ਪੰਜਾਬੀ ਵਿਸ਼ਵਕੋਸ਼ ਭਾਸ਼ਾ ਵਿਭਾਗ ਦਾ ਅਹਿਮ ਪ੍ਰਾਜੈਕਟ ਹੈ ਜਿਸ ਨੂੰ 1971 ਈ. ਵਿੱਚ ਪੰਜਾਬ ਸਰਕਾਰ ਵੱਲੋਂ ਮਿਲੀ ਪਰਵਾਨਗੀ ਤਹਿਤ ਆਰੰਭ ਕੀਤਾ ਗਿਆ। ਇਸ ਦਾ ਮੁੱਖ ਮੰਤਵ ਪੰਜਾਬੀ ਭਾਸ਼ਾ ਦਾ ਸਰਵਪੱਖੀ ਵਿਕਾਸ ਕਰਨ ਦੇ ਨਾਲ-ਨਾਲ ਆਮ ਮਨੁੱਖ ਨੂੰ ਪੰਜਾਬੀ ਵਿੱਚ ਸੰਸਾਰ ਦੇ ਹਰ ਕਿਸਮ ਦਾ ਗਿਆਨ ਮੁਹੱਈਆ ਕਰਵਾਉਣਾ ਹੈ। ਵਿਸ਼ਵ ਪੱਧਰ ਦੇ ਵਿਭਿੰਨ ਵਿਸ਼ਿਆਂ ਦੀ ਜਾਣਕਾਰੀ ਨੂੰ ਇਕ ਥਾਂ ਇਕੱਤਰ ਕਰਨ ਲਈ ਪੰਜਾਬੀ ਵਿਸ਼ਵਕੋਸ਼ ਭਾਗ ਦੀ ਸਿਰਜਣਾ ਕੀਤੀ ਗਈ;
1. ਸਾਹਿਤ ਤੇ ਕਲਾ (ਸਾਹਿਤ, ਭਾਸ਼ਾ, ਕਲਾ, ਧਰਮ, ਮਿਥਿਹਾਸ, ਫਲਸਫ਼ਾ, ਕਾਨੂੰਨ ਭਵਨ ਨਿਰਮਾਣ ਕਲਾ ਆਦਿ ਵਿਸ਼ੇ)
2. ਵਿਗਿਆਨ (ਰਸਾਇਣ ਵਿਗਿਆਨ, ਭੌਤਿਕ ਵਿਗਿਆਨ, ਖੇਤੀਬਾੜੀ, ਜੀਵ ਅਤੇ ਬਨਸਪਤੀ ਵਿਗਿਆਨ, ਇੰਜਨੀਅਰਿੰਗ, ਮੈਡੀਕਲ, ਗਣਿਤ, ਪੁਲਾੜ ਵਿਗਿਆਨ ਆਦਿ)
3. ਸਮਾਜ ਵਿਗਿਆਨ (ਭੂਗੋਲ, ਇਤਿਹਾਸ, ਰਾਜਨੀਤੀ ਵਿਗਿਆਨ, ਅਰਥ ਵਿਗਿਆਨ, ਸਮਾਜ ਵਿਗਿਆਨ, ਮਨੋ ਵਿਗਿਆਨ, ਮਾਨਵ ਵਿਗਿਆਨ, ਕਾੱਮਰਸ, ਮਿਲਟਰੀ ਸਾਇੰਸ, ਖੇਡਾਂ ਆਦਿ)।
ਸਮੁੱਚੇ ਤੌਰ ਤੇ ਸਾਰੇ ਕੰਮ ਦੀ ਵਿਉਂਤ ਮੁੱਖ ਸੰਪਾਦਕ ਦੀ ਨਿਗਰਾਨੀ ਹੇਠ ਤਿਆਰ ਹੁੰਦੀ ਹੈ। ਮੁੱਖ ਸੰਪਾਦਕ ਅਧੀਨ ਤਿੰਨ ਵੱਖ ਵੱਖ ਸੈਕਸ਼ਨ ਸਥਾਪਤ ਕੀਤੇ ਹੋਏ ਹਨ। ਹਰ ਸੈਕਸ਼ਨ ਵਿੱਚ ਵਿਸ਼ਿਆਂ ਨਾਲ ਸਬੰਧਤ ਖੋਜ ਅਫ਼ਸਰ ਤੇ ਖੋਜ ਸਹਾਇਕ ਆਪਣੇ ਇੰਚਾਰਜ ਅਧਿਕਾਰੀ ਦੀ ਦੇਖ ਰੇਖ ਅਧੀਨ ਕੰਮ ਕਰਦੇ ਹਨ। ਵਿਸ਼ਵਕੋਸ਼ ਨੂੰ ਵਿਸ਼ਿਆਂ ਦੇ ਆਧਾਰ ਤੇ ਸਾਹਿਤ ਤੇ ਕਲਾ, ਸਮਾਜ ਵਿਗਿਆਨ ਅਤੇ ਵਿਗਿਆਨ ਤਿੰਨ ਭਾਗਾਂ ਵਿੱਚ ਵੰਡਿਆ ਹੋਇਆ ਹੈ। ਪੰਜਾਬੀ ਵਿਸ਼ਵਕੋਸ਼ ਦੀ ਰਚਨਾ ਵਿਧੀ ਆਧੁਨਿਕ ਵਿਸ਼ਵ ਕੋਸ਼ਾਂ ਦੀ ਰਚਨਾ ਲਈ ਅਪਣਾਈ ਗਈ ਪੱਧਤੀ ਅਨੁਸਾਰ ਹੀ ਰੱਖੀ ਗਈ ਹੈ। ਸਭ ਤੋਂ ਪਹਿਲਾਂ ਵੱਖ ਵੱਖ ਸੋਮਿਆਂ/ਹਵਾਲਾ ਪੁਸਤਕਾਂ ਤੋਂ ਇਸ ਵਿੱਚ ਸ਼ਾਮਲ ਕਰਨ ਵਾਲੀਆਂ ਐਂਟਰੀਆਂ ਦੀ ਸੂਚੀ ਅਖਰ-ਕ੍ਰਮ ਅਨੁਸਾਰ ਤਿਆਰ ਕੀਤੀ ਜਾਂਦੀ ਹੈ। ਫਿਰ ਹਰ ਐਂਟਰੀ ਦੀ ਮਹੱਤਤਾ ਨੂੰ ਮੁੱਖ ਰੱਖ ਕੇ ਉਸ ਦਾ ਆਕਾਰ ਨਿਸ਼ਚਿਤ ਕੀਤਾ ਜਾਂਦਾ ਹੈ। ਆਮ ਤੌਰ ਤੇ ਐਂਟਰੀ ਲਿਖਣ ਦਾ ਕਾਰਜ ਖੋਜ ਸਹਾਇਕ/ਖੋਜ ਅਫ਼ਸਰ ਆਪ ਕਰਦੇ ਹਨ। ਇਨ੍ਹਾਂ ਦੀ ਸੋਧ ਪੜਤਾਲ ਸਹਾਇਕ ਡਾਇਰੈਕਟਰ ਕਰਦੇ ਹਨ ਅਤੇ ਅੰਤਮ ਸੁਧਾਈ ਉਪਰੰਤ ਪ੍ਰੈੱਸ ਕਾਪੀ ਮੁੱਖ ਸੰਪਾਦਕ ਦੀ ਨਿਗਰਾਨੀ ਹੇਠ ਤਿਆਰ ਕੀਤੀ ਜਾਂਦੀ ਹੈ। ਲੋੜ ਅਨੁਸਾਰ ਕਈ ਵਿਸ਼ੇਸ਼ ਐਂਟਰੀਆਂ ਬਾਹਰਲੇ ਵਿਦਵਾਨਾਂ ਤੇ ਵਿਸ਼ਾ ਮਾਹਿਰਾਂ ਤੋਂ ਵੀ ਲਿਖਵਾਈਆਂ ਜਾਂਦੀਆਂ ਹਨ ਜਿਨ੍ਹਾਂ ਦੀ ਸੋਧ ਪੜਤਾਲ ਵਿਸ਼ੇ ਨਾਲ ਸਬੰਧਿਤ ਸਹਾਇਕ ਡਾਇਰੈਕਟਰ/ਡਿਪਟੀ ਡਾਇਰੈਕਟਰ ਅਤੇ ਮੁੱਖ ਸੰਪਾਦਕ ਦੇ ਪੱਧਰ ਤੇ ਕੀਤੀ ਜਾਂਦੀ ਹੈ।
ਪੰਜਾਬੀ ਵਿਸ਼ਵਕੋਸ਼ ਵਿੱਚ ਪੰਜਾਬ ਸਬੰਧੀ ਸਰਵਪੱਖੀ ਜਾਣਕਾਰੀ ਨੂੰ ਪਹਿਲ ਦਿੱਤੀ ਗਈ ਹੈ। ਇਸ ਉਪਰੰਤ ਭਾਰਤ ਨਾਲ ਸਬੰਧਿਤ ਵਾਕਫ਼ੀਅਤ ਨੂੰ ਮਹੱਤਤਾ ਦਿੱਤੀ ਗਈ ਹੈ। ਪੰਜਾਬੀ ਵਿਸ਼ਵਕੋਸ਼ ਨੂੰ ਸੰਸਾਰ ਦੇ ਹੋਰਨਾਂ ਵਿਸ਼ਵਕੋਸ਼ਾਂ ਦੀ ਪੱਧਰ ਤੇ ਲਿਆਉਣ ਲਈ ਅਤੇ ਪੱਛਮੀ ਦ੍ਰਿਸ਼ਟੀਕੋਣ ਤੋਂ ਸੰਪੂਰਨ ਬਣਾਉਣ ਲਈ ਇਨਸਾਈਕਲੋਪੀਡੀਆ ਬ੍ਰਿਟੈਨਿਕਾ ਦਾ ਪੈਟਰਨ ਸਾਹਮਣੇ ਰਖਿਆ ਗਿਆ ਹੈ। ਪ੍ਰਾਜੈਕਟ ਸ਼ੁਰੂ ਕਰਨ ਸਮੇਂ ਪੰਜਾਬੀ ਵਿਸ਼ਵਕੋਸ਼ 25 ਜਿਲਦਾਂ ਵਿੱਚ ਤਿਆਰ ਕਰਨ ਦੀ ਵਿਉਂਤ ਬਣਾਈ ਗਈ ਸੀ ਪਰ ਇਹ ਗਿਣਤੀ ਘੱਟ ਵੱਧ ਵੀ ਹੋ ਸਕਦੀ ਹੈ। ਹਰ ਜਿਲਦ 500 ਪੰਨਿਆਂ ਦੇ ਕਰੀਬ ਰੱਖੀ ਗਈ ਹੈ। ਪੰਜਾਬੀ ਵਿਸ਼ਵਕੋਸ਼ ਦੀਆਂ ਤੇਰ੍ਹਾਂ ਜਿਲਦਾਂ ਛਪ ਚੁਕੀਆਂ ਹਨ ਜਿਨ੍ਹਾਂ ਦਾ ਵੇਰਵਾ ਇਸ ਪ੍ਰਕਾਰ ਹੈ :
ਜਿਲਦ
|
ਕਿਥੋਂ ਕਿੱਥੇ ਤਕ
|
ਪੰਨੇ
|
ਐਂਟਰੀਆਂ
|
ਪਹਿਲੀ
|
ੳ ਤੋਂ ਅਮਰੋਹਾ
|
487
|
694
|
ਦੂਜੀ
|
ਅਮਲਤਾਸ ਤੋਂ ਇਸਲਾਮ
|
552
|
787
|
ਤੀਜੀ
|
ਇਸਲਾਮਬਾਦ ਤੋਂ ਸਟੇਡੀਅਮ
|
596
|
1135
|
ਚੌਥੀ
|
ਸਟੇਡੀਆ ਤੋਂ ਸਾਂਢਣੀ
|
545
|
872
|
ਪੰਜਵੀਂ
|
ਸਾਣ ਤੋਂ ਸੌਵੀਰ
|
518
|
1162
|
ਛੇਵੀਂ
|
ਹ ਤੋਂ ਕਬੀਰ
|
505
|
1036
|
ਸਤਵੀਂ
|
ਕਬੀਲਾ ਤੋਂ ਕੇਂਦਰੀ ਅਫ਼ਰੀਕਾ
|
493
|
1306
|
ਅੱਠਵੀਂ
|
ਕੇਂਦਰੀ ਅਮਰੀਕਾ ਤੋਂ ਗਾਸਪਲਜ਼
|
483
|
1253
|
ਨੌਵੀਂ
|
ਗਾਸ ਫਿਲਿਪ ਹੈਨਰੀ ਤੋਂ ਚਿੜੀ
|
519
|
1175
|
ਦਸਵੀਂ
|
ਚਿੜੀਆ ਘਰ ਤੋਂ ਜੌੜਾ
|
619
|
1258
|
ਗਿਆਰਵੀਂ
|
ਝ ਤੋਂ ਡਰਬਨ
|
499
|
1418
|
ਬਾਰਵੀਂ
|
ਡਰਬੀ ਤੋਂ ਤੌਹੀਦ
|
480
|
1152 ਤੇਰ੍ਹਵੀਂ
|
(ਥ ਤੋਂ ਨਾਸੂਰ)
|
|
497
|
880
|
ਚੌਦ੍ਹਵੀਂ (ਨਾਹਨ ਤੋਂ ਪਿਸਤਾ), ਪੰਦਰਵੀਂ (ਪਿਸ਼ਾਵਰ ਤੋਂ ਬਰਗ), ਸੋਲ੍ਹਵੀਂ ( ਬਰਗੰਡੀ ਤੋਂ ਬੁਲਕਵਿਨ) ਅਤੇ ਸਤਾਰਵੀਂ (ਬੁਲਗਾਰੀਆਂ ਤੋਂ ਮਗਧ) ਛਪਾਈ ਅਧੀਨ ਹਨ। ਛਪ ਚੁਕੀਆਂ ਜਿਲਦਾਂ ਦੀ ਸੁਧਾਈ ਅਤੇ ਮਿਤੀ ਅੰਤ ਤਕ ਕਰਨ ਦਾ ਕੰਮ ਵੀ ਨਾਲ ਨਾਲ ਚਲ ਰਿਹਾ ਹੈ। ਪੰਜਾਬੀ ਵਿਸ਼ਵਕੋਸ਼ ਦੀ ਦੂਜੀ, ਤੀਜੀ, ਚੌਥੀ, ਪੰਜਵੀਂ ਦੀ ਸੋਧ ਅਤੇ ਮਿਤੀ ਅੰਤ ਤਕ ਦਾ ਕੰਮ ਮੁਕੰਮਲ ਹੋ ਚੁੱਕਾ ਹੈ। ਦੂਜੀ ਜਿਲਦ ਅਤੇ ਤੀਜੀ (ਪੁਨਰ ਪ੍ਰਕਾਸ਼ਨ) ਛਪ ਚੁੱਕੀ ਹੈ। ਪੰਜਾਬੀ ਵਿਸ਼ਵਕੋਸ਼ ਦੀ ਚੌਥੀ ਅਤੇ ਪੰਜਵੀਂ ਜਿਲਦ (ਪੁਨਰ ਪ੍ਰਕਾਸ਼ਨ) ਪ੍ਰੈੱਸ ਵਿੱਚ ਛਪਾਈ ਅਧੀਨ ਹਨ।
ਵਿਭਾਗ ਵੱਲੋਂ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਪੰਜਾਬੀ ਵਿਸ਼ਵ ਕੋਸ਼ ਦਾ ਮਿਆਰ ਸਮਕਾਲੀ ਭਾਰਤੀ ਭਾਸ਼ਾਵਾਂ ਦੇ ਹੁਣ ਤੱਕ ਪ੍ਰਕਾਸ਼ਿਤ ਹੋ ਚੁੱਕੇ ਵਿਸ਼ਵ ਕੋਸ਼ਾਂ ਵਿੱਚ ਸਭ ਤੋਂ ਵੱਧ ਸ਼ਾਲਾਘਾਯੋਗ ਹੋਵੇ ਅਤੇ ਇਹ ਗੌਰਵਮਈ ਸਥਾਨ ਪ੍ਰਾਪਤ ਕਰੇ।