ਪੰਜਾਬੀ ਦੇ ਰਾਜ ਭਾਸ਼ਾ ਬਣਨ ਨਾਲ ਵਿਸਤ੍ਰਿਤ ਸ਼ਬਦਾਵਲੀ ਦੀ ਲੋੜ ਮਹਿਸੂਸ ਕੀਤੀ ਗਈ ਜਿਸ ਨੂੰ ਪੂਰਾ ਕਰਨ ਲਈ ਮਹਿਕਮਾ ਪੰਜਾਬੀ (ਹੁਣ ਭਾਸ਼ਾ ਵਿਭਾਗ, ਪੰਜਾਬ) ਸਥਾਪਤ ਕੀਤਾ ਗਿਆ ਅਤੇ 1949 ਈ. ਵਿਚ ਕੋਸ਼ਕਾਰੀ ਭਾਗ ਨੂੰ ਪੰਜਾਬੀ ਦਾ ਇਕ ਵਿਸਤ੍ਰਿਤ ਕੋਸ਼ ਤਿਆਰ ਕਰਨ ਦਾ ਕਾਰਜ ਸੌਂਪਿਆ ਗਿਆ। ਸੰਨ 1983 ਤਕ ਵਿਭਾਗ ਨੇ ਛੇ ਜਿਲਦਾਂ ਵਿਚ ਪੰਜਾਬੀ ਕੋਸ਼ ਤਿਆਰ ਕੀਤਾ ਜਿਸ ਦੇ 3400 ਪੰਨਿਆਂ ਵਿਚ ਲਗਭਗ ਡੇਢ ਲੱਖ ਐਂਟਰੀਆਂ ਸ਼ਾਮਲ ਕੀਤੀਆਂ ਗਈਆਂ ਤੇ ਨਾਲ ਹੀ ਸ਼ਬਦਾਂ ਦੀ ਵਿਆਕਰਣ ਤੇ ਨਿਰੁਕਤੀ ਵੀ ਦਿੱਤੀ ਗਈ ਹੈ। ਛੇ ਜਿਲਦਾਂ ਦੇ ਵਿਸਤ੍ਰਿਤ ਕੋਸ਼ ਤੋਂ ਇਲਾਵਾ ਪਾਠਕਾਂ ਦੀ ਮੰਗ ਨੂੰ ਮੁੱਖ ਰੱਖਦੇ ਹੋਏ ਪੰਜਾਬੀ ਦੀ ਇਕ ਪ੍ਰਮਾਣਿਕ ਡਿਕਸ਼ਨਰੀ (ਪ੍ਰਮਾਣਿਕ ਪੰਜਾਬੀ ਕੋਸ਼) ਵੀ ਤਿਆਰ ਕੀਤੀ ਗਈ। ਪੰਜਾਬੀ ਦੀਆਂ ਉਪ-ਭਾਸ਼ਾਵਾਂ ਨੂੰ ਵੀ ਅੱਖੋਂ ਪਰੋਖੇ ਨਹੀਂ ਕੀਤਾ ਗਿਆ ਅਤੇ ਪੁਆਧੀ ਤੇ ਪੋਠੋਹਾਰੀ ਕੋਸ਼ ਵੀ ਤਿਆਰ ਕੀਤੇ ਗਏ ਹਨ। ਭਾਸ਼ਾਵਾਂ ਦੇ ਆਦਾਨ ਪ੍ਰਦਾਨ ਨੂੰ ਮੱਦੇ ਨਜ਼ਰ ਰੱਖਦੇ ਹੋਏ ਦੋ-ਭਾਸ਼ੀ, ਤ੍ਰੈ-ਭਾਸ਼ੀ ਅਤੇ ਬਹੁ-ਭਾਸ਼ੀ ਕੋਸ਼ ਵੀ ਇਸ ਸਕੀਮ ਅਧੀਨ ਪ੍ਰਕਾਸ਼ਿਤ ਕਰਕੇ ਪਾਠਕਾਂ ਦੀ ਝੋਲੀ ਵਿਚ ਪਾਏ ਗਏ ਜਿਵੇਂ ਹਿੰਦੀ-ਪੰਜਾਬੀ ਕੋਸ਼, ਪੰਜਾਬੀ-ਹਿੰਦੀ ਕੋਸ਼, ਉਰਦੂ-ਪੰਜਾਬੀ-ਹਿੰਦੀ ਕੋਸ਼, ਪੰਜਾਬੀ-ਕਸ਼ਮੀਰੀ ਕੋਸ਼, ਪੰਜਾਬੀ-ਹਿੰਦੀ-ਕਾਂਗੜੀ ਕੋਸ਼, ਪੰਜਾਬੀ-ਅੰਗਰੇਜ਼ੀ ਕੋਸ਼, ਅੰਗਰੇਜ਼ੀ- ਪੰਜਾਬੀ ਕੋਸ਼ (ਮੈਟ੍ਰਿਕ ਪੱਧਰ), ਮਿਡਲ ਪੰਜਾਬੀ ਕੋਸ਼ ਆਦਿ ਤੋਂ ਇਲਾਵਾ ਪੰਜਾਬੀ- ਉਰਦੂ ਕੋਸ਼ ਅਤੇ ਡੋਗਰੀ- ਪੰਜਾਬੀ ਕੋਸ਼ ਭਾਗ ਵੱਲੋਂ ਪ੍ਰਕਾਸ਼ਿਤ ਕੀਤੇ ਜਾਣੇ ਹਨ।
ਅਖਾਣ ਮੁਹਾਵਰੇ ਕਿਸੇ ਭਾਸ਼ਾ ਦੀ ਅਮੀਰੀ ਦਾ ਚਿੰਨ੍ਹ ਹੁੰਦੇ ਹਨ। ਇਹ ਭਾਸ਼ਾ ਨੂੰ ਸ਼ਿੰਗਾਰਨ ਦਾ ਕੰਮ ਕਰਦੇ ਹਨ। ਇਨ੍ਹਾਂ ਨੂੰ ਸਾਂਭਣ ਲਈ ਵਿਭਾਗ ਨੇ ਪੰਜਾਬੀ ਅਖਾਣ ਕੋਸ਼ ਅਤੇ ਪੰਜਾਬੀ ਮੁਹਾਵਰਾ ਕੋਸ਼ ਪ੍ਰਕਾਸ਼ਿਤ ਕੀਤੇ ਹਨ। ਪੰਜਾਬੀ ਅਖਾਣ ਕੋਸ਼ ਦਾ ਸੋਧਿਆ ਐਡੀਸ਼ਨ ਛਪ ਚੁੱਕਿਆ ਹੈ ਅਤੇ ਪੰਜਾਬੀ ਮੁਹਾਵਰਾ ਕੋਸ਼ ਦਾ ਸੋਧਿਆ ਐਡੀਸ਼ਨ ਪ੍ਰਕਾਸ਼ਿਤ ਕੀਤਾ ਜਾਣਾ ਹੈ। ਉਕਤ ਤੋਂ ਇਲਾਵਾ ਬੱਚਿਆਂ ਦੇ ਗਿਆਨ ਵਿਚ ਵਾਧਾ ਕਰਨ ਲਈ ਸਚਿੱਤਰ ਪ੍ਰਾਇਮਰੀ ਪੰਜਾਬੀ ਕੋਸ਼, ਸਚਿੱਤਰ ਪੰਜਾਬੀ ਵਰਣਮਾਲਾ (ਮੁੱਢਲੇ ਕਦਮ) ਗੁਰਮੁਖੀ ਅਤੇ ਰੋਮਨ ਵਰਣਮਾਲਾ ਪ੍ਰਕਾਸ਼ਿਤ ਕਰਵਾਏ ਜਾ ਚੁੱਕੇ ਹਨ। ਸਕੂਲੀ ਪੱਧਰ ਦੀਆਂ ਤ੍ਰੈ-ਭਾਸ਼ੀ ਸ਼ਬਦਾਵਲੀਆਂ ਮੈਟ੍ਰਿਕ ਤੇ ਪਲੱਸ-ਟੂ (10+2) ਪੱਧਰ ਦੀਆਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ।
ਕਿੱਸਾ ਸਾਹਿਤ ਵੀ ਪੰਜਾਬੀ ਦਾ ਮਹੱਤਵਪੂਰਨ ਅੰਗ ਹੈ ਜਿਸ ਨੂੰ ਸੰਭਾਲਣ ਲਈ 'ਕਿੱਸਾ ਸੰਦਰਭ ਕੋਸ਼ ' ਪ੍ਰਕਾਸ਼ਿਤ ਕਰਵਾਇਆ ਗਿਆ ਹੈ ਅਤੇ ਵਾਰਿਸ ਮੁਹਾਵਰਾ ਕੋਸ਼ ਵੀ ਤਿਆਰ ਕਰਵਾਇਆ ਗਿਆ ਹੈ। ਭਾਸ਼ਾ ਵਿਚ ਆਉਂਦੀਆਂ ਤਬਦੀਲੀਆਂ ਨੂੰ ਮੁੱਖ ਰੱਖਦੇ ਹੋਏ ਉਕਤ ਕੋਸ਼ਾਂ ਦੇ ਸੋਧੇ ਐਡੀਸ਼ਨ ਵੀ ਨਾਲੋਂ ਨਾਲ ਤਿਆਰ ਕੀਤੇ ਜਾ ਰਹੇ ਹਨ। ਪੋਠੋਹਾਰੀ ਕੋਸ਼ ਦਾ ਸੋਧਿਆ ਐਡੀਸ਼ਨ ਛਾਪਿਆ ਜਾ ਚੁੱਕਿਆ ਹੈ। ਇਸ ਤੋਂ ਇਲਾਵਾ ਭਾਗ ਵੱਲੋਂ ਪੰਜਾਬੀ ਕੋਸ਼ ਜਿਲਦ-1, ਪੰਜਾਬੀ ਕੋਸ਼ ਜਿਲਦ-2, ਪੰਜਾਬੀ ਕੋਸ਼ ਜਿਲਦ-5 ਅਤੇ ਪੰਜਾਬੀ ਕੋਸ਼ ਜਿਲਦ-6 ਦੇ ਐਡੀਸ਼ਨ ਸੋਧ ਕੇ ਤਿਆਰ ਕੀਤੇ ਜਾ ਰਹੇ ਹਨ। ਹਿੰਦੀ-ਪੰਜਾਬੀ ਕੋਸ਼ ਦੇ ਸੋਧੇ ਐਡੀਸ਼ਨ ਦੀ ਛਪਾਈ ਦਾ ਕਾਰਜ ਨਾਲੋ ਨਾਲ ਚਲ ਰਿਹਾ ਹੈ ਅਤੇ ਭਾਗ ਵੱਲੋਂ ਮਹਾਨ ਕੋਸ਼ ਦਾ ਨੌਵਾਂ ਐਡੀਸ਼ਨ ਪ੍ਰਕਾਸ਼ਿਤ ਕਰਵਾਇਆ ਜਾ ਚੁੱਕਾ ਹੈ। ਕੋਸ਼ਕਾਰੀ ਭਾਗ ਵੱਲੋਂ ਤਿਆਰ ਕੀਤੇ 42 ਕੋਸ਼ਾਂ ਦੀ ਸੂਚੀ ਪੁਸਤਕ ਸੂਚੀ ਵਿਚ ਵੇਖੀ ਜਾ ਸਕਦੀ ਹੈ।