ਭਾਸ਼ਾ ਵਿਭਾਗ, ਪੰਜਾਬ- ਪਿਛੋਕੜ ਤੇ ਇਕ ਝਾਤ :
ਪੰਜਾਬੀ ਜ਼ੁਬਾਨ ਦਾ ਦਫ਼ਤਰੀ ਆਰੰਭ ਰਿਆਸਤ ਪਟਿਆਲਾ ਵਿਚ ਪਹਿਲੀ ਜਨਵਰੀ, 1948 ਨੂੰ ਪੰਜਾਬੀ ਸੈਕਸ਼ਨ ਦੀ ਸਥਾਪਨਾ ਨਾਲ ਸ਼ੁਰੂ ਹੋਇਆ। ਸਰਕਾਰੀ ਦਫ਼ਤਰ ਸੈਫ਼ਾਬਾਦੀ ਗੇਟ ਦੇ ਮੁਹੱਲਾ ਮੀਰ ਕੁੰਦਲਾ, ਕੋਠੀ ਅਬਦੁਲ ਰਹੀਮ ਖ਼ਾਂ ਵਿਖੇ ਬਣਿਆ। ਇਹ ਪੰਜਾਬੀ ਸੈਕਸ਼ਨ, ਸਿੱਖਿਆ ਵਿਭਾਗ ਦਾ ਇੱਕ ਅੰਗ ਬਣਿਆ ਸੀ। ਇਸ ਵਿਚ ਦੋ ਗਜ਼ਟਿਡ ਅਫ਼ਸਰ, ਤਿੰਨ ਖੋਜ ਸਹਾਇਕ, ਚਾਰ ਅਸਿਸਟੈਂਟ, ਇਕ ਕੈਸ਼ੀਅਰ, ਇਕ ਜੂਨੀਅਰ ਕਲਰਕ ਤੇ ਦੋ ਸੇਵਾਦਾਰ ਨਿਯੁਕਤ ਹੋਏ। ਇਸ ਤਰ੍ਹਾਂ ਇਹ ਪੰਜਾਬੀ ਭਾਸ਼ਾ ਦਾ ਦਫ਼ਤਰੀ ਸੈਕਸ਼ਨ 13 ਆਸਾਮੀਆਂ ਨਾਲ ਕਾਇਮ ਹੋਇਆ। ਸਰਦਾਰ ਰਣਜੀਤ ਸਿੰਘ ਗਿੱਲ ਸੈਕਸ਼ਨ ਦੇ ਇੰਚਾਰਜ ਤੇ ਗਿਆਨੀ ਲਾਲ ਸਿੰਘ ਸਹਾਇਕ ਅਫ਼ਸਰ ਨਿਯੁਕਤ ਕੀਤੇ ਗਏ। ਇਸ ਤਰ੍ਹਾਂ 13 ਦੀ ਗਿਣਤੀ ਦਾ ਸੈਕਸ਼ਨ ਪਹਿਲਾਂ 'ਮਹਿਕਮਾ ਪੰਜਾਬੀ' ਤੇ ਮੁੜ ਭਾਸ਼ਾ ਵਿਭਾਗ ਦੇ ਰੂਪ ਵਿਚ ਵਧਿਆ ਫੁੱਲਿਆ।
ਸਾਲ 1948-1949 ਈ. ਵਿਚ ਕਈ ਵੱਡੀਆਂ ਤਬਦੀਲੀਆਂ ਹੋਈਆਂ। ਪਹਿਲੀ, ਪੂਰਬੀ ਪੰਜਾਬ ਦੀਆਂ ਅੱਠੇ ਰਿਆਸਤਾਂ ਇਕੱਠੀਆਂ ਹੋ ਕੇ ਇਕ ਰਿਆਸਤੀ ਯੂਨੀਅਨ ਬਣੀ; ਦੂਜੀ, ਮਹਾਰਾਜਾ ਯਾਦਵਿੰਦਰ ਸਿੰਘ, ਰਾਜ ਪ੍ਰਮੁੱਖ ਕਹਾਏ; ਤੀਜੀ; ਸਰਦਾਰ ਗਿਆਨ ਸਿੰਘ ਰਾੜੇਵਾਲਾ ਯੂਨੀਅਨ ਦੇ ਵਜ਼ੀਰੇ-ਆਜ਼ਮ ਬਣੇ ਅਤੇ ਚੌਥੀ 'ਤੇ ਪੰਜਵੀਂ, ਪੰਜ ਸ਼ਖ਼ਸੀਅਤਾਂ ਅਰਥਾਤ ਮਹਾਰਾਜਾ ਯਾਦਵਿੰਦਰ ਸਿੰਘ ਨੂੰ ਰਾਜ ਪ੍ਰਮੁੱਖ, ਸਰਦਾਰ ਗਿਆਨ ਸਿੰਘ ਰਾੜੇਵਾਲਾ ਨੂੰ ਵਜ਼ੀਰੇ-ਆਜ਼ਮ, ਸਰਦਾਰ ਇੰਦਰਜੀਤ ਸਿੰਘ ਜੀ ਨੂੰ ਖ਼ਜ਼ਾਨਾ ਸਕੱਤਰ, ਸ੍ਰੀ ਜੈ ਲਾਲ ਜੀ ਨੂੰ ਸਲਾਹਕਾਰ ਤੇ ਸ੍ਰੀ ਬੀ.ਐਨ.ਪਟੇਲ ਜੀ ਨੂੰ ਮੁੱਖ ਸਕੱਤਰ ਦੇ ਅਹੁਦੇ ਸੰਭਾਲੇ ਗਏ। ਇਨ੍ਹਾਂ ਪੰਜ ਸ਼ਖ਼ਸੀਅਤਾਂ ਨੁੰ ਪਹਿਲੀ ਪਟਿਆਲਾ ਯੂਨੀਅਨ ਸਰਕਾਰ ਦਾ ਨਾਮ ਨਸੀਬ ਹੋਇਆ।
ਪੰਜਾਬੀ ਵਿਭਾਗ ਰਿਆਸਤ ਪਟਿਆਲਾ ਦੀ ਪਿਛਲੇ 46 ਸਾਲਾਂ ਦੀ ਘਾਲ ਦਾ ਨਤੀਜਾ ਸੀ। ਸ੍ਰੀ ਗੁਰੂ ਸਿੰਘ ਸਭਾ, ਮਾਲ ਰੋਡ, ਪਟਿਆਲਾ ਨੂੰ ਰਮਿੰਗਟਨ ਕੰਪਨੀ ਨੇ ਪਹਿਲਾ ਪੰਜਾਬੀ ਟਾਈਪ-ਰਾਈਟਰ ਬਣਾ ਕੇ ਭੇਟ ਕੀਤਾ ਸੀ ਅਤੇ ਇਥੇ ਹੀ ਪੰਜਾਬੀ ਦੀ ਪੜ੍ਹਾਈ ਦਾ ਪ੍ਰਬੰਧ ਸ਼ੁਰੂ ਹੋਇਆ ਸੀ। ਸ੍ਰੀ ਗੁਰੂ ਸਿੰਘ ਸਭਾ, ਪਟਿਆਲਾ ਨੇ ਲਗਾਤਾਰ ਕੋਸ਼ਿਸ਼ ਕਰ ਕੇ ਬੁੱਧੀਮਾਨੀ, ਵਿਦਵਾਨੀ ਤੇ ਗਿਆਨੀ ਦੀ ਪੜ੍ਹਾਈ ਦਾ ਇੰਤਜ਼ਾਮ ਪਟਿਆਲਾ ਸਰਕਾਰ ਤੋਂ ਆਰੰਭ ਕਰਵਾਇਆ ਸੀ। ਸਰਦਾਰ ਰਣਜੀਤ ਸਿੰਘ ਗਿੱਲ, ਪ੍ਰੋਫੈਸਰ ਜਨਕ ਸਿੰਘ ਤੇ ਗਿਆਨੀ ਗੁਰਦਿੱਤ ਸਿੰਘ ਪਟਿਆਲਾ ਦੀਆਂ ਨਿਰੰਤਰ ਕੋਸ਼ਿਸ਼ਾਂ ਨਾਲ ਪੰਜਾਬੀ ਸੈਕਸ਼ਨ ਕਾਇਮ ਹੋਇਆ। ਸਿੱਖਿਆ ਵਿਭਾਗ ਅਧੀਨ ਪਹਿਲਾਂ ਪੰਜਾਬੀ ਸੈਕਸ਼ਨ ਬਣਿਆ ਜੋ ਸਾਲ ਭਰ ਵਿਚ ਵਧ ਫੁੱਲ ਕੇ ਪੰਜਾਬੀ ਵਿਭਾਗ ਬਣ ਗਿਆ। ਜਦੋਂ ਚੰਗੇ ਦਿਨਾਂ ਨੇ ਆਉਣਾ ਹੋਵੇ ਤਾਂ ਅਜਿਹੀਆਂ ਨਵੀਆਂ ਸੰਸਥਾਵਾਂ ਨੂੰ ਨੇਕ ਹੱਥਾਂ ਦਾ ਆਸਰਾ ਮਿਲ ਜਾਂਦਾ ਹੈ।
ਮਹਾਰਾਜਾ ਯਾਦਵਿੰਦਰ ਸਿੰਘ ਦੇ ਛੋਟੇ ਭਾਈ, ਰਾਜਾ ਭਲਿੰਦਰ ਸਿੰਘ ਜੀ, ਇਸ ਸੈਕਸ਼ਨ ਦੇ ਸਿਰਮੌਰ ਨਿਗਰਾਨ ਬਣੇ। ਉਨ੍ਹਾਂ ਦੇ ਬਰਕਤ ਭਰੇ ਹੱਥਾਂ ਨਾਲ ਸਾਲ ਭਰ ਵਿਚ ਪੰਜਾਬੀ ਸੈਕਸ਼ਨ, 'ਮਹਿਕਮਾ ਪੰਜਾਬੀ' ਬਣ ਗਿਆ। ਇਸ ਮਹਿਕਮੇ ਦੇ ਪਹਿਲੇ ਡਾਇਰੈੱਕਟਰ ਵੱਜੋਂ ਪ੍ਰਿੰਸੀਪਲ ਤੇਜਾ ਸਿੰਘ ਜੀ ਨੂੰ ਨਿਯੁਕਤ ਕੀਤਾ ਗਿਆ। ਉਨ੍ਹਾਂ ਨੂੰ ਪਹਿਲਾਂ ਮਹਿੰਦਰਾ ਕਾਲਜ ਦੇ ਪ੍ਰਿੰਸੀਪਲ ਤੇ ਥੋੜ੍ਹੇ ਸਮੇਂ ਪਿਛੋਂ ਪੈਪਸੂ ਸਰਕਾਰ ਨੇ 'ਮਹਿਕਮਾ ਪੰਜਾਬੀ' ਦਾ ਇਨਚਾਰਜ ਵੀ ਬਣਾ ਦਿੱਤਾ।
ਪੰਜਾਬੀ ਮਹਿਕਮੇ ਦਾ ਦਫ਼ਤਰ ਮੁਹੱਲਾ ਮੀਰ ਕੁੰਦਲਾ ਤੋਂ ਬਦਲ ਕੇ ਸਿਵਲ ਸਕੱਤਰੇਤ (ਮੌਜੂਦਾ ਦਫ਼ਤਰ ਬਿਜਲੀ ਬੋਰਡ ਵਿਚ) ਕਾਇਮ ਕੀਤਾ ਗਿਆ। ਪੰਜਾਬੀ ਮਹਿਕਮੇ ਦੇ ਨਾਲ ਹੀ ਪੈਪਸੂ ਪਬਲਿਕ ਸਰਵਿਸ ਕਮਿਸ਼ਨ ਦਾ ਦਫ਼ਤਰ ਵੀ ਕਾਇਮ ਕੀਤਾ ਗਿਆ ਸੀ। ਪੰਜਾਬੀ ਮਹਿਕਮੇ ਦੀਆਂ ਚਾਰ ਗਜ਼ਟਿਡ ਆਸਾਮੀਆਂ 350-550 ਦੇ ਸਕੇਲ ਵਿਚ ਇਸ਼ਤਿਹਾਰੀਆਂ ਗਈਆਂ। ਇਸ ਤਰ੍ਹਾਂ ਪ੍ਰਿੰਸੀਪਲ ਤੇਜਾ ਸਿੰਘ ਦੀ ਛਤਰ ਛਾਇਆ ਹੇਠ 'ਮਹਿਕਮਾ ਪੰਜਾਬੀ' ਚਾਲੂ ਹੋਇਆ।
ਪੈਪਸੂਰਾਜ ਦੀ ਉਸ ਸਮੇਂ ਆਬਾਦੀ ਕੇਵਲ 35 ਲੱਖ ਸੀ। ਇਹ ਸਟੇਟ ਅੱਠ ਰਿਆਸਤਾਂ ਦੇ ਸੁਮੇਲ ਨਾਲ ਵਜੂਦ ਵਿਚ ਆਈ ਤੇ ਇਸ ਨੂੰ ਅੱਠ ਜ਼ਿਲ੍ਹਿਆਂ ਵਿਚ ਵੰਡਿਆ ਗਿਆ। ਰਿਆਸਤਾਂ ਦੇ ਨਾਮ ਪਟਿਆਲਾ, ਜੀਂਦ, ਨਾਭਾ, ਕਪੂਰਥਲਾ, ਫ਼ਰੀਦਕੋਟ, ਨਾਲਾਗੜ੍ਹ, ਕਲਸੀਆ ਤੇ ਮਲੇਰਕੋਟਲਾ ਸਨ। ਯੂਨੀਅਨ ਦੇ ਨਵੇਂ ਬਣੇ ਅੱਠ ਜ਼ਿਲ੍ਹਿਆਂ ਦੇ ਹੈਡਕੁਆਟਰ ਵੀ ਅੱਠ ਥਾਵਾਂ ਉੱਤੇ ਨਿਸ਼ਚਿਤ ਹੋਏ। ਇਨ੍ਹਾਂ ਦੇ ਨਾਮ ਪਟਿਆਲਾ, ਬਰਨਾਲਾ, ਬਠਿੰਡਾ, ਫ਼ਤਹਿਗੜ੍ਹ ਸਾਹਿਬ, ਮਹਿੰਦਰਗੜ੍ਹ, ਸੰਗਰੂਰ, ਕਪੂਰਥਲਾ ਤੇ ਕੰਡਾਘਾਟ ਸਨ। ਮੁੱਢਲੇ ਸਾਲਾਂ ਵਿਚ ਪੈਪਸੂ ਦੇ ਮੁੱਖ-ਮੰਤਰੀ ਸ੍ਰ. ਗਿਆਨ ਸਿੰਘ ਜੀ ਰਾੜੇਵਾਲੇ ਬਣੇ। ਪੈਪਸੂ ਇਕ ਬੱਝਵਾਂ ਇਲਾਕਾ ਨਹੀਂ ਸੀ, ਸਗੋਂ ਚਾਰ ਟੋਟਿਆਂ ਵਿਚ ਖਿਲਰਿਆ ਹੋਇਆ ਸੀ। ਮੁੱਖ ਹਿੱਸਾ ਦੋਹਾਂ ਪਾਸਿਆਂ ਤੋਂ ਪੰਜਾਬ ਰਾਜ ਨਾਲ ਘਿਰਿਆ ਹੋਇਆ ਸੀ। ਪਟਿਆਲਾ, ਨਾਭਾ, ਜੀਂਦ, ਮਲੇਰਕੋਟਲਾ ਤੇ ਫ਼ਰੀਦਕੋਟ ਮੁੱਖ ਘੇਰਾ ਸੀ। ਪੁਰਾਣੀ ਰਿਆਸਤ ਕਪੂਰਥਲਾ ਨਵਾਂ ਜ਼ਿਲ੍ਹਾ ਬਣੀ।
ਇਹ ਦਰਿਆ ਸਤਲੁਜ ਤੇ ਬਿਆਸ ਦੇ ਦਰਮਿਆਨੀ ਇਲਾਕੇ ਵਿਚ ਸਥਿਤ ਸੀ। ਕੋਹਿਸਤਾਨ ਪਹਾੜੀ ਇਲਾਕਾ ਸੀ ਜੋ ਰਿਆਸਤ ਪਟਿਆਲਾ ਦੇ ਪਹਾੜੀ ਇਲਾਕੇ ਤੇ ਨਾਲਾਗੜ੍ਹ ਸਟੇਟ ਦਾ ਜੁੱਟ ਬਣਿਆ। ਚੌਥਾ ਇਲਾਕਾ ਜ਼ਿਲ੍ਹਾ ਰੋਹਤਕ, ਗੁੜਗਾਉਂ, ਹਿਸਾਰ ਤੇ ਰਾਜਸਥਾਨ ਦੇ ਘੇਰੇ ਵਿਚ ਆਉਂਦਾ ਸੀ। ਇਸ ਜ਼ਿਲ੍ਹੇ ਨੂੰ ਮਹਿੰਦਰਗੜ੍ਹ ਦਾ ਨਾਮ ਦਿੱਤਾ ਗਿਆ।
ਇਹ ਵਡਿਆਈ ਮਹਾਰਾਜਾ ਯਾਦਵਿੰਦਰ ਸਿੰਘ ਜੀ ਨੂੰ ਜਾਂਦੀ ਹੈ ਕਿ ਉਨ੍ਹਾਂ ਨੇ ਸਰਦਾਰ ਪਟੇਲ ਡਿਪਟੀ ਪ੍ਰਾਈਮ-ਮਨਿਸਟਰ ਭਾਰਤ ਸਰਕਾਰ ਨਾਲ ਸਾਂਝ ਕਾਇਮ ਕਰ ਕੇ ਸਰਦਾਰ ਰਾੜੇਵਾਲਾ ਨੂੰ ਮੁੱਖ ਮੰਤਰੀ ਬਣਵਾ ਲਿਆ। ਇਸ ਸ਼ੋਭਾ ਦਾ ਮਾਲਿਕ ਸਰਦਾਰ ਗਿਆਨ ਸਿੰਘ ਬਣਿਆ ਕਿ ਉਸ ਨੇ ਸਰਦਾਰ ਇੰਦਰਜੀਤ ਸਿੰਘ ਜੀ ਆਈ.ਏ.ਐਸ. ਖ਼ਜ਼ਾਨਾ ਸਕੱਤਰ ਦੀ ਸਹਾਇਤਾ ਨਾਲ ਦੋ ਅਹਿਮ ਕੰਮ ਸਿਰੇ ਚਾੜ੍ਹੇ। ਪਹਿਲਾ, ਪੈਪਸੂ ਦੀ ਰਾਜ-ਭਾਸ਼ਾ ਪੰਜਾਬੀ ਜ਼ੁਬਾਨ ਨੂੰ ਐਲਾਨਿਆ ਗਿਆ ਤੇ ਦੂਜਾ ਪੰਜਾਬੀ ਲੇਖਕਾਂ ਨੂੰ ਸਨਮਾਨਣ ਦਾ ਕਾਰਜ ਧੂਮ-ਧਾਮ ਨਾਲ ਮਨਾਇਆ ਗਿਆ। ਸੰਨ 1949 ਵਿਚ ਮਹਿਕਮਾ ਪੰਜਾਬੀ ਨੇ ਸੱਤ ਪੰਜਾਬੀ ਸ਼ਾਇਰਾਂ ਦਾ ਸਨਮਾਨ ਸਮਾਗਮ ਸੱਜ-ਧੱਜ ਨਾਲ ਕੀਤਾ। ਭਾਈ ਵੀਰ ਸਿੰਘ ਜੀ, ਲਾਲਾ ਧਨੀ ਰਾਮ ਚਾਤ੍ਰਿਕ, ਪ੍ਰੋ.ਮੋਹਨ ਸਿੰਘ 'ਮਾਹਿਰ', ਸ੍ਰੀਮਤੀ ਅੰਮ੍ਰਿਤਾ ਪ੍ਰੀਤਮ, ਸ.ਅਵਤਾਰ ਸਿੰਘ 'ਆਜ਼ਾਦ', ਸ.ਹਰਿੰਦਰ ਸਿੰਘ ਜੀ 'ਰੂਪ' ਤੇ ਸ੍ਰੀ ਕੇਦਾਰ ਨਾਥ ਜੀ 'ਤਿਵਾੜੀ' ਨੂੰ ਸਨਮਾਨ ਪੱਤਰ ਭੇਟਾ ਕੀਤੇ ਗਏ। ਭਾਈ ਵੀਰ ਸਿੰਘ ਜੀ ਨੇ ਇੱਕ ਕਵਿਤਾ ਲਿਖ ਭੇਜੀ ਪਰ ਆਪ ਸਮਾਗਮ ਸਮੇਂ ਹਾਜ਼ਰ ਨਹੀਂ ਹੋਏ। ਭਾਈ ਸਾਹਿਬ ਦੀ ਉਮਰ ਉਸ ਸਮੇਂ 77 ਸਾਲਾਂ ਦੀ ਸੀ। ਉਨ੍ਹਾਂ ਦੀ ਕਵਿਤਾ ਦੇ ਮੁੱਢਲੇ ਬੋਲ ਇਉਂ ਸਨ:
ਤਿਲਕ ਗਈ ਮੇਰੇ ਹੱਥ ਦੀ ਪੂਣੀ, ਚੁੱਪ ਹੋ ਗਈ ਘੁਮੇਂਦੜੀ ਚਰਖੀ।
ਅਰਸ਼ਾਂ ਦਾ ਚੰਦ ਜ਼ਿਮੀਂ ਆ ਖਲੋਤਾ, ਸੂਰਤ ਗਈ ਮੈਥੋਂ ਨਿਰਖੀ ਨਾ ਪਰਖੀ।
ਅਗਲੀ ਗੱਲ ਬਹੁਤ ਮਹੱਤਵਪੂਰਨ ਇਹ ਹੈ ਕਿ ਪੈਪਸੂ ਸਰਕਾਰ ਦਾ ਪਹਿਲਾ ਬਜਟ ਪੰਜਾਬੀ ਭਾਸ਼ਾ ਵਿਚ ਤਿਆਰ ਕੀਤਾ ਤੇ ਪੰਜਾਬੀ ਵਿਚ ਹੀ ਪੜ੍ਹਿਆ ਗਿਆ ਹੈ। ਬਜਟ ਤਿਆਰ ਕਰਨ ਸਮੇਂ ਲਗਭਗ ਸਾਢੇ ਛੇ ਸੌ ਅੰਗਰੇਜ਼ੀ-ਪੰਜਾਬੀ ਟੈਕਨੀਕਲ ਸ਼ਬਦ ਤਿਆਰ ਕੀਤੇ ਗਏ। ਪੰਜਾਬੀ ਵਿਭਾਗ ਦੇ ਕਰਮਚਾਰੀਆਂ ਤੋਂ ਇਲਾਵਾ ਸਰਦਾਰ ਰਣਜੀਤ ਸਿੰਘ ਜੀ ਸਰਕਾਰੀ ਸਾਬਕਾ ਰਿਟਾਇਰਡ ਜੱਜ, ਸੁਪਰੀਮ ਕੋਰਟ ਤੇ ਸੋਢੀ ਬ੍ਰਿਜਿੰਦਰ ਸਿੰਘ ਜੀ. ਐਮ.ਏ., ਐਲ.ਐਲ.ਬੀ. ਡਿਪਟੀ ਸਕੱਤਰ ਪੰਜਾਬੀ ਵਿਭਾਗ ਪੈਪਸੂ ਨੇ ਤਿਆਰੀ ਵਿਚ ਪੂਰਾ ਯੋਗਦਾਨ ਪਾਇਆ। ਇਉਂ ਪਹਿਲਾ ਪੈਪਸੂ ਬਜਟ ਪੰਜਾਬੀ ਵਿਚ ਮਿਤੀ 13 ਅਪ੍ਰੈਲ, 1949 ਨੂੰ ਤਿਆਰ ਹੋਇਆ। ਇਸ ਵਡਿਆਈ ਦੇ ਹੱਕਦਾਰ ਸਰਦਾਰ ਇੰਦਰ ਸਿੰਘ ਵਿੱਤ-ਸਕੱਤਰ ਪੈਪਸੂ ਤੇ ਸਕੱਤਰ ਪੰਜਾਬੀ ਵਿਭਾਗ ਬਣੇ। ਇਉਂ ਮਹਾਰਾਜਾ ਯਾਦਵਿੰਦਰ ਸਿੰਘ ਜੀ ਤੇ ਸਰਦਾਰ ਗਿਆਨ ਸਿੰਘ ਜੀ ਰਾੜੇਵਾਲਾ ਮੁੱਖ-ਮੰਤਰੀ ਪੈਪਸੂ ਦਾ ਜਸ ਪੰਜਾਬੀ ਸੰਸਾਰ ਵਿਚ ਫੈਲ ਗਿਆ। ਚੌਥੀ ਵਡਿਆਈ ਮੁੱਢਲੇ ਦੋ ਮੁੱਖ ਸਕੱਤਰਾਂ ਨੂੰ ਜਾਂਦੀ ਹੈ ਜਿਹੜੇ ਪੰਜਾਬ ਤੋਂ ਬਾਹਰਲੇ ਰਾਜਾਂ ਦੇ ਜੰਮਪਲ ਸਨ। ਉਨ੍ਹਾਂ ਦਿਨ-ਰਾਤ ਮਿਹਨਤ ਕਰ ਕੇ ਆਪਣੀਆਂ ਫਾਈਲਾਂ ਉੱਤੇ ਪੰਜਾਬੀ ਵਿਚ ਦਸਤਖ਼ਤ ਕਰਨੇ ਆਰੰਭ ਕਰ ਦਿੱਤੇ। ਇਸ ਪੱਖੋਂ ਸ੍ਰੀ ਬੀ.ਆਰ.ਪਟੇਲ ਆਈ.ਸੀ.ਐਸ. ਤੇ ਸ੍ਰੀ ਈਸ਼ਵਰਨ ਆਈ.ਸੀ.ਐਸ.ਪੈਪਸੂਦੇ ਨਾਮ ਅਮਰ ਰਹਿਣਗੇ। ਅਗਲੀ ਵਡਿਆਈ ਦੋ ਪਤਵੰਤਿਆਂ, ਸਰਦਾਰ ਬਹਾਦਰ ਜਸਟਿਸ ਤੇਜਾ ਸਿੰਘ ਜੀ ਚੀਫ਼ ਜਸਟਿਸ ਪੈਪਸੂ ਹਾਈ ਕੋਰਟ ਤੇ ਸਰਦਾਰ ਬਹਾਦਰ ਮੋਹਣ ਸਿੰਘ ਜੀ ਚੇਅਰਮੈਨ ਪੈਪਸੂ ਪਬਲਿਕ ਸਰਵਿਸ ਕਮਿਸ਼ਨ ਨੂੰ ਜਾਂਦੀ ਹੈ ਜਿਨ੍ਹਾਂ ਨੇ ਇਕਦਮ ਹਾਈਕੋਰਟ ਤੇ ਪਬਲਿਕ ਸਰਵਿਸ ਕਮਿਸ਼ਨ ਦੇ ਫ਼ੈਸਲੇ ਪੰਜਾਬੀ ਵਿਚ ਲਿਖਣੇ ਆਰੰਭ ਕੀਤੇ। ਇਨ੍ਹਾਂ ਕਾਰਨਾਮਿਆਂ ਕਰ ਕੇ 'ਪਟਿਆਲਾ' ਪੰਜਾਬੀ ਸੰਸਾਰ ਦਾ ਨਾਮਵਰ ਸ਼ਹਿਰ ਬਣਿਆ।
ਪੈਪਸੂ ਦੀ ਪ੍ਰਸਿੱਧੀ ਨਾਲ ਪੁਰਾਣੇ ਪਰਜਾ-ਮੰਡਲ ਦੇ ਘੁਲਾਟੀਆਂ ਨੇ ਰਾਜਸੀ ਚੋਣਾਂ ਦਾ ਵਾਵੇਲਾ ਸ਼ੁਰੂਕਰ ਦਿੱਤਾ। ਭਾਰਤ ਦੇ ਨਵੇਂ ਨਜ਼ਾਮ ਵਿਚ ਚੋਣਾਂ ਨੂੰ ਟਾਲਿਆ ਨਹੀਂ ਜਾ ਸਕਦਾ ਸੀ। ਸਰਦਾਰ ਗਿਆਨ ਸਿੰਘ ਰਾੜੇਵਾਲਾ ਤੇ ਕਰਨਲ ਰਘਬੀਰ ਸਿੰਘ ਜੀ ਰਿਆਸਤ ਦੇ ਵੱਡੇ ਅਹਿਲਕਾਰ ਸਨ। ਦੋਹਾਂ ਦੇ ਤਾਅਲੁਕਾਤ ਪੰਜਾਬ ਦੇ ਅਕਾਲੀ ਲੀਡਰਾਂ ਨਾਲ ਬਹੁਤ ਗੂੜ੍ਹੇ ਸਨ। ਪੁਰਾਣੀਆਂ ਸਾਂਝਾਂ ਉਤੇ ਜ਼ੋਰ ਪਾ ਕੇ ਪਹਿਲੀ ਵਜ਼ਾਰਤ, ਸਾਂਝੀ ਵਜ਼ਾਰਤ ਬਣੀ। ਇਹ ਵਜ਼ਾਰਤ 20 ਜਨਵਰੀ, 1949 ਨੂੰ ਕਾਇਮ ਹੋਈ ਜਿਸ ਵਿਚ 8 ਮੰਤਰੀ ਬਣੇ। ਸਰਦਾਰ ਗਿਆਨ ਸਿੰਘ ਮੁੱਖ-ਮੰਤਰੀ ਤੇ ਕਨਰਲ ਰਘਬੀਰ ਸਿੰਘ, ਗ੍ਰਹਿ-ਮੰਤਰੀ ਬਣੇ ਤੇ ਪੈਪਸੂ ਕਾਂਗਰਸ ਦੇ ਨੁਮਾਇੰਦਿਆਂ ਵਿਚੋਂ ਸ੍ਰੀ ਬ੍ਰਿਸ਼ਭਾਨ ਜੀ ਤੇ ਗਿਆਨੀ ਜ਼ੈਲ ਸਿੰਘ ਜੀ ਫ਼ਰੀਦਕੋਟ ਵਜ਼ੀਰ ਮੰਡਲੀ ਵਿਚ ਸ਼ਾਮਲ ਹੋਏ। ਇਸ ਵਜ਼ਾਰਤ ਸਮੇਂ 1951 ਈ. ਨੂੰ ਪਟਿਆਲੇ ਵਿਖੇ ਪੰਜਾਬੀ ਕਾਨਫਰੰਸ ਹੋਈ। 28 ਅਪ੍ਰੈਲ 1951 ਦਿਨ ਐਤਵਾਰ ਨੂੰ ਪ੍ਰਿੰਸੀਪਲ ਤੇਜਾ ਸਿੰਘ ਜੀ ਦੀ ਪ੍ਰਧਾਨਗੀ ਹੇਠ ਪੰਜਾਬੀ ਸ਼ਬਦ-ਜੋੜਾਂ ਦੀ ਇਕਸਾਰਤਾ ਲਈ ਵਿਚਾਰਾਂ ਹੋਈਆਂ। 29 ਅਪ੍ਰੈਲ ਨੂੰ ਸੋਢੀ ਜੈ ਦੇਵ ਸਿੰਘ ਜੀ ਮੁੱਖ ਸਕੱਤਰ ਪੈਪਸੂਦੀ ਪ੍ਰਧਾਨਗੀ ਹੇਠ ਪੰਜਾਬੀ ਕੋਸ਼, ਪੰਜਾਬੀ ਵਿਆਕਰਣ ਅਤੇ ਪੰਜਾਬੀ ਸੰਕੇਤਾਵਲੀਆਂ ਬਾਰੇ ਵਿਚਾਰਾਂ ਹੋਈਆਂ। ਇਸੇ ਦਿਨ ਸ਼ਾਮ ਨੂੰ ਸਰਦਾਰ ਗਿਆਨ ਸਿੰਘ ਰਾੜੇਵਾਲੇ ਦੀ ਪ੍ਰਧਾਨਗੀ ਹੇਠ ਪੰਜਾਬੀ ਸਾਹਿਤਕਾਰਾਂ ਦੀ ਕਾਨਫਰੰਸ ਵਿਚ ਪੰਜਾਬੀ ਸਾਹਿਤ ਦੀ ਉਨਤੀ ਬਾਰੇ ਖੁਲ੍ਹੀਆਂ-ਡੁਲ੍ਹੀਆਂ ਵਿਚਾਰਾਂ ਹੋਈਆਂ। ਉਦੋਂ ਮਹਿੰਦਰਾ ਕਾਲਜ ਵਿਚ ਪੰਜਾਬੀ ਐਮ.ਏ.ਦੀ ਪੜ੍ਹਾਈ ਸ਼ੁਰੂ ਹੋ ਚੁੱਕੀ ਸੀ ਤੇ ਪ੍ਰਿੰਸੀਪਲ ਤੇਜਾ ਸਿੰਘ, ਗਿਆਨੀ ਲਾਲ ਸਿੰਘ ਤੇ ਪ੍ਰੋਫੈਸਰ ਜਨਕ ਸਿੰਘ ਸ਼ਾਮ ਦੇ ਸਮੇਂ ਪੰਜਾਬੀ ਐਮ.ਏ.ਦੇ ਵਿਦਿਆਰਥੀਆਂ ਨੂੰ ਪੜ੍ਹਾਇਆ ਕਰਦੇ ਸਨ। ਪੰਜਾਬ ਯੂਨੀਵਰਸਿਟੀ ਨੇ ਇਹ ਵਿਉਂਤ ਪ੍ਰਵਾਨ ਕਰ ਲਈ ਸੀ। ਸੰਨ 1951 ਵਿਚ ਇਕ ਭਰਵਾਂ ਪੰਜਾਬੀ ਸਨਮਾਨ ਸਮਾਗਮ ਹੋਇਆ। ਇਸ ਸਮਾਗਮ ਵਿਚ ਪ੍ਰਿੰਸੀਪਲ ਤੇਜਾ ਸਿੰਘ ਜੀ, ਸਰਦਾਰ ਗੁਰਬਖਸ਼ ਸਿੰਘ ਜੀ, ਸੰਪਾਦਕ 'ਪ੍ਰੀਤਲੜੀ' ਪ੍ਰੋ. ਈਸ਼ਵਰ ਚੰਦਰ ਨੰਦਾ ਨਾਟਕਕਾਰ, ਸ. ਨਾਨਕ ਸਿੰਘ ਜੀ ਨਾਵਲਕਾਰ ਤੇ ਸ੍ਰੀ ਦੇਵਿੰਦਰ ਸਤਿਆਰਥੀ ਲੋਕ-ਗੀਤਾਂ ਦਾ ਸੰਗ੍ਰਹਿ-ਕਰਤਾ ਨੂੰ ਸਨਮਾਨਿਆ ਗਿਆ। ਇਸੇ ਸਾਲ ਇਹ ਫੈਸਲਾ ਵੀ ਕੀਤਾ ਗਿਆ ਕਿ 'ਪੰਜਾਬੀ-ਦੁਨੀਆ' ਦਾ ਰਸਾਲਾ ਪਰਖ ਪੜਚੋਲ ਤੇ ਸਾਹਿਤ ਦਾ ਰਸਾਲਾ ਹੋਵੇਗਾ। ਇਸ ਦੀ ਸੰਪਾਦਕੀ ਗਿਆਨੀ ਲਾਲ ਸਿੰਘ ਨੂੰ ਸੌਂਪੀ ਗਈ। ਪਹਿਲੇ ਅੰਕ ਨੂੰ 'ਦਮੋਦਰ ਅੰਕ' ਦਾ ਨਾਮ ਦਿੱਤਾ ਗਿਆ।
ਇਉਂ ਪੰਜਾਬੀ ਭਾਸ਼ਾ ਤੇ ਸਾਹਿਤ ਦਾ ਕੇਂਦਰ ਪਟਿਆਲਾ ਬਣਿਆ ਅਤੇ ਪਹਿਲੀ ਲੇਖਕ ਕਾਨਫਰੰਸ ਨੇ ਪੰਜਾਬੀ ਯੂਨੀਵਰਸਿਟੀ ਦੀ ਕਾਇਮੀ ਸਬੰਧੀ ਖੁਲ੍ਹੀਆਂ-ਡੁਲ੍ਹੀਆਂ ਵਿਚਾਰਾਂ ਕੀਤੀਆਂ। ਇਨ੍ਹਾਂ ਵਿਚਾਰਾਂ ਦੇ ਮੁੱਖ ਬੁਲਾਰੇ ਪ੍ਰਿੰਸੀਪਲ ਜੋਧ ਸਿੰਘ ਅਤੇ ਪ੍ਰਿੰ. ਤੇਜਾ ਸਿੰਘ ਜੀ ਬਣੇ। ਕਾਨਫ਼ਰੰਸ ਦੀ ਸਫ਼ਲਤਾ ਪਿੱਛੋਂ ਪ੍ਰਿੰਸੀਪਲ ਤੇਜਾ ਸਿੰਘ ਰਿਟਾਇਰ ਹੋ ਗਏ। ਆਪ ਪੰਜਾਬ ਸਕੱਤਰੇਤ ਦੇ ਸੁਪਰਡੈਂਟ ਸਨ। ਇਉਂ ਪਹਿਲੇ ਲਿਸ਼ਕਾਰੇ ਪਿਛੋਂ ਪੰਜਾਬੀ ਵਿਭਾਗ ਅਣਗੌਲਿਆ ਬਣ ਗਿਆ। ਸਰਦਾਰ ਰਣਜੀਤ ਸਿੰਘ ਜੀ ਗਿੱਲ ਨੂੰ ਮਹਿਕਮਾ ਪੰਜਾਬੀ ਵਿਚੋਂ ਕੱਢ ਕੇ ਸਿੱਖਿਆ ਵਿਭਾਗ ਵਿਚ ਭੇਜ ਦਿੱਤਾ ਗਿਆ। ਜਾਪਦਾ ਸੀ ਕਿ ਪੰਜਾਬੀ ਮਹਿਕਮਾ ਮੁੱਕ-ਚੁੱਕ ਜਾਵੇਗਾ। ਉਸ ਸਮੇਂ ਸਰਦਾਰ ਗੰਡਾ ਸਿੰਘ ਜੀ ਹਿਸਟੋਰੀਅਨ ਨੂੰ ਆਰਕਾਈਵਜ਼ ਮਹਿਕਮੇ ਦੇ ਨਾਲ ਮਹਿਕਮਾ ਪੰਜਾਬੀ ਦਾ ਚਾਰਜ ਵੀ ਸੌਂਪ ਦਿੱਤਾ ਗਿਆ। ਸ. ਭਰਪੂਰ ਸਿੰਘ ਜੀ ਵਾਪਸ ਪੰਜਾਬ ਸਰਕਾਰ ਦੀ ਨੌਕਰੀ ਉੱਤੇ ਸ਼ਿਮਲੇ ਪਰਤ ਗਏ। ਇਉਂ ਮਹਿਕਮਾ ਪੰਜਾਬੀ ਮੁੜ ਪੰਜਾਬੀ ਤੇ ਇਤਿਹਾਸ ਦੇ ਹਿਤੈਸ਼ੀਆਂ ਦੀ ਛਤਰ ਛਾਂ ਹੇਠ ਆ ਗਿਆ। ਪੰਜਾਬੀ ਮਹਿਕਮੇ ਦਾ ਦਫ਼ਤਰ ਵੀ ਸਿਵਲ ਸਕੱਤਰੇਤ ਤੋਂ ਬਦਲ ਕੇ ਕਿਲ੍ਹਾ ਮੁਬਾਰਕ ਵਿਚ ਲੈ ਆਂਦਾ ਗਿਆ।
ਇਸ ਤਰ੍ਹਾਂ ਦੋ ਮਹਿਕਮੇ ਇਕ ਡਾਇਰੈੱਕਟਰ ਅਧੀਨ ਹੋ ਗਏ। ਅੱਜ ਪੰਜਾਬ ਸਰਕਾਰ ਦੀ ਪੰਜਾਬੀ ਭਾਸ਼ਾ ਦੀ ਤਰੱਕੀ ਅਤੇ ਪ੍ਰਫੁਲਤਾ ਲਈ ਕਾਇਮ ਹੋਏ ਭਾਸ਼ਾ ਵਿਭਾਗ ਨੇ ਬਹੁਤ ਹੀ ਵਿਸ਼ਾਲ ਰੂਪ ਧਾਰਨ ਕਰ ਲਿਆ ਹੈ। ਇਸ ਦੀ ਆਪਣੀ ਬਹੁਤ ਹੀ ਸੁੰਦਰ ਤੇ ਵਿਸ਼ਾਲ ਇਮਾਰਤ ਪਟਿਆਲਾ ਸ਼ਹਿਰ ਦੇ ਵਿਚਕਾਰ ਸਥਿਤ ਸ਼ੇਰਾਂ ਵਾਲਾ ਗੇਟ ਵਿਖੇ ਭਾਸ਼ਾ ਭਵਨ ਦੇ ਨਾਮ ਹੇਠ ਬਣਾਈ ਗਈ ਹੈ ਜਿਸ ਵਿਚ ਲਗਭਗ 200 ਕਰਮਚਾਰੀ ਆਪਣੀ ਮਾਤ ਭਾਸ਼ਾ ਦੀ ਸੇਵਾ ਦੇ ਨਾਲ ਨਾਲ ਆਪਣਾ ਪਰਿਵਾਰ ਵੀ ਪਾਲ ਰਹੇ ਹਨ। ਪਟਿਆਲਾ ਵਿਖੇ ਮੁੱਖ ਦਫ਼ਤਰ ਤੋਂ ਇਲਾਵਾ ਪੰਜਾਬ ਦੇ ਸਮੂਹ ਜ਼ਿਲ੍ਹਿਆਂ ਵਿਚ ਜ਼ਿਲ੍ਹਾ ਭਾਸ਼ਾ ਦਫ਼ਤਰਾਂ ਤੋਂ ਇਲਾਵਾ ਚੰਡੀਗੜ੍ਹ ਵਿਖੇ ਪੰਜਾਬੀ/ਹਿੰਦੀ ਸੈੱਲ ਅਤੇ ਦਿੱਲੀ ਵਿਖੇ ਸਾਹਿਤ ਕੇਂਦਰ ਵੀ ਸਥਾਪਤ ਕੀਤਾ ਗਿਆ ਹੈ। ਇਨ੍ਹਾਂ ਜ਼ਿਲ੍ਹਾ ਦਫ਼ਤਰਾਂ ਵਿਚ ਕੰਮ ਕਰ ਰਹੇ ਅਧਿਕਾਰੀ/ਕਰਮਚਾਰੀ ਆਪਣੀ ਪੰਜਾਬੀ ਮਾਤ ਭਾਸ਼ਾ ਦਾ ਪਰਚਮ ਪੂਰੇ ਪੰਜਾਬ ਵਿਚ ਲਹਿਰਾ ਰਹੇ ਹਨ। ਅੱਜ ਭਾਸ਼ਾ ਵਿਭਾਗ ਇਕ ਵਿਸ਼ਾਲ ਦਰੱਖਤ ਦਾ ਰੂਪ ਧਾਰਨ ਕਰ ਚੁੱਕਾ ਹੈ।
ਹੁਣ ਇਸ ਦੇ ਕਾਰਜਾਂ ਵਿਚ ਕੇਵਲ ਪੰਜਾਬੀ ਭਾਸ਼ਾ ਦਾ ਪ੍ਰਚਾਰ ਹੀ ਸ਼ਾਮਲ ਨਹੀਂ ਬਲਕਿ ਦੂਜੀਆਂ ਭਾਸ਼ਾਵਾਂ ਜਿਵੇਂ ਹਿੰਦੀ, ਸੰਸਕ੍ਰਿਤ ਅਤੇ ਉਰਦੂ ਦੇ ਵਿਕਾਸ ਦੇ ਨਾਲ ਨਾਲ ਇਨ੍ਹਾਂ ਦੇ ਲੇਖਕਾਂ ਅਤੇ ਸਾਹਿਤਕਾਰਾਂ ਨੂੰ ਵੀ ਇਸ ਵਿਭਾਗ ਵੱਲੋਂ ਵਡਮੁੱਲੇ ਇਨਾਮਾਂ ਨਾਲ ਸਨਮਾਨਿਤ ਕੀਤਾ ਜਾਂਦਾ ਹੈ।