ਪਿਛਲੇ ਪੰਜਾਹ ਸਾਲ ਤੋਂ ਪ੍ਰਕਾਸ਼ਨ ਦੇ ਖੇਤਰ ਵਿੱਚ ਉੱਚੀਆਂ ਪੁਲਾਘਾਂ ਪੁੱਟ ਰਹੇ ਭਾਸ਼ਾ ਵਿਭਾਗ, ਪੰਜਾਬ ਵੱਲੋਂ ਆਪਣੇ ਪ੍ਰਕਾਸ਼ਨ ਦੇ ਤੌਰ ਤਰੀਕਿਆਂ ਨੂੰ ਆਧੁਨਿਕ ਲੀਹਾਂ ਤੇ ਚਲਾਉਣ ਅਤੇ ਪ੍ਰਕਾਸ਼ਨ ਸਬੰਧੀ ਆਧੁਨਿਕ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਮਈ, 2000 ਵਿੱਚ ਵਿਭਾਗ ਵਿੱਖੇ ਕੰਪਿਊਟਰ ਵਿੰਗ ਦੀ ਸਥਾਪਨਾ ਕੀਤੀ ਗਈ। ਜੂਨ, 2001 ਨੂੰ ਇਸ ਵਿੰਗ ਵਿੱਚ ਸਰਕਾਰ ਵੱਲੋਂ 10 ਹੋਰ ਨਵੇਂ ਕੰਪਿਊਟਰ ਸ਼ਾਮਲ ਕਰ ਦਿੱਤੇ ਗਏ ਅਤੇ ਲੇਜ਼ਰ ਪ੍ਰਿੰਟਰ, ਕਲਰ ਪ੍ਰਿੰਟਰ ਅਤੇ ਸਕੈਨਰ ਲਗਾ ਕੇ ਇਸ ਵਿੰਗ ਨੂੰ ਆਧੁਨਿਕ ਸਹੂਲਤਾਂ ਨਾਲ ਤਿਆਰ ਕਰ ਦਿੱਤਾ ਗਿਆ। ਇਸ ਵਿੱਚ ਕੰਮ ਕਰਨ ਲਈ ਵਿਭਾਗੀ ਕਰਮਚਾਰੀਆਂ ਨੂੰ ਵਿਸ਼ੇਸ਼ ਤੌਰ ਤੇ ਸਿਖਲਾਈ ਦਿੱਤੀ ਗਈ ਅਤੇ ਬਿਨਾਂ ਕਿਸੇ ਹੋਰ ਸਟਾਫ਼ ਦੇ ਵਾਧੇ ਦੇ ਕੰਪਿਊਟਰ ਵਿੰਗ ਗਤੀਸ਼ੀਲ ਅਵਸਥਾ ਵਿੱਚ ਲਿਆਂਦਾ ਗਿਆ। ਕੰਪਿਊਟਰ ਵਿੰਗ ਦੇ ਨਿਮਨ ਅਨੁਸਾਰ ਕਾਰਜਾਂ ਨੇ ਵਿਭਾਗ ਦੇ ਪ੍ਰਕਾਸ਼ਨ ਵਿੱਚ ਤੇਜ਼ੀ ਲਿਆਉਂਦੇ ਹੋਏ ਇਸ ਵਿੱਚ ਢੇਰ ਸਾਰਾ ਵਾਧਾ ਕੀਤਾ ਹੈ ਜਿਸ ਉਪਰ ਇਕ ਨਜ਼ਰ ਮਾਰਨੀ ਵਿਆਰਥ ਨਹੀਂ ਹੋਵੇਗੀ।
ਪੁਸਤਕਾਂ/ਰਸਾਲਿਆਂ/ਰਿਪੋਟਾਂ ਦੀ ਕੰਪੋਜ਼ਿੰਗ :
ਹਰ ਮਹੀਨੇ ਪੰਜਾਬੀ, ਹਿੰਦੀ, ਉਰਦੂ ਦੇ ਨਵੇਂ ਸਾਹਿਤ ਨੂੰ ਪਾਠਕਾਂ ਤੱਕ ਪੁਜਦਾ ਕਰਨ ਲਈ ਜਨ ਸਾਹਿਤ, ਪੰਜਾਬੀ ਦੁਨੀਆ, ਪੰਜਾਬ ਸੌਰਭ ਅਤੇ ਪਰਵਾਜ਼-ਏ-ਅਦਬ ਨਾਮ ਦੇ ਰਸਾਲੇ ਪ੍ਰਕਾਸ਼ਿਤ ਕਰਵਾਏ ਜਾਂਦੇ ਹਨ। ਇਨ੍ਹਾਂ ਦੀ ਪ੍ਰਕਾਸ਼ਨਾ ਅਕਸਰ ਬਾਹਰੋਂ ਕਰਵਾਉਣ ਕਾਰਨ ਦੇਰ ਹੋ ਜਾਂਦੀ ਸੀ। ਅਗਸਤ, 2002 ਤੋਂ ਸਾਰੇ ਰਸਾਲਿਆਂ ਦੀ ਕੰਪੋਜ਼ਿੰਗ ਦਾ ਕਾਰਜ ਵੀ ਵਿਭਾਗੀ ਕੰਪਿਊਟਰ ਵਿੰਗ ਨੇ ਸਾਂਭ ਲਿਆ ਹੈ। ਹੁਣ ਇਨ੍ਹਾਂ ਦੀ ਕੰਪੋਜ਼ਿੰਗ, ਪਰੂਫ ਰੀਡਿੰਗ ਆਦਿ ਦਫ਼ਤਰ ਵਿੱਚ ਹੀ ਹੋਣ ਕਰਕੇ ਜਿਥੇ ਕੰਮ ਛੇਤੀ ਹੋ ਰਿਹਾ ਹੈ ਉਥੇ ਵਾਧੂ ਖਰਚਾ ਵੀ ਬਚਿਆ ਹੈ। ਕੁਝ ਚਿਰ ਪਹਿਲਾਂ ਹੀ ਜਨ ਸਾਹਿਤ ਦਾ ਵੱਡ-ਆਕਾਰੀ 'ਮਿੰਨੀ ਕਹਾਣੀ ਵਿਸ਼ੇਸ਼ ਅੰਕ' ਜਿਸ ਦੀ ਕਾਫ਼ੀ ਸ਼ਲਾਘਾ ਕੀਤੀ ਗਈ ਹੈ, ਕੰਪਿਊਟਰ ਵਿੰਗ ਵਿੱਚ ਹੀ ਟਾਈਟਲ ਡਿਜ਼ਾਇਨ ਸਮੇਤ ਤਿਆਰ ਕੀਤਾ ਗਿਆ ਹੈ। ਇਸੇ ਤਰ੍ਹਾਂ ਪੰਜਾਬੀ ਦੁਨੀਆ ਅਤੇ ਜਨ ਸਾਹਿਤ ਦੇ 'ਬੰਦਾ ਸਿੰਘ ਬਹਾਦਰ', 'ਨਿੱਕੀਆਂ ਜਿੰਦਾਂ ਵੱਡੇ ਸਾਕੇ', ਅਤੇ 'ਸ੍ਰੀ ਗੁਰੂ ਗ੍ਰੰਥ ਸਾਹਿਬ' ਵਿਸ਼ੇਸ਼ ਅੰਕ ਵਿਭਾਗੀ ਕੰਪਿਊਟਰਾਂ ਤੇ ਕੰਪੋਜ਼ ਕਰਵਾ ਕੇ ਛਪਵਾਏ ਗਏ ਹਨ। ਹਿੰਦੀ ਦਾ ਰਸਾਲਾ ਪੰਜਾਬ ਸੌਰਭ ਵੀ ਸਮੇਂ ਸਿਰ ਪ੍ਰਕਾਸ਼ਿਤ ਹੋ ਰਿਹਾ ਹੈ। ਕੰਪਿਊਟਰ ਵਿੰਗ ਵੱਲੋਂ ਵਿਭਾਗ ਦੀਆਂ ਪ੍ਰਬੰਧਕੀ ਰਿਪੋਟਾਂ, ਬਜਟ ਰਿਪੋਟਾਂ, ਸਿਟੀਜ਼ਨ ਚਾਰਟਰ, ਪੇ-ਬਿਲ ਅਤੇ ਸਰਕਾਰ ਨਾਲ ਲਿਖਾ-ਪੜ੍ਹੀ ਲਈ ਪੱਤਰ ਵਿਹਾਰ ਦਾ ਕਾਰਜ ਵੀ ਕੰਪਿਊਟਰ ਤੇ ਹੀ ਕੀਤਾ ਜਾ ਰਿਹਾ ਹੈ। ਰਿਪੋਟਾਂ ਦੀ ਤਿਆਰੀ ਵਿੱਚ ਇਹ ਅਤਿ ਸੁਵਿਧਾਜਨਕ ਰਿਹਾ ਹੈ ਕਿਉਂਕਿ ਅੰਕੜਿਆਂ ਵਿੱਚ ਲੋੜੀਂਦੀ ਤਬਦੀਲੀ ਕਰਨ ਲਈ ਕੰਪਿਊਟਰ ਉਪਰ ਤਿਆਰ ਹੋਈਆਂ ਰਿਪੋਟਾਂ ਨੂੰ ਸੋਧਣਾ ਜ਼ਿਆਦਾ ਸੁਖਾਲਾ ਅਤੇ ਸਮਾਂ ਬਚਾਊ ਹੈ। ਇਸ ਨਾਲ ਜਿਥੇ ਵਿਭਾਗ ਦੀਆਂ ਦਫ਼ਤਰੀ ਗਤੀਵਿਧੀਆਂ ਵਿੱਚ ਤੇਜ਼ੀ ਆਈ ਹੈ ਉਥੇ ਕੀਤੇ ਗਏ ਕਾਰਜ ਵਿੱਚ ਖ਼ੂਬਸੂਰਤੀ ਅਤੇ ਸੌਖਾਪਣ ਵੀ ਵੇਖਣ ਵਿੱਚ ਮਿਲਦਾ ਹੈ। ਵਿਭਾਗ ਦਾ ਕੰਪਿਊਟਰੀਕਰਣ ਸਮੇਂ ਦਾ ਹਾਣੀ ਹੋ ਨਿਬੜਿਆ ਹੈ।
ਟਾਈਟਲ ਡਿਜ਼ਾਇਨਿੰਗ :
ਆਧੁਨਿਕ ਪ੍ਰਿੰਟਿੰਗ ਦੇ ਦੌਰ ਵਿੱਚ ਪੁਸਤਕਾਂ ਦੇ ਆਕ੍ਰਸ਼ਿਤ ਟਾਈਟਲ ਤਿਆਰ ਕਰਨ ਲਈ ਅਤੇ ਪ੍ਰਾਈਵੇਟ ਪ੍ਰਕਾਸ਼ਨ ਅਦਾਰਿਆਂ ਦੇ ਬਰਾਬਰ ਪੁਸਤਕਾਂ ਦੀ ਖ਼ੂਬਸੂਰਤੀ ਬਣਾਉਣ ਲਈ ਇਹ ਜ਼ਰੂਰੀ ਹੋ ਗਿਆ ਹੈ ਕਿ ਟਾਈਟਲ ਡਿਜ਼ਾਈਨਿੰਗ ਲਈ ਕੰਪਿਊਟਰਾਂ ਦੀ ਮਦਦ ਲਈ ਜਾਵੇ। ਕੰਪਿਊਟਰ ਰਾਹੀਂ ਤਿਆਰ ਹੋਏ ਟਾਈਟਲ ਵਿੱਚ ਬਹੁਤ ਜ਼ਿਆਦਾ ਖ਼ੂਬਸੂਰਤੀ ਦੀਆਂ ਸੰਭਾਵਨਾਵਾਂ ਅਤੇ ਪ੍ਰਕਾਸ਼ਨ ਸਹੂਲਤਾਂ ਉਪਲੱਬਧ ਹਨ। ਇਸ ਲਈ ਸਮੇਂ ਦੀ ਬਚਤ ਅਤੇ ਖਰਚੇ ਨੂੰ ਧਿਆਨ ਵਿੱਚ ਰੱਖਦਿਆਂ ਵਿਭਾਗੀ ਪੁਸਤਕਾਂ, ਰਸਾਲਿਆਂ ਦੇ ਟਾਈਟਲ ਕੰਪਿਊਟਰ ਵਿੰਗ ਵਿੱਚ ਹੀ ਤਿਆਰ ਕਰਨੇ ਸ਼ੁਰੂ ਕਰ ਦਿੱਤੇ ਗਏ ਹਨ। ਇਸ ਤੋਂ ਇਲਾਵਾ ਵਿਭਾਗ ਦੇ ਸਮਾਗਮਾਂ ਦੇ ਸੱਦਾ ਪੱਤਰ, ਫੋਲਡਰ, ਹੱਥ ਲਿਖਤਾਂ ਦੀਆਂ ਸੀ.ਡੀਜ਼ ਦੇ ਟਾਈਟਲ, ਵਿਭਾਗ ਦੇ ਵੱਖ-ਵੱਖ ਸਾਹਿਤਕ ਮੁਕਾਬਲਿਆਂ ਦੇ ਸਰਟੀਫਿਕੇਟਾਂ ਦੇ ਡਿਜ਼ਾਈਨ ਵੀ ਕੰਪਿਊਟਰ ਤੇ ਹੀ ਤਿਆਰ ਕੀਤੇ ਜਾ ਰਹੇ ਹਨ ਜਿਸ ਨਾਲ ਕਾਰਜ ਵਿੱਚ ਜਿਥੇ ਖ਼ੂਬਸੂਰਤੀ ਆਈ ਹੈ ਉਥੇ ਬਹੁਤ ਸਾਰਾ ਸਮਾਂ ਅਤੇ ਵਿੱਤੀ ਬੋਝ ਵੀ ਘਟਿਆ ਹੈ।