ਪੰਜਾਬ ਸਰਕਾਰ | GOVERNMENT OF PUNJAB

Select Font Size

Follow Us

ਪੰਜਾਬ ਸਰਕਾਰ | GOVERNMENT OF PUNJAB

Select Font Size A+  A  A-      

ਉਰਦੂ ਵਿਕਾਸ

       ਪੰਜਾਬ ਵਿੱਚ ਉਰਦੂ ਭਾਸ਼ਾ ਬਹੁਤ ਹੀ ਹਰਦਿਲ ਅਜ਼ੀਜ਼ ਭਾਸ਼ਾ ਹੈ। ਮਾਤ ਭਾਸ਼ਾ ਪੰਜਾਬੀ ਦੀ ਤਰੱਕੀ ਦੇ ਨਾਲ-ਨਾਲ ਪੰਜਾਬ ਸਰਕਾਰ ਵੱਲੋਂ ਉਰਦੂ ਭਾਸ਼ਾ ਦੀ ਪ੍ਰਫੁਲਤਾ ਲਈ ਵੀ ਭਾਸ਼ਾ ਵਿਭਾਗ ਰਾਹੀਂ ਕਈ ਅਹਿਮ ਸਕੀਮਾਂ ਚਲਾਈਆਂ ਜਾ ਰਹੀਆਂ ਹਨ। ਭਾਸ਼ਾ ਵਿਭਾਗ, ਪੰਜਾਬ ਵਿੱਚ ਹੋਰਨਾਂ ਵੱਖ ਵੱਖ ਭਾਗਾਂ ਦੀ ਤਰ੍ਹਾਂ ਉਰਦੂ ਭਾਸ਼ਾ ਲਈ ਵੱਖਰਾ ਭਾਗ ਸਥਾਪਿਤ ਕੀਤਾ ਹੋਇਆ ਹੈ। ਇਸ ਭਾਗ ਵੱਲੋਂ ਚਲਾਈਆਂ ਜਾ ਰਹੀਆਂ ਅਹਿਮ ਸਕੀਮਾਂ ਦਾ ਵੇਰਵਾ ਨਿਮਨ ਅਨੁਸਾਰ ਸ਼ਾਮਲ ਹੈ:- 

 

1. ਪੰਜਾਬੀ ਤੋਂ ਉਰਦੂ ਅਤੇ ਉਰਦੂ ਤੋਂ ਪੰਜਾਬੀ ਪੁਸਤਕਾਂ ਦਾ ਪਰਸਪਰ ਅਨੁਵਾਦ

ਇਸ ਸਕੀਮ ਅਧੀਨ ਹਰ ਸਾਲ ਉਰਦੂ ਦੀਆਂ ਦੋ ਜਾਂ ਇਸ ਤੋਂ ਵੱਧ ਪੁਸਤਕਾਂ ਦਾ ਪਰਸਪਰ ਅਨੁਵਾਦ ਕਰਵਾਕੇ ਪ੍ਰਕਾਸ਼ਿਤ ਕੀਤਾ ਜਾਂਦਾ ਹੈ। ਇਹ ਪੁਸਤਕਾਂ ਸਾਹਿਤ ਅਕੈਡਮੀ ਇਨਾਮ ਪ੍ਰਾਪਤ/ਸਰਵੋਤਮ ਸਾਹਿਤਕ ਪੁਰਸਕਾਰ ਪ੍ਰਾਪਤ ਜਾਂ ਕਲਾਸਕੀ ਅਦਬ ਨਾਲ ਸਬੰਧਤ ਇਤਿਹਾਸਕ/ਧਾਰਮਿਕ/ ਸਾਹਿਤਕ ਮਹੱਤਤਾ ਵਾਲੀਆਂ ਹੁੰਦੀਆਂ ਹਨ।

 

2. ਉਰਦੂ ਸੈਮੀਨਾਰ ਅਤੇ ਮੁਸ਼ਾਇਰੇ 

ਵਿਭਾਗ ਵੱਲੋਂ ਉਰਦੂ ਲੇਖਕਾਂ ਦੀ ਸਾਹਿਤਕ ਤ੍ਰਿਪਤੀ ਦੀ ਪੂਰਤੀ ਲਈ ਹਰ ਸਾਲ ਵੱਖ ਵੱਖ ਵਿਸ਼ਿਆਂ ਤੇ ਵਿਦਵਾਨਾਂ ਤੋਂ ਖੋਜ ਪੱਤਰ ਲਿਖਵਾ ਕੇ ਪੰਜਾਬ ਦੇ ਵੱਖ ਵੱਖ ਸ਼ਹਿਰਾਂ ਵਿੱਚ ਸੈਮੀਨਾਰ ਅਤੇ ਉਰਦੂ ਕਲਮਕਾਰਾਂ ਨੂੰ ਆਪਣੀਆਂ ਕਾਵਿ ਰਚਨਾਵਾਂ ਪੇਸ਼ ਕਰਨ ਲਈ ਮੁਸ਼ਾਇਰਾ ਕਰਵਾਇਆ ਜਾਂਦਾ ਹੈ।

 

3. ਉਰਦੂ ਦੀ ਮੁਫ਼ਤ ਪੜ੍ਹਾਈ ਦੇ ਕੇਂਦਰ

ਵਿਭਾਗ ਵੱਲੋਂ ਪੰਜਾਬ ਦੇ 15 ਜ਼ਿਲ੍ਹਾ ਸਦਰ ਮੁਕਾਮਾਂ ਅਤੇ ਚੰਡੀਗੜ੍ਹ ਵਿੱਖੇ ਉਰਦੂ ਪੜ੍ਹਾਉਣ ਲਈ ਮੁਫ਼ਤ ਪੜ੍ਹਾਈ ਕੇਂਦਰ ਸਥਾਪਿਤ ਕੀਤੇ ਗਏ ਹਨ। ਇਨ੍ਹਾਂ ਕੇਂਦਰਾਂ ਵਿੱਚ ਉਰਦੂ ਆਮੋਜ਼ ਨਾਂ ਦੀ ਬੁਨਿਆਦੀ ਸਿੱਖਿਆ ਦੀ ਕਲਾਸ ਲਗਾਈ ਜਾਂਦੀ ਹੈ। ਇਸ ਕਲਾਸ ਦੇ ਸਾਲ ਵਿੱਚ ਜਨਵਰੀ-ਜੂਨ ਅਤੇ ਜੁਲਾਈ-ਦਸੰਬਰ ਦੋ ਸੈਸ਼ਨ ਲਗਾਏ ਜਾਂਦੇ ਹਨ। ਇਮਤਿਹਾਨ ਵਿੱਚੋਂ ਪਾਸ ਹੋਣ ਵਾਲੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਅਤੇ ਫਸਟ ਆਉਣ ਵਾਲੇ ਵਿਦਿਆਰਥੀ ਨੂੰ ਹੌਂਸਲਾ ਵਧਾਊ ਇਨਾਮ ਦਿਤਾ ਜਾਂਦਾ ਹੈ। 

 

4. ਪ੍ਰਕਾਸ਼ਨ ਮਾਲੀ ਸਹਾਇਤਾ 

ਇਸ ਸਕੀਮ ਅਧੀਨ ਪੰਜਾਬ ਦੇ ਵਾਸੀ/ਅਧਿਵਾਸੀ/ਜੰਮਪਲ ਲੇਖਕਾਂ ਦੀਆਂ ਪੁਸਤਕਾਂ ਦੇ ਖਰੜੇ ਪ੍ਰਕਾਸ਼ਿਤ ਕਰਨ ਲਈ ਮਾਲੀ ਸਹਾਇਤਾ ਦਿਤੀ ਜਾਦੀ ਹੈ। ਇਹ ਸਹਾਇਤਾ 125 ਪੰਨਿਆਂ ਤੱਕ ਦੇ ਖਰੜੇ ਨੂੰ 10,000/-ਰੁਪਏ ਅਤੇ ਇਸ ਤੋਂ ਵੱਧ ਪੰਨਿਆਂ ਤੇ ਆਧਾਰਿਤ ਖਰੜੇ ਨੂੰ 15,000/-ਰੁਪਏ ਦਿਤੀ ਜਾਂਦੀ ਹੈ।

 

5. ਉਰਦੂ ਲੇਖਕਾਂ ਨੂੰ ਪੈਨਸ਼ਨ 

ਵਿਭਾਗ ਵੱਲੋਂ ਉਰਦੂ ਦੇ ਨਾਮਵਰ ਅਤੇ ਨਿਰਧਨ ਪੰਜ ਲੇਖਕਾਂ ਨੂੰ 5,000/-ਰੁਪਏ ਪ੍ਰਤੀ ਮਹੀਨਾ ਪੈਨਸ਼ਨ ਦੇਣ ਦਾ ਉਪਬੰਧ ਹੈ। 

 

6. ਉਰਦੂ ਲੇਖਕਾਂ ਅਤੇ ਉਨ੍ਹਾਂ ਤੇ ਆਸ਼ਰਿਤ ਪਰਿਵਾਰਾਂ ਨੂੰ ਮਾਲੀ ਸਹਾਇਤਾ

ਇਹ ਸਹਾਇਤਾ ਉਰਦੂ ਦੇ ਉੱਘੇ ਅਤੇ ਲੋੜਵੰਦ ਲੇਖਕਾਂ/ਉਨ੍ਹਾਂ ਦੇ ਆਸ਼ਰਿਤਾਂ ਨੂੰ 2500/- ਰੁਪਏ ਪ੍ਰਤੀ ਮਹੀਨਾ ਦੀ ਦਰ ਨਾਲ ਦਿਤੀ ਜਾਂਦੀ ਹੈ।

 

7. ਸ਼੍ਰੋਮਣੀ ਉਰਦੂ ਸਾਹਿਤਕਾਰ ਦਾ ਸਨਮਾਨ

ਇਸ ਸਕੀਮ ਅਧੀਨ ਹਰ ਸਾਲ ਪੰਜਾਬ ਦੇ ਜੰਮਪਲ/ਵਾਸੀ/ਅਧਿਵਾਸੀ ਉਰਦੂ ਦੇ ਨਾਮਵਰ ਲੇਖਕ ਨੂੰ ਉਸ ਦੀਆਂ ਉਰਦੂ ਭਾਸ਼ਾ ਅਤੇ ਸਾਹਿਤ ਲਈ ਜੀਵਨ ਭਰ ਦੀਆਂ ਸੇਵਾਵਾਂ ਬਦਲੇ 5.00 ਲੱਖ ਰੁਪਏ ਦੀ ਨਕਦ ਰਾਸ਼ੀ, ਪਲੇਕ, ਸਿਰੋਪਾ ਅਤੇ ਮੈਡਲ ਨਾਲ ਸ਼੍ਰੋਮਣੀ ਉਰਦੂ ਸਾਹਿਤਕਾਰ ਵਜੋਂ ਸਨਮਾਨਿਤ ਕੀਤਾ ਜਾਂਦਾ ਹੈ। 

 

8. ਸਰਵੋਤਮ ਉਰਦੂ ਸਾਹਿਤਕ ਪੁਸਤਕ ਪੁਰਸਕਾਰ 

ਇਸ ਸਕੀਮ ਤਹਿਤ ਉਰਦੂ ਦੀਆਂ ਵੱਖ ਵੱਖ ਚਾਰ ਵੰਨਗੀਆਂ ਵਿੱਚ ਸਾਲ ਦੌਰਾਨ ਛਪੀਆਂ ਪੁਸਤਕਾਂ ਨੂੰ ਇੱਕੀ-ਇੱਕੀ ਹਜ਼ਾਰ ਰੁਪਏ ਦੇ ਚਾਰ ਸਰਵੋਤਮ ਸਾਹਿਤਕ ਪੁਰਸਕਾਰ ਦਿੱਤੇ ਜਾਂਦੇ ਹਨ। ਇਨ੍ਹਾਂ ਵਿੱਚੋਂ ਸਾਹਿਰ ਲੁਧਿਆਣਵੀ ਪੁਰਸਕਾਰ (ਨਜ਼ਮ), ਕਨ੍ਹੱਈਆ ਲਾਲ ਕਪੂਰ ਪੁਰਸਕਾਰ (ਨਸਰ), ਮਹਿਮੂਦ ਸ਼ੀਰਾਨੀ ਪੁਰਸਕਾਰ (ਆਲੋਚਨਾ) ਅਤੇ ਰਾਜਿੰਦਰ ਸਿੰਘ ਬੇਦੀ ਪੁਰਸਕਾਰ (ਨਾਵਲ/ਕਹਾਣੀ/ਡਰਾਮਾ) ਨੂੰ ਦਿਤੇ ਜਾਂਦੇ ਹਨ। ਇਹ ਪੁਰਸਕਾਰ ਪ੍ਰਾਪਤ ਕਰਨ ਵਾਲੇ ਲੇਖਕ ਨੂੰ 21,000/-ਰੁਪਏ ਦੀ ਰਾਸ਼ੀ ਦੇ ਨਾਲ ਇਕ ਪਲੇਕ ਵੀ ਭੇਟਾ ਕੀਤੀ ਜਾਂਦੀ ਹੈ। ਇਸ ਮੁਕਾਬਲੇ ਲਈ ਪੰਜਾਬ ਦੇ ਵਾਸੀ ਜਾਂ ਅਧਿਵਾਸੀ ਲੇਖਕ ਆਪਣੀਆਂ ਕੈਲੰਡਰ ਸਾਲ ਦੌਰਾਨ ਛਪੀਆਂ ਉਰਦੂ ਦੀਆਂ ਪੁਸਤਕਾਂ ਦੀਆਂ ਚਾਰ-ਚਾਰ ਕਾਪੀਆਂ ਵਿਭਾਗ ਵਿੱਚ ਹਰ ਸਾਲ 31 ਮਾਰਚ ਤੱਕ ਭੇਜ ਸਕਦੇ ਹਨ। 

 

9. ਉਰਦੂ ਦੀ ਵਧੀਆ ਛਪੀ ਪੁਸਤਕ ਨੂੰ ਪੁਰਸਕਾਰ

ਉਰਦੂ ਵਿੱਚ ਵਧੀਆ ਛਪਾਈ ਨੂੰ ਉਤਸ਼ਾਹਿਤ ਕਰਨ ਲਈ ਪੁਸਤਕ ਦੇ ਪ੍ਰਕਾਸ਼ਕ/ਛਾਪਕ ਨੂੰ ਵਿਭਾਗ ਵੱਲੋਂ ਹਰ ਸਾਲ ਉਰਦੂ ਦੀ ਇਕ ਪੁਸਤਕ ਨੂੰ ਵਧੀਆ ਛਪਾਈ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾਂਦਾ ਹੈ। ਇਨਾਮ ਲਈ ਚੁਣੀ ਗਈ ਪੁਸਤਕ ਲਈ 11,000/- ਰੁਪਏ ਦੀ ਨਕਦ ਰਾਸ਼ੀ ਅਤੇ ਪਲੇਕ ਭੇਟ ਕੀਤੀ ਜਾਂਦੀ ਹੈ। ਇਸ ਮੁਕਾਬਲੇ ਲਈ ਪੰਜਾਬ ਦੇ ਵਾਸੀ ਜਾਂ ਅਧਿਵਾਸੀ ਲੇਖਕ ਆਪਣੀਆਂ ਕੈਲੰਡਰ ਸਾਲ ਦੌਰਾਨ ਛਪੀਆਂ ਉਰਦੂ ਪੁਸਤਕਾਂ ਦੀਆਂ ਦੋ-ਦੋ ਕਾਪੀਆਂ ਵਿਭਾਗ ਵਿੱਚ ਹਰ ਸਾਲ 31 ਮਾਰਚ ਤੱਕ ਭੇਜ ਸਕਦੇ ਹਨ

 

ਕਿਸੇ ਵੀ ਜਾਣਕਾਰੀ ਲਈ ਸੰਪਰਕ ਕਰੋ