ਭਾਸ਼ਾ ਵਿਭਾਗ, ਪੰਜਾਬ ਵੱਲੋਂ ਜਿੱਥੇ ਪੰਜਾਬੀ ਭਾਸ਼ਾ ਦੇ ਵਿਕਾਸ ਲਈ ਕਈ ਅਹਿਮ ਸਕੀਮਾਂ ਚਲਾਈਆਂ ਜਾ ਰਹੀਆਂ ਹਨ, ਉਥੇ ਪੰਜਾਬ ਦੇ ਇਤਿਹਾਸ, ਸਾਹਿਤ ਅਤੇ ਸਭਿਆਚਾਰ ਨਾਲ ਜੁੜੀਆਂ ਪ੍ਰਮੁੱਖ ਸ਼ਖ਼ਸੀਅਤਾਂ, ਉੱਘੀਆਂ ਹਸਤੀਆਂ ਅਤੇ ਹੋਰ ਵੱਡਮੁੱਲੀ ਜਾਣਕਾਰੀ ਪ੍ਰਦਾਨ ਕਰਨ ਲਈ ਪੰਜਾਬ ਕੋਸ਼ ਭਾਗ ਦੀ ਸਥਾਪਨਾ ਕੀਤੀ ਗਈ। ਭਾਸ਼ਾ ਵਿਭਾਗ, ਪੰਜਾਬ ਦਾ ਇਹ ਇਕ ਅਹਿਮ ਪ੍ਰਾਜੈਕਟ ਹੈ। ਦੋ ਜਿਲਦਾਂ ਵਿੱਚ ਤਿਆਰ ਕੀਤੇ ਗਏ ਇਸ ਕੋਸ਼ ਵਿੱਚ ਪੰਜਾਬ ਦੇ ਇਤਿਹਾਸ, ਭੂਗੋਲ, ਧਰਮ, ਸਭਿਆਚਾਰ, ਭਾਸ਼ਾ, ਸਾਹਿਤ ਅਤੇ ਪ੍ਰਮੁੱਖ ਵਿਅਕਤੀਆਂ ਸਬੰਧੀ ਜਾਣਕਾਰੀ ਦਿੱਤੀ ਗਈ ਹੈ। ਇਸ ਦੀ ਮੁੱਢਲੀ ਰੂਪ ਰੇਖਾ ਤਿਆਰ ਕਰਨ ਲਈ ਸਵਰਗਵਾਸੀ ਡਾ. ਮਹਿੰਦਰ ਸਿੰਘ ਰੰਧਾਵਾ ਦੀ ਸਰਪ੍ਰਸਤੀ ਹੇਠ ਇਕ ਕਮੇਟੀ ਦਾ ਗਠਨ ਕੀਤਾ ਗਿਆ ਸੀ ਜਿਸ ਦੀਆਂ ਸਿਫ਼ਾਰਸ਼ਾਂ ਅਨੁਸਾਰ ਐਂਟਰੀਆਂ ਦੀ ਚੋਣ ਕੀਤੀ ਗਈ। ਜਾਣਕਾਰੀ ਦਾ ਘੇਰਾ ਪੰਜ ਦਰਿਆਵਾਂ ਵਾਲਾ ਪੰਜਾਬ ਅਰਥਾਤ ਮਹਾਰਾਜਾ ਰਣਜੀਤ ਸਿੰਘ ਤੇ ਬਰਤਾਨਵੀ ਹਕੂਮਤ ਵਾਲਾ ਪੰਜਾਬ ਮਿਥਿਆ ਗਿਆ। ਐਂਟਰੀਆਂ ਤਿਆਰ ਕਰਨ ਲਈ ਵੱਖ ਵੱਖ ਹਵਾਲਾ ਪੁਸਤਕਾਂ, ਪੁਰਾਤਨ ਖਰੜੇ ਅਤੇ ਪੁਰਾਲੇਖ ਵਿਭਾਗ ਵਿੱਚ ਪਏ ਦਸਤਾਵੇਜ਼ਾਂ ਤੋਂ ਜਾਣਕਾਰੀ ਹਾਸਲ ਕਰਨ ਤੋਂ ਇਲਾਵਾ ਪ੍ਰਮੁੱਖ ਸ਼ਖ਼ਸੀਅਤਾਂ ਬਾਰੇ ਐਂਟਰੀਆਂ ਲਿਖਣ ਲਈ ਨਿੱਜੀ ਸੰਪਰਕ ਅਤੇ ਬਾਇਓਡਾਟੇ ਇਕੱਤਰ ਕੀਤੇ ਗਏ। ਪੰਜਾਬ ਕੋਸ਼ ਵਿੱਚਲੀਆਂ ਬਹੁਤੀਆਂ ਐਂਟਰੀਆਂ ਭਾਵੇਂ ਵਿਭਾਗੀ ਕਰਮਚਾਰੀਆਂ/ਸੰਪਾਦਕਾਂ ਨੇ ਲਿਖੀਆਂ ਹਨ ਪਰੰਤੂ ਕਈ ਮਹੱਤਵਪੂਰਨ ਐਂਟਰੀਆਂ ਬਾਹਰਲੇ ਵਿਦਵਾਨਾਂ ਤੋਂ ਵੀ ਲਿਖਵਾਈਆਂ ਗਈਆਂ ਹਨ। ਇਸ ਨੂੰ ਪ੍ਰਮਾਣਿਕ ਹਵਾਲਾ ਗ੍ਰੰਥ ਬਣਾਉਣ ਲਈ ਵੱਖ ਵੱਖ ਵਿਸ਼ਿਆਂ ਦੀਆਂ ਸੋਧ ਕਮੇਟੀਆਂ ਬਣਾਈਆਂ ਗਈਆਂ ਜਿਨ੍ਹਾਂ ਵਿੱਚ ਬਾਹਰਲੇ ਵਿਦਵਾਨਾਂ ਅਤੇ ਵਿਸ਼ਾ ਮਾਹਰਾਂ ਨੂੰ ਸ਼ਾਮਲ ਕੀਤਾ ਗਿਆ। ਇਨ੍ਹਾਂ ਸੋਧ ਕਮੇਟੀਆਂ ਵਿੱਚਲੇ ਵਿਦਵਾਨਾਂ ਨੇ ਨਿੱਜੀ ਪੱਧਰ ਉਤੇ ਵੀ ਸੋਧ ਕੀਤੀ ਅਤੇ ਫਿਰ ਵਿਭਾਗ ਵੱਲੋਂ ਆਯੋਜਿਤ ਇਕੱਤਰਤਾਵਾਂ ਵਿੱਚ ਆਪਣੇ ਸੁਝਾਅ ਦਿੱਤੇ ਜਿਨ੍ਹਾਂ ਦੇ ਆਧਾਰ ਤੇ ਐਂਟਰੀਆਂ ਨੂੰ ਮੁਕੰਮਲ ਕੀਤਾ ਗਿਆ। ਪੰਜਾਬ ਕੋਸ਼ ਵਿੱਚ ਹਰੇਕ ਵਿਸ਼ੇ ਨਾਲ ਸਬੰਧਤ ਐਂਟਰੀ ਦੀ ਘੋਖ ਅਤੇ ਨਿਰਪੱਖਤਾ ਜਾਣਨ ਲਈ ਮਾਹਰਾਂ ਦੀ ਸਲਾਹ ਵੀ ਲਈ ਗਈ ਹੈ।
ਪੰਜਾਬ ਕੋਸ਼ ਦੀ ਪਹਿਲੀ ਜਿਲਦ 'ੳ' ਤੋਂ 'ਞ' ਤਕ ਹੈ। ਇਸ ਦੇ 957 ਪੰਨੇ ਹਨ ਅਤੇ ਇਸ ਵਿੱਚ 2500 ਐਂਟਰੀਆਂ ਸ਼ਾਮਲ ਕੀਤੀਆਂ ਗਈਆਂ ਹਨ। ਦੂਜੀ ਜਿਲਦ 'ਟ' ਤੋਂ 'ੜ' ਤਕ ਹੈ ਜਿਸ ਦੇ 947 ਪੰਨੇ ਹਨ ਅਤੇ ਇਸ ਵਿੱਚ 1545 ਐਂਟਰੀਆਂ ਸ਼ਾਮਲ ਹਨ। ਪੰਜਾਬ ਕੋਸ਼ ਦਾ ਅਸਤਰ ਪੰਨਾ ਪੰਜਾਬ ਉਦੋਂ ਤੇ ਹੁਣ ਦਾ ਨਕਸ਼ਾ ਦਰਸਾਉਂਦਾ ਹੈ।
ਹੁਣ ਪੰਜਾਬ ਕੋਸ਼ ਦੋਨੋਂ ਜਿਲਦਾਂ ਵਿਚ ਲੋੜੀਂਦੀ ਸੋਧ ਕੀਤੀ ਜਾ ਰਹੀ ਹੈ। ਐਂਟਰੀਆਂ ਦੀ ਮਿਤੀ ਅੰਤ ਤੱਕ ਕਰਨ ਉਪਰੰਤ ਹੋਰ ਨਵੀਆਂ ਐਂਟਰੀਆਂ ਵੀ ਵਾਮਲ ਕੀਤੀਆਂ ਜਾ ਰਹੀਆਂ ਹਨ। ਪੁਸਤਕਾਂ ਵਿਚ ਪੰਨੇ ਅਤੇ ਐਂਟਰੀਆਂ ਦੀ ਗਿਣਤੀ ਵਧਣਾ ਸੁਭਾਵਿਕ ਹੈ। ਪੰਜਾਬ ਕੋਸ਼ ਦੀ ਪਹਿਲੀ ਜਿਲਦ ਦੀ ਲੋੜੀਂਦੀ ਸੋਧ ਕੀਤੀ ਜਾ ਰਹੀ ਹੈ ਜਿਸ ਵਿੱਚ ਐਂਟਰੀਆਂ ਨੂੰ ਮਿਤੀ ਅੰਤ ਤੀਕ ਕਰਨ ਅਤੇ ਨਵੀਆਂ ਐਂਟਰੀਆਂ ਲਿਖਣ ਸਬੰਧੀ ਕਾਰਜ ਚਲ ਰਿਹਾ ਹੈ।