ਪੰਜਾਬ ਸਰਕਾਰ | GOVERNMENT OF PUNJAB

Select Font Size

Follow Us

ਪੰਜਾਬ ਸਰਕਾਰ | GOVERNMENT OF PUNJAB

Select Font Size A+  A  A-      

ਵਿਭਾਗੀ ਰਸਾਲਾ

 

ਪੰਜਾਬੀ ਰਸਾਲਾ

       ਭਾਸ਼ਾ ਵਿਭਾਗ, ਪੰਜਾਬ ਮਾਂ ਬੋਲੀ ਪੰਜਾਬੀ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਆਪਣੀ ਸਥਾਪਨਾ ਤੋਂ ਹੀ ਯਤਨਸ਼ੀਲ ਰਿਹਾ ਹੈ। ਮਾਂ ਬੋਲੀ ਪੰਜਾਬੀ ਨੂੰ ਪੰਜਾਬੀ ਦੇ ਉੱਘੇ ਵਿਦਵਾਨਾਂ, ਚਿੰਤਕਾਂ ਅਤੇ ਪਾਠਕਾਂ ਤੱਕ ਸਾਹਿਤਕ ਅਤੇ ਸਭਿਆਚਾਰਕ ਸਮੱਗਰੀ ਪਹੁੰਚਾਉਣ ਲਈ ਵਿਭਾਗ ਵਲੋਂ ਮਾਰਚ, 1950 ਵਿਚ ਪੰਜਾਬੀ ਦੁਨੀਆ* ਦਾ ਪਹਿਲਾ ਵਿਭਾਗੀ ਰਸਾਲਾ ਜਾਰੀ ਕੀਤਾ ਗਿਆ। ਇਸ ਰਸਾਲੇ ਨੂੰ ਕੱਢਣ ਦਾ ਮੁੱਖ ਮੰਤਵ ਪੰਜਾਬੀ ਭਾਸ਼ਾ ਵਿਚ ਸਾਹਿਤ ਉਪਰ ਹੋ ਰਹੀ ਖੋਜ ਅਤੇ ਹੋਰ ਦੂਸਰੀਆਂ ਭਾਸ਼ਾਵਾਂ ਦੇ ਮੁਕਾਬਲੇ ਪੰਜਾਬੀ ਦੇ ਤੁਲਾਨਾਤਮਕ ਅਧਿਐਨ ਸਬੰਧੀ ਸਮੱਗਰੀ ਪੰਜਾਬੀ ਪਾਠਕਾਂ ਤੱਕ ਪਹੁੰਚਾਉਣਾ ਸੀ। ਇਸ ਦੇ ਨਾਲ ਹੀ ਪੰਜਾਬੀ ਦਾ ਦੂਸਰਾ ਮਾਸਿਕ ਰਸਾਲਾ ਜਨ ਸਾਹਿਤ* ਸਿਰਜਣਾਤਮਕ ਰਚਨਾਵਾਂ ਨੂੰ ਪਾਠਕਾਂ ਤੱਕ ਪਹੁੰਚਾਉਣ ਦੇ ਮੰਤਵ ਨਾਲ 1955 ਵਿਚ ਸ਼ੁਰੂ ਕੀਤਾ ਗਿਆ। ਇਸ ਵਿਚ ਲੇਖ, ਕਵਿਤਾ, ਛੋਟੀ ਕਹਾਣੀ, ਇਕਾਂਗੀ, ਖੇਤੀਬਾੜੀ, ਵਿਗਿਆਨ ਆਦਿ ਬਾਰੇ ਲਿਖਿਆ ਜਾਂਦਾ ਰਿਹਾ ਹੈ। ਜਿਥੇ ਇਹ ਚੋਟੀ ਦੇ ਸਾਹਿਤਕਾਰਾਂ ਅਤੇ ਵਿਦਵਾਨਾਂ ਦੀ ਮੇਜ਼ ਦਾ ਸ਼ਿੰਗਾਰ ਹੋਇਆ, ਉਥੇ ਇਹ ਖੇਤਾਂ ਵਿਚ ਹਲ ਵਾਹੁੰਦੇ ਕਿਸਾਨਾਂ ਲਈ ਲਾਭ ਅਤੇ ਦਿਲਚਸਪੀ ਦਾ ਭੰਡਾਰ ਵੀ ਹੈ।

ਪੰਜਾਬੀ ਦੁਨੀਆ :

       ਇਹ ਆਲੋਚਨਾ, ਖੋਜ ਅਤੇ ਦੁਸਰੀਆਂ ਭਾਸ਼ਾਵਾਂ ਨਾਲ ਤੁਲਨਾਤਮਕ ਅਧਿਐਨ ਦਾ ਪਰਚਾ ਹੈ। ਪੰਜਾਬੀ ਸਾਹਿਤਕ ਆਲੋਚਨਾ ਨੂੰ ਸੇਧ ਦੇਣ ਲਈ ਪਿਛਲੇ 70 ਸਾਲਾਂ ਤੋਂ ਲਗਾਤਾਰ ਆਪਣਾ ਯੋਗਦਾਨ ਪਾ ਰਿਹਾ ਹੈ। ਪੰਜਾਬੀ ਆਲੋਚਨਾ ਦਾ ਮੁਹਾਂਦਰਾ ਬਣਾਉਣ ਤੇ ਨਵੇਂ ਕੀਰਤੀਮਾਨ ਕਾਇਮ ਕਰਨ ਵਿਚ ਇਸ ਰਸਾਲੇ ਦੀ ਮੋਹਰੀ ਭੂਮਿਕਾ ਹੈ। ਬਹੁਤ ਹੀ ਪ੍ਰਤਿਸ਼ਠਾਵਾਨ ਆਲੋਚਕਾਂ ਅਤੇ ਖੋਜਾਰਥੀਆਂ ਦੇ ਖੋਜਪੱਤਰ ਇਸ ਵਿਚ ਛਪਦੇ ਰਹਿੰਦੇ ਹਨ। ਇਹ ਖੋਜਾਰਥੀਆਂ ਦੇ ਮਾਰਗਦਰਸ਼ਕ ਵਜੋਂ ਵੀ ਜਾਣਿਆ ਜਾਂਦਾ ਹੈ। ਪੰਜਾਬੀ ਦੁਨੀਆ ਦੇ ਹੁਣ ਤੱਕ 93 ਵਿਸ਼ੇਸ਼ ਅੰਕ ਪ੍ਰਕਾਸ਼ਿਤ ਕੀਤੇ ਜਾ ਚੁੱਕੇ ਹਨ ਅਤੇ ਨਿਰੰਤਰ ਪ੍ਰਕਾਸ਼ਿਤ ਕੀਤੇ ਜਾ ਰਹੇ ਹਨ। ਇਸ ਰਸਾਲੇ ਦੇ ਵਿਸ਼ੇਸ਼ ਅੰਕ ਸਾਹਿਤ ਅਤੇ ਆਲੋਚਨਾ ਦੇ ਖੇਤਰ ਵਿਚ ਮੀਲ ਪੱਥਰ ਕਹੇ ਜਾ ਸਕਦੇ ਹਨ।

ਜਨ ਸਾਹਿਤ :

       ਇਹ ਸਿਰਜਣਾਤਮਕ ਪੰਜਾਬੀ ਸਾਹਿਤ ਦਾ ਵਿਸ਼ੇਸ਼ ਪਰਚਾ ਹੈ। ਇਸ ਵਿਚ ਪ੍ਰੋੜ੍ਹ ਅਤੇ ਨਵੇਂ ਪੁੰਗਰ ਰਹੇ ਸਾਹਿਤਕਾਰਾਂ ਦੀਆਂ ਰਚਨਾਵਾਂ ਨੂੰ ਨਵੀਨ ਸੰਪਾਦਕੀ ਸੂਝ ਅਨੁਸਾਰ ਛਾਪਿਆ ਜਾਂਦਾ ਹੈ। ਇਸ ਪਰਚੇ ਰਾਹੀਂ ਬਹੁਤ ਸਾਰੇ ਸਾਹਿਤਕਾਰਾਂ ਨੇ ਆਪਣਾ ਕਲਮੀ ਸਫ਼ਰ ਆਰੰਭ ਕਰਕੇ ਸਾਹਿਤ ਦੇ ਅੰਬਰ ਵਿਚ ਉਡਾਰੀਆਂ ਲਾਈਆਂ ਹਨ। ਬਹੁਤ ਸਾਰੇ ਅਣਗੌਲੇ ਸਾਹਿਤਕਾਰਾਂ ਅਤੇ ਛੁਪੇ ਹੋਏ ਸਾਹਿਤ ਨੂੰ ਪਹਿਲੀ ਵਾਰ ਪੰਜਾਬੀ ਪਾਠਕਾਂ ਦੀ ਨਜ਼ਰ ਕਰਨ ਦਾ ਸਿਹਰਾ ਵੀ ਇਸ ਰਸਾਲੇ ਦੇ ਸਿਰ ਬੱਝਦਾ ਹੈ। ਪੰਜਾਬੀ ਭਾਸ਼ਾ ਅਤੇ ਸਾਹਿਤ ਦੇ ਵਿਕਾਸ ਲਈ ਵਿਭਾਗ ਵੱਲੋਂ ਕੀਤੀਆਂ ਜਾ ਰਹੀਆਂ ਸਾਹਿਤਕ ਸਰਗਰਮੀਆਂ ਅਤੇ ਸਾਹਿਤ ਸਭਾਵਾਂ ਦੇ ਸਮਾਗਮਾਂ ਦੀ ਸੂਚਨਾ ਵੀ ਬਹੁਤ ਸੁਹਜਮਈ ਢੰਗ ਨਾਲ ਵਿਭਾਗੀ ਸਰਗਰਮੀਆਂ ਅਤੇ ਸਾਹਿਤ ਸੁਗੰਧੀਆਂ* ਕਾਲਮ ਵਿਚ ਪੰਜਾਬੀ ਪਾਠਕਾਂ ਦੀ ਨਜ਼ਰ ਭੇਂਟ ਕਰਦਾ ਹੈ। ਰਸਾਲੇ ਵਿਚ ਪਾਠਕਾਂ ਦੇ ਸੁਝਾਅ ਅਤੇ ਉਨ੍ਹਾਂ ਦੀਆਂ ਪ੍ਰਤੀਕ੍ਰਿਆਵਾਂ ਨੂੰ ਵੀ ਜਨ ਆਵਾਜ਼* ਦੇ ਨਾਂ ਹੇਠ ਛਾਪਿਆ ਜਾਂਦਾ ਹੈਜਨ ਸਾਹਿਤ ਰਸਾਲੇ ਦੇ ਵੀ ਹੁਣ ਤੱਕ 71 ਵਿਸ਼ੇਸ਼ ਅੰਕ ਪ੍ਰਕਾਸ਼ਿਤ ਕੀਤੇ ਜਾ ਚੁੱਕੇ ਹਨ, ਜਿਨ੍ਹਾਂ ਵਿਚ ਕਹਾਣੀ, ਨਾਟਕ, ਕਵਿਤਾ ਅਤੇ ਸਿਰਮੌਰ ਸਖ਼ਸ਼ੀਅਤਾਂ ਆਦਿ ਦੇ ਵਿਸ਼ੇਸ਼ ਅੰਕ ਸ਼ਾਮਲ ਹਨ।

       ਵਿਭਾਗ ਦੇ ਇਹ ਦੋਵੇਂ ਰਸਾਲੇ ਮੁੱਢ ਤੋਂ ਹੀ ਸਾਹਿਤ ਦੀ ਸੇਵਾ ਕਰ ਰਹੇ ਹਨ ਅਤੇ ਬਹੁਤ ਥੋੜ੍ਹੀ ਜਿਹੀ ਕੀਮਤ ਨਾਲ ਇਹ ਖੋਜਾਰਥੀਆਂ, ਪਾਠਕਾਂ ਅਤੇ ਆਮ ਲੇਖਕਾਂ ਦੀ ਸਾਹਿਤਕ ਭੁੱਖ ਦੀ ਪੂਰਤੀ ਕਰ ਰਹੇ ਹਨ। ਇਨ੍ਹਾਂ ਦੀ ਪੰਜਾਬੀ ਸਾਹਿਤ ਵਿਚ ਵਿਸ਼ੇਸ਼ ਥਾਂ ਹੈ।

       ਪੰਜਾਬੀ ਦੁਨੀਆ* ਅਤੇ ਜਨ ਸਾਹਿਤ* ਦਾ ਲਗਭਗ ਹਰ ਅੰਕ 64 ਜਾਂ 80 ਪੰਨਿਆਂ ਤੱਕ ਦਾ ਹੁੰਦਾ ਹੈ। ਹਰ ਮਹੀਨੇ ਇਕ ਅੰਕ ਕੱਢਿਆ ਜਾਂਦਾ ਹੈ ਅਤੇ ਜੇ ਵਿਸ਼ੇਸ਼ ਅੰਕ ਹੋਵੇ ਤਾਂ ਪੰਨਿਆਂ ਦੇ ਹਿਸਾਬ ਨਾਲ ਦੋ, ਤਿੰਨ ਜਾਂ ਚਾਰ ਮਹੀਨਿਆਂ ਦਾ ਸਾਂਝਾ ਅੰਕ ਪ੍ਰਕਾਸ਼ਿਤ ਕੀਤਾ ਜਾਂਦਾ ਹੈ। ਸਾਲ ਦੇ ਕੁੱਲ 12 ਅੰਕ ਪ੍ਰਕਾਸ਼ਿਤ ਕੀਤੇ ਜਾਂਦੇ ਹਨ। ਇਨ੍ਹਾਂ ਰਸਾਲਿਆਂ ਦਾ ਸਾਲਾਨਾ ਚੰਦਾ ਕੇਵਲ 36/-, 36/- ਰੁਪਏ ਪ੍ਰਤੀ ਰਸਾਲਾ ਪ੍ਰਤੀ ਸਾਲ ਹੈ ਅਤੇ ਇਨ੍ਹਾਂ ਰਸਾਲਿਆਂ ਦੇ ਇਕ ਅੰਕ ਦੀ ਕੀਮਤ 3/- ਰੁਪਏ ਹੈ।

 

ਹਿੰਦੀ ਰਸਾਲਾ

ਪੰਜਾਬ ਸੌਰਭ :

       ਭਾਸ਼ਾ ਵਿਭਾਗ ਪੰਜਾਬ ਵਲੋਂ ਪੰਜਾਬੀ ਭਾਸ਼ਾ ਦੇ ਨਾਲ-ਨਾਲ ਹਿੰਦੀ ਭਾਸ਼ਾ ਦੇ ਵਿਕਾਸ ਲਈ ਵੀ ਕਾਰਜ ਕੀਤਾ ਜਾਂਦਾ ਹੈ। ਵਿਭਾਗ ਵੱਲੋਂ ਹਿੰਦੀ ਦਾ ਮਾਸਿਕ ਰਸਾਲਾ (ਪੰਜਾਬ ਸੌਰਭ) ਪ੍ਰਕਾਸ਼ਿਤ ਕੀਤਾ ਜਾ ਰਿਹਾ ਹੈ। ਇਹ ਤੁੱਛ ਜਿਹੀ ਭੇਂਟਾ 3 ਰੁਪਏ ਨਾਲ ਪਾਠਕਾਂ ਦੇ ਸਨਮੁਖ ਕੀਤਾ ਜਾਂਦਾ ਹੈ। ਇਸ ਵਿਚ ਉੱਘੇ ਹਿੰਦੀ ਲੇਖਕਾਂ ਦੀਆਂ ਰਚਨਾਵਾਂ ਪ੍ਰਕਾਸ਼ਿਤ ਕੀਤੀਆਂ ਜਾਂਦੀਆਂ ਹਨਉਥੇ ਨਵੇਂ ਪੁੰਗਰ ਰਹੇ ਲੇਖਕਾਂ ਨੂੰ ਵੀ ਉਤਸ਼ਾਹਿਤ ਕੀਤਾ ਜਾਂਦਾ ਹੈ। ਇਸ ਦੇ ਗਾਹਕ ਅਤੇ ਪਾਠਕ, ਲੇਖਕ ਪੰਜਾਬ ਅਤੇ ਪੰਜਾਬ ਤੋਂ ਬਾਹਰਲੇ ਸੂਬਿਆਂ ਤੱਕ ਫੈਲੇ ਹੋਏ ਹਨ। ਇਸ ਵਿਚ ਵੱਖ-ਵੱਖ ਵੰਨਗੀਆਂ ਦੀਆਂ ਮਿਆਰੀ ਰਚਨਾਵਾਂ ਛਾਪੀਆਂ ਜਾਂਦੀਆਂ ਹਨ। ਇਹ ਪਤ੍ਰਿਕਾ ਹਿੰਦੀ ਭਾਸ਼ਾ ਦੀ ਤਰੱਕੀ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ। ਵਿਭਾਗ ਵੱਲੋਂ ਸਮੇਂ ਸਮੇਂ ਪੰਜਾਬ ਸੌਰਭ ਦੇ ਵਿਸ਼ੇਸ਼ ਅੰਕ ਵੀ ਪ੍ਰਕਾਸ਼ਿਤ ਕੀਤੇ ਜਾਂਦੇ ਹਨ ਜਿਸ ਨਾਲ ਖੋਜ ਵਿਦਿਆਰਥੀ/ ਪਾਠਕ/ਵਿਦਵਾਨ ਇਨ੍ਹਾਂ ਤੋਂ ਲਾਭ ਪ੍ਰਾਪਤ ਕਰ ਸਕਦੇ ਹਨ ਵਿਭਾਗ ਵੱਲੋਂ ਹੁਣ ਤਕ ਉਘੇ ਵਿਦਵਾਨਾਂ, ਹਿੰਦੀ ਭਾਸ਼ਾ ਹਿੰਦੀ ਸਾਹਿਤ ਆਦਿ ਨਾਲ ਸਬੰਧਤ ਲਗਭਗ ਦੋ ਦਰਜਨ ਵਿਸ਼ੇਸ਼ ਅੰਕ ਪ੍ਰਕਾਸ਼ਿਤ ਕੀਤੇ ਜਾ ਚੁੱਕੇ ਹਨ। ਇਸ ਪਤ੍ਰਿਕਾ ਦਾ ਸਾਲਾਨਾ ਚੰਦਾ ਕੇਵਲ 36/-ਰੁਪਏ ਹੈ

 

ਉਰਦੂ ਰਸਾਲਾ

ਪਰਵਾਜ਼--ਅਦਬ :
       ਭਾਸ਼ਾ ਵਿਭਾਗ, ਪੰਜਾਬ, ਪਟਿਆਲਾ ਵੱਲੋਂ ਉਰਦੂ ਭਾਸ਼ਾ ਅਤੇ ਸਾਹਿਤ ਦੇ ਵਿਕਾਸ ਲਈ ਉਲੀਕੀਆਂ ਗਈਆਂ ਯੋਜਨਾਵਾਂ ਅਧੀਨ ਇਕ ਉਰਦੂ ਰਸਾਲਾ ਪਰਵਾਜ਼--ਅਦਬ ਉਰਦੂ ਵਿਕਾਸ ਸਕੀਮ ਅਧੀਨ ਪ੍ਰਕਾਸ਼ਿਤ ਕੀਤਾ ਜਾ ਰਿਹਾ ਹੈ। ਇਹ ਰਸਾਲਾ ਵਿਭਾਗ ਵੱਲੋਂ ਮਾਰਚ, 1979 ਵਿੱਚ ਸ਼ੁਰੂ ਕੀਤਾ ਗਿਆ। ਇਸ ਦਾ ਮਕਸਦ ਪੰਜਾਬ ਦੇ ਉਰਦੂ ਅਦਬ ਦੀ ਤਰੱਕੀ ਵਿੱਚ ਵੱਡਮੁੱਲਾ ਯੋਗਦਾਨ ਪਾਉਣਾ ਹੈ। ਇਸ ਵਿੱਚ ਜਿੱਥੇ ਪੰਜਾਬ ਅਤੇ ਪੰਜਾਬ ਤੋਂ ਬਾਹਰ ਦੇ ਉਰਦੂ ਦੇ ਮੰਨੇ ਪ੍ਰਮੰਨੇ ਪ੍ਰੋਢ ਉਰਦੂ ਲੇਖਕਾਂ ਦੀਆਂ ਮੌਲਿਕ, ਆਲੋਚਨਾਤਮਕ ਅਤੇ ਅਨੁਵਾਦਿਤ ਰਚਨਾਵਾਂ ਪ੍ਰਕਾਸ਼ਿਤ ਕੀਤੀਆਂ ਜਾਂਦੀਆਂ ਹਨ ਉਥੇ ਪੁੰਗਰ ਰਹੇ ਉਰਦੂ ਸਾਹਿਤਕਾਰਾਂ ਦੀਆਂ ਵਾਰਤਕ ਅਤੇ ਕਾਵਿਕ ਰਚਨਾਵਾਂ ਵੀ ਪ੍ਰਕਾਸ਼ਿਤ ਹੁੰਦੀਆਂ ਹਨ। ਇਸ ਰਸਾਲੇ ਵਿੱਚ ਉਰਦੂ ਸਾਹਿਤ ਦੀਆਂ ਲੱਗਭਗ ਸਾਰੀਆਂ ਵੰਨਗੀਆਂ ਜਿਨ੍ਹਾਂ ਵਿੱਚ ਵਿਸ਼ੇਸ਼ ਤੌਰ ਤੇ ਗ਼ਜ਼ਲਾਂ, ਨਜ਼ਮਾਂ, ਦੋਹੇ, ਮਾਹੀਏ, ਰੁਬਾਈਆਂ, ਕਤਏ, ਕਹਾਣੀਆਂ, ਡਰਾਮੇ ਅਤੇ ਮਜ਼ਾਮੀਨ ਆਦਿ ਹਨ, ਨੂੰ ਵਿਸ਼ੇਸ਼ ਮਹੱਤਵ ਦੇ ਕੇ ਛਾਪਿਆ ਜਾਂਦਾ ਹੈ। ਇਸ ਰਸਾਲੇ ਦਾ ਉਰਦੂ ਸਾਹਿਤ ਦੇ ਖੇਤਰ ਵਿੱਚ ਵਿਸ਼ੇਸ਼ ਅਤੇ ਵਿਲੱਖਣ ਸਥਾਨ ਹੈ ਜਿਸ ਨੂੰ ਪੂਰੇ ਉਰਦੂ ਸਾਹਿਤ ਜਗਤ ਵੱਲੋਂ ਕਦਰ ਦੀ ਨਜ਼ਰ ਨਾਲ ਦੇਖਿਆ ਜਾਂਦਾ ਹੈ। ਨਵੀਂ ਨਸਲ ਨੂੰ ਆਪਣੇ ਸ਼ਾਨਦਾਰ ਵਿਰਸੇ ਅਤੇ ਇਲਮੋ ਅਦਬ ਅਤੇ ਤਹਿਜ਼ੀਬ ਦੇ ਬੇਸ਼ਕੀਮਤੀ ਸਰਮਾਏ ਨਾਲ ਜੋੜੀ ਰੱਖਣ ਲਈ ਵੀ ਇਹ ਰਸਾਲਾ ਆਪਣਾ ਰੋਲ ਬਾਖ਼ੂਬੀ ਨਿਭਾ ਰਿਹਾ ਹੈ। ਇਸ ਰਸਾਲੇ ਦੇ ਉਰਦੂ ਅਦਬ ਦੀਆਂ ਵੱਖ-ਵੱਖ ਸ਼ਖ਼ਸੀਅਤਾਂ, ਸਾਹਿਤ ਦੀਆਂ ਵਿਭਿੰਨ ਵੰਨਗੀਆਂ ਕੌਮੀ ਆਗੂਆਂ ਅਤੇ ਸਿੱਖ ਧਰਮ ਨਾਲ ਸਬੰਧਤ ਸ਼ਤਾਬਦੀਆਂ ਬਾਰੇ 40 ਤੋਂ ਵੱਧ ਵਿਸ਼ੇਸ਼ ਅੰਕ ਪ੍ਰਕਾਸ਼ਿਤ ਕੀਤੇ ਜਾ ਚੁੱਕੇ ਹਨ। ਇਹ ਰਸਾਲਾ ਪਿਛਲੇ 42 ਵਰਿਆਂ ਤੋਂ ਲਗਾਤਾਰ ਪ੍ਰਕਾਸ਼ਿਤ ਕੀਤਾ ਜਾ ਰਿਹਾ ਹੈ ਜਿਸ ਦਾ ਉਰਦੂ ਸਾਹਿਤ ਪ੍ਰੇਮੀਆਂ ਵਲੋਂ ਨਿੱਘਾ ਸੁਆਗਤ ਕੀਤਾ ਜਾਂਦਾ ਹੈ। ਇਸ ਰਸਾਲੇ ਦਾ ਸਾਲਾਨਾ ਚੰਦਾ ਕੇਵੱਲ 36/-ਰੁਪਏ ਹੈ ਅਤੇ ਦੋ ਮਹੀਨਿਆਂ ਤੇ ਅਧਾਰਿਤ ਇਕ ਰਸਾਲੇ ਦੀ ਕੀਮਤ 6/-ਰੁਪਏ ਹੈ

 

 

ਕਿਸੇ ਵੀ ਜਾਣਕਾਰੀ ਲਈ ਸੰਪਰਕ ਕਰੋ