੀ ਟੈਲੀਵੀਜ਼ਨ/ਰੇਡੀਓ/ਫ਼ਿਲਮ ਪੁਰਸਕਾਰ
|
05.00 ਲੱਖ
|
13.
|
ਸ਼੍ਰੋਮਣੀ ਪੰਜਾਬੀ ਨਾਟਕ/ਥੀਏਟਰ ਪੁਰਸਕਾਰ
|
05.00 ਲੱਖ
|
14.
|
ਸ੍ਰੋਮਣੀ ਪੰਜਾਬੀ ਗਾਇਕ/ਸੰਗੀਤਕਾਰ ਪੁਰਸਕਾਰ
|
05.00 ਲੱਖ
|
15.
|
ਸ਼੍ਰੋਮਣੀ ਪੰਜਾਬੀ ਸਾਹਿਤਕ ਪੁਰਸਕਾਰ
|
05.00 ਲੱਖ
|