ਭਾਸ਼ਾ ਵਿਭਾਗ ਪੰਜਾਬ ਵੱਲੋਂ ਪ੍ਰਕਾਸ਼ਿਤ ਪੁਸਤਕਾਂ ਬਹੁਤ ਹੀ ਘੱਟ ਮੁੱਲ ਉਤੇ ਪਾਠਕਾਂ ਨੂੰ ਮੁਹੱਈਆ ਕੀਤੀਆਂ ਜਾਂਦੀਆਂ ਹਨ । ਵਿਭਾਗ ਦੀ ਇਕ ਅਹਿਮ ਸਕੀਮ ਅਧੀਨ ਪੁਤਸਕਾਂ ਹੋਰ ਵੀ ਘੱਟ ਮੁੱਲ ਉਤੇ ਪ੍ਰਦਾਨ ਕਰਨ ਲਈ ਪੇਪਰ ਬੈਕ ਭਾਗ ਦੀ ਸਥਾਪਨਾ ਸਾਲ 1981 ਵਿੱਚ ਕੀਤੀ ਗਈ । ਇਸ ਸਕੀਮ ਦਾ ਮੂਲ ਮੰਤਵ ਪੰਜਾਬੀ ਸਾਹਿਤ ਭੰਡਾਰ ਨੂੰ ਹੋਰ ਭਰਪੂਰਤਾ ਬਖ਼ਸ਼ਣ ਅਤੇ ਪਾਠਕਾਂ ਦਾ ਘੇਰਾ ਵਿਸ਼ਾਲ ਕਰਨ ਲਈ ਵੱਖ ਵੱਖ ਸਾਹਿਤਕ ਕਿਰਤਾਂ ਨੂੰ ਪੁਸਤਕ ਰੂਪ ਵਿੱਚ ਛਪਵਾ ਕੇ ਵਾਜਬ ਕੀਮਤ ਤੇ ਮੁਹੱਈਆ ਕਰਵਾਉਣਾ ਹੈ । ਇਸ ਸਕੀਮ ਅਧੀਨ ਕੇਵਲ ਓਹੀ ਪੁਸਤਕਾਂ ਛਾਪਣ ਦਾ ਕੰਮ ਹੱਥ ਵਿੱਚ ਲਿਆ ਜਾਂਦਾ ਹੈ ਜਿਹੜੀਆਂ ਪਹਿਲਾਂ ਛਪ ਚੁੱਕੀਆਂ ਹੋਣ ਜਾਂ ਉਨ੍ਹਾਂ ਦੇ ਮਿਆਰੀ ਹੋਣ ਬਾਰੇ ਪ੍ਰਮਾਣ ਪੱਤਰ ਪ੍ਰਾਪਤ ਹੋਵੇ ਜਾਂ ਫਿਰ ਉਹ ਪੁਸਤਕ ਕਿਸੇ ਸਾਹਿਤ ਅਕਾਦਮੀ ਜਾਂ ਸਾਹਿਤਕ ਸੰਸਥਾ ਵੱਲੋਂ ਪੁਰਸਕਾਰ ਪ੍ਰਾਪਤ ਅਤੇ ਪ੍ਰਮਾਣਿਕ ਹੋਵੇ । ਲੇਖਕਾਂ ਦੀਆਂ ਛਪੀਆਂ ਪੁਸਤਕਾਂ ਵਿੱਚੋਂ ਕਵਿਤਾ, ਕਹਾਣੀ , ਇਕਾਂਗੀ, ਲੇਖ ਆਦਿ ਦੇ ਚੋਣਵੇਂ ਸੰਗ੍ਰਹਿ ਵੀ ਛਾਪੇ ਜਾਂਦੇ ਹਨ ।
ਇਕ ਸਮੇਂ ਇਕ ਲੇਖਕ ਦੀ ਕੇਵਲ ਇਕ ਹੀ ਪੁਸਤਕ ਪ੍ਰਕਾਸ਼ਿਤ ਕੀਤੀ ਜਾਂਦੀ ਹੈ ਜਿਹੜੀ ਪਹਿਲਾਂ ਕਦੇ ਪੇਪਰ ਬੈਕ ਸਕੀਮ ਅਧੀਨ ਪ੍ਰਕਾਸ਼ਿਤ ਨਾ ਕੀਤੀ ਗਈ ਹੋਵੇ ਅਤੇ ਉਸ ਪੁਸਤਕ ਦਾ ਕਾਪੀ ਰਾਈਟ ਕੇਵਲ ਵਿਭਾਗ ਕੋਲ ਰਾਖਵਾਂ ਹੋਵੇ । ਪੇਪਰ ਬੈਕ( ਬਿਨਾਂ ਜਿਲਦ ਤੋਂ ) ਸੀਰੀਜ਼ ਦੀਆਂ ਪੁਸਤਕਾਂ ਦੀ ਜਿਲਦਬੰਦੀ ਦਾ ਖਰਚਾ ਘੱਟ ਆਉਂਦਾ ਹੈ। ਘੱਟ ਕੀਮਤ ਤੇ ਜ਼ਿਆਦਾ ਪੁਸਤਕਾਂ ਛਾਪ ਕੇ ਪਾਠਕਾਂ ਨੂੰ ਮੁਹੱਈਆ ਕੀਤੀਆਂ ਜਾ ਸਕਦੀਆਂ ਹਨ ਜਿਸ ਦੇ ਫਲਸਰੂਪ ਸੰਸਾਰ ਪ੍ਰਸਿੱਧ ਵਾਲਟ ਵਿਟਮੈਨ ਦੀ ਸ਼ਾਹਕਾਰ ਰਚਨਾ ਲੀਵਜ਼ ਆਫ਼ ਦੀ ਗਰਾਸ ਅਤੇ ਪ੍ਰਸਿੱਧ ਨਾਟਕਕਾਰ ਵਿੱਲੀਅਮ ਸ਼ੈਕਸਪੀਅਰ ਦੇ ਪ੍ਰਸਿੱਧ ਨਾਟਕ ਆਦਿ ਵੀ ਪੇਪਰ ਬੈਕ ਰੂਪ ਵਿੱਚ ਉਪਲੱਬਧ ਹਨ । ਬਹੁਤ ਸਾਰੇ ਪੰਜਾਬੀ ਭਾਰਤੀਆਂ ਦੇ ਬਿਦੇਸ਼ਾਂ ਵਿੱਚ ਵਸੇ ਹੋਰ ਕਾਰਨ ਉਥੇ ਪੰਜਾਬੀ ਪੁਸਤਕਾਂ ਦੀ ਕਾਫ਼ੀ ਮੰਗ ਰਹਿੰਦੀ ਹੈ ਜਿਸ ਕਾਰਨ ਪੇਪਰ ਬੈਕ ਜਿਲਦ ਵਾਲੀਆਂ ਪੁਸਤਕਾਂ ਵੱਲ ਪਾਠਕਾਂ ਦਾ ਰੁਝਾਨ ਵੱਧ ਰਿਹਾ ਹੈ । ਮੌਜੂਦਾ ਤੇਜ਼ ਰਫ਼ਤਾਰ ਜ਼ਿੰਦਗੀ ਵਿੱਚ ਆਮ ਪਾਠਕਾਂ ਕੋਲੋਂ ਪੁਸਤਕਾਂ ਪੜ੍ਹਨ ਦਾ ਸਮਾਂ ਤਾਂ ਮੰਨੋਰੰਜਨ ਦੇ ਸਾਧਨਾਂ ਆਦਿ ਨੇ ਖੋਹ ਲਿਆ ਹੈ । ਇਹ ਪੁਸਤਕਾਂ ਜਿੱਥੇ ਪਾਠਕ ਦਾ ਮਨੋਰੰਜਨ ਕਰਦੀਆਂ ਹਨ ਉਸ ਦੇ ਨਾਲ ਹੀ ਇਹ ਗਿਆਨ ਵਿੱਚ ਵੀ ਵਾਧਾ ਕਰਦੀਆਂ ਹਨ । ਪੇਪਰ ਬੈਕ ਸਕੀਮ ਅਧੀਨ ਹੁਣ ਤੱਕ ਤਿਆਰ ਕਰਵਾ ਕੇ ਛਪਾਈਆਂ ਗਈਆਂ ਪੁਸਤਕਾਂ ਦਾ ਵੇਰਵਾ ਪੁਸਤਕ ਸੂਚੀ ਵਿੱਚ ਪਾਠਕਾਂ ਦੀ ਸਹੂਲਤ ਲਈ ਦਰਜ ਕੀਤਾ ਗਿਆ ਹੈ ।