ਪੰਜਾਬ ਸਰਕਾਰ | GOVERNMENT OF PUNJAB

Select Font Size

Follow Us

ਪੰਜਾਬ ਸਰਕਾਰ | GOVERNMENT OF PUNJAB

Select Font Size A+  A  A-      

ਖੇਤਰ

            ਪੰਜਾਬ ਸਰਕਾਰ ਵੱਲੋਂ ਭਾਸ਼ਾ ਨੀਤੀ ਤਹਿਤ ਰਾਜ-ਭਾਸ਼ਾ ਪੰਜਾਬੀ ਨੂੰ ਪੰਜਾਬ ਰਾਜ ਦੇ ਸਮੂਹ ਜ਼ਿਲ੍ਹਾ ਸਦਰ ਮੁਕਾਮਾਂ, ਰਾਜ-ਪੱਧਰ ਅਤੇ ਸਕੱਤਰੇਤ ਪੱਧਰ ਤੇ ਪੂਰੀ ਤਰ੍ਹਾਂ ਲਾਗੂ ਕਰਨ ਲਈ ਸਮੁੱਚੇ ਅਧਿਕਾਰ ਭਾਸ਼ਾ ਵਿਭਾਗ ਪੰਜਾਬ ਨੂੰ ਸੌਂਪੇ ਹੋਏ ਹਨ। ਭਾਸ਼ਾ ਵਿਭਾਗ ਪੰਜਾਬ ਵੱਲੋਂ ਪੰਜਾਬੀ ਪ੍ਰਚਾਲਣ ਦੇ ਕੰਮ ਕਾਜ ਦੀ ਪੂਰੀ ਨਿਗਰਾਨੀ ਕਰਨ ਲਈ ਇਕ ਵੱਖਰਾ ਭਾਗ ਸਥਾਪਿਤ ਕੀਤਾ  ਹੋਇਆ ਹੈ।  ਭਾਸ਼ਾ ਵਿਭਾਗ ਦੇ ਇਨ੍ਹਾਂ ਕਾਰਜਾਂ ਦਾ ਵਿਸਤ੍ਰਿਤ ਵੇਰਵਾ ਹੇਠਾਂ ਦਿੱਤਾ ਜਾਂਦਾ ਹੈ :

 

ਪੰਜਾਬੀ ਪ੍ਰਚਾਲਣ

            ਰਾਜ ਭਾਸ਼ਾ ਐਕਟ,1967 ਦੇ ਪਾਸ ਹੋ ਜਾਣ ਤੇ ਪੰਜਾਬੀ ਭਾਸ਼ਾ ਨੂੰ ਰਾਜ ਭਾਸ਼ਾ ਦਾ ਦਰਜਾ ਦਿੱਤਾ ਗਿਆ ਅਤੇ ਪੰਜਾਬ ਸਰਕਾਰ ਵੱਲੋਂ ਸਾਰਾ ਦਫ਼ਤਰੀ ਕੰਮ ਕਾਜ ਰਾਜ ਭਾਸ਼ਾ ਪੰਜਾਬੀ ਵਿਚ ਕਰਨ ਲਈ ਹਦਾਇਤਾਂ ਜਾਰੀ ਕੀਤੀਆਂ ਗਈਆਂ। ਇਨ੍ਹਾਂ ਹਦਾਇਤਾਂ ਨੂੰ ਲਾਗੂ ਕਰਵਾਉਣ ਦਾ ਕਾਰਜ ਇਸ ਵਿਭਾਗ ਨੂੰ ਸੋਂਪਿਆ ਗਿਆ। ਇਸ ਸਬੰਧ ਵਿਚ ਵਿਭਾਗ ਵੱਲੋਂ ਸਹਾਇਕ ਡਾਇਰੈਕਟਰ (ਹਿੰਦੀ/ ਪੰਜਾਬੀ ਸੈੱਲ) ਚੰਡੀਗੜ੍ਹ ਅਤੇ ਸਮੂਹ ਜ਼ਿਲ੍ਹਾ ਭਾਸ਼ਾ ਅਫ਼ਸਰਾਂ ਰਾਹੀਂ ਪੰਜਾਬ ਸਰਕਾਰ ਦੇ ਸਮੂਹ ਦਫ਼ਤਰਾਂ ਦੀ ਸੂਚੀ ਭੇਜ ਕੇ ਚੈਕਿੰਗ ਕਰਵਾਈ ਜਾਂਦੀ ਹੈ। ਚੈਕਿੰਗ ਦੌਰਾਨ ਕੁਤਾਹੀਕਾਰ ਪਾਏ ਗਏ ਅਧਿਕਾਰੀਆਂ/ ਕਰਮਚਾਰੀਆਂ ਵਿਰੁੱਧ ਲੋੜੀਂਦੀ ਕਾਰਵਾਈ ਕਰਨ ਦੇ ਮੁੱਢਲੇ ਪੜਾਅ ਵਜੋਂ ਉਨ੍ਹਾਂ ਦੇ ਪ੍ਰਬੰਧਕੀ ਵਿਭਾਗਾਂ ਨੂੰ ਲਿਖਿਆ ਜਾਂਦਾ ਹੈ। ਪੰਜਾਬ ਸਰਕਾਰ ਵੱਲੋਂ ਆਪਣੀ ਭਾਸ਼ਾ ਨੀਤੀ ਤਹਿਤ ਰਾਜ ਦੇ ਸਮੂਹ ਸਰਕਾਰੀ/ਗੈਰ ਸਰਕਾਰੀ ਦਫ਼ਤਰਾਂ, ਬੋਰਡਾਂ, ਕਾਰਪੋਰੇਸ਼ਨਾਂ ਦੇ ਨਾਲ-ਨਾਲ ਪੰਜਾਬ ਰਾਜ ਦੇ ਸਮੂਹ ਸਰਕਾਰੀ ਸਕੂਲਾਂ/ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਦਫ਼ਤਰੀ ਕੰਮਕਾਜ ਵਿੱਚ ਰਾਜ ਭਾਸ਼ਾ ਪੰਜਾਬੀ ਦੀ 100 ਪ੍ਰਤੀਸ਼ਤ ਵਰਤੋਂ ਨੂੰ ਯਕੀਨੀ ਬਣਾਉਣ ਲਈ ਪੰਜਾਬ ਰਾਜ ਭਾਸ਼ਾ (ਤਰਮੀਮ) ਐਕਟ, 2008 ਲਾਗੂ ਕਰ ਦਿੱਤਾ ਗਿਆ ਹੈ। ਇਸ ਐਕਟ ਦੇ ਲਾਗੂ ਹੋਣ ਨਾਲ ਪੰਜਾਬ ਅੰਦਰ ਸਮੂਹ ਅਧੀਨ ਅਦਾਲਤਾਂ, ਟ੍ਰਿਬਿਊਨਲਾਂ, ਦੀਵਾਨੀ ਅਤੇ ਫੌਜਦਾਰੀ ਅਦਾਲਤਾਂ ਦੇ ਨਾਲ-ਨਾਲ ਸਥਾਪਿਤ ਕੀਤੇ ਜਾਣ ਵਾਲੇ ਕਮਿਸ਼ਨਾਂ ਵਿਚ ਕੰਮ ਕਾਜ ਦੀ ਭਾਸ਼ਾ ਪੰਜਾਬੀ ਲਾਗੂ ਕੀਤੀ ਗਈ ਹੈ। ਇਸ ਅਨੁਸਾਰ ਜੇਕਰ ਕੋਈ ਅਧਿਕਾਰੀ ਜਾਂ ਕਰਮਚਾਰੀ ਇਸ ਐਕਟ ਦੀਆਂ ਧਾਰਾਵਾਂ ਜਾਂ ਇਨ੍ਹਾਂ ਤਹਿਤ ਕੀਤੀਆਂ ਨੋਟੀਫਿਕੇਸ਼ਨਾਂ ਦੀ ਵਾਰ ਵਾਰ ਉਲੰਘਣਾ ਕਰਦਾ ਪਾਇਆ ਜਾਂਦਾ ਹੈ ਤਾਂ ਉਹ ਪੰਜਾਬ ਸਿਵਲ ਸੇਵਾਵਾਂ(ਦੰਡ ਅਤੇ ਅਪੀਲ) ਨਿਯਮ, 1970 ਦੇ ਤਹਿਤ ਕਾਰਵਾਈ ਕੀਤੇ ਜਾਣ ਦਾ ਭਾਗੀ ਬਣਦਾ ਹੈ ਅਤੇ ਅਜਿਹੇ ਕਸੂਰਵਾਰ ਅਧਿਕਾਰੀਆਂ ਜਾਂ ਕਰਮਚਾਰੀਆਂ ਵਿਰੁੱਧ ਸਬੰਧਤ ਸਮਰੱਥ ਅਧਿਕਾਰੀ ਵੱਲੋਂ ਡਾਇਰੈਕਟਰ, ਭਾਸ਼ਾ ਵਿਭਾਗ, ਪੰਜਾਬ ਦੀਆਂ ਸਿਫ਼ਾਰਸ਼ਾਂ ਅਨੁਸਾਰ ਕਾਰਵਾਈ ਕੀਤੀ ਜਾਂਦੀ ਹੈ। ਸਿਫ਼ਾਰਸ਼ ਕੀਤੇ ਅਨੁਸਾਰ ਅਨੁਸ਼ਾਸਨੀ ਕਾਰਵਾਈ ਕਰਨ ਲਈ ਵਿਭਾਗ ਵੱਲੋਂ ਸਬੰਧਤ ਪ੍ਰਬੰਧਕੀ ਸਕੱਤਰ/ਸਕੱਤਰ ਨਾਲ ਲਿਖਾਪੜ੍ਹੀ ਕੀਤੀ ਜਾਂਦੀ ਹੈ ਅਤੇ ਇਹ ਲਿਖਾ-ਪੜ੍ਹੀ ਉਦੋਂ ਤੱਕ ਜਾਰੀ ਰੱਖੀ ਜਾਂਦੀ ਹੈ, ਜਦੋਂ ਤੱਕ ਸਬੰਧਤ ਕੁਤਾਹੀਕਾਰਾਂ ਵਿਰੁੱਧ ਕੀਤੀ ਕਾਰਵਾਈ ਦੀ ਸੂਚਨਾ ਇਸ ਵਿਭਾਗ ਨੂੰ ਪ੍ਰਾਪਤ ਨਹੀਂ ਹੋ ਜਾਂਦੀ। 

 

            ਉਕਤ ਤੋਂ ਇਲਾਵਾ ਪੰਜਾਬ ਰਾਜ ਭਾਸ਼ਾ ਐਕਟ 1967 ਅਤੇ ਪੰਜਾਬ ਰਾਜ ਭਾਸ਼ਾ (ਤਰਮੀਮ) ਐਕਟ 2008 ਦੀ ਪਾਲਣਾ ਨੂੰ ਯਕੀਨੀ ਬਣਾਉਣ ਲਈ ਪੰਜਾਬ ਸਰਕਾਰ ਦੇ ਸਮੂਹ ਵਿਭਾਗਾਂ ਦੇ ਮੁੱਖੀਆਂ ਅਤੇ ਉਨ੍ਹਾਂ ਅਧੀਨ ਅਮਲੇ ਨੂੰ ਉਚੇਰੀ ਸਿੱਖਿਆ ਤੇ ਭਾਸ਼ਾ ਵਿਭਾਗ ਰਾਹੀਂ ਸਮੇਂ ਸਮੇਂ ਤੇ ਹਦਾਇਤਾਂ ਵੀ ਜਾਰੀ ਕੀਤੀਆਂ ਜਾਂਦੀਆਂ ਰਹਿੰਦੀਆਂ ਹਨ।

 

ਪੰਜਾਬੀ ਪ੍ਰਬੋਧ ਪਰੀਖਿਆ

     ਭਾਸ਼ਾ ਵਿਭਾਗ, ਪੰਜਾਬ ਆਪਣੀ ਸਥਾਪਤੀ ਦੇ ਦਿਨ ਤੋਂ ਪੰਜਾਬੀ ਭਾਸ਼ਾ ਦੇ ਵਿਕਾਸ ਲਈ ਯਤਨਸ਼ੀਲ ਰਿਹਾ ਹੈ। ਇਸ ਮੰਤਵ ਲਈ ਵਿਭਾਗ ਵੱਲੋਂ ਅਨੇਕਾਂ ਸਕੀਮਾਂ ਚਲਾਈਆਂ ਜਾ ਰਹੀਆਂ ਹਨ। ਇਨ੍ਹਾਂ ਵਿੱਚੋਂ ਇਕ ਸਕੀਮ ਸਰਕਾਰੀ ਕਰਮਚਾਰੀਆਂ ਨੂੰ ਪੰਜਾਬੀ ਭਾਸ਼ਾ ਦਾ ਗਿਆਨ ਪ੍ਰਾਪਤ ਕਰਵਾਉਣਾ ਹੈ। ਵਿਭਾਗ ਵੱਲੋਂ ਇਸ ਸਕੀਮ ਅਧੀਨ ਪੰਜਾਬੀ ਦੇ ਮੁੱਢਲੇ ਗਿਆਨ ਲਈ ਪੰਜਾਬੀ ਪ੍ਰਬੋਧ ਪੁਸਤਕ ਪ੍ਰਕਾਸ਼ਤ ਕੀਤੀ ਗਈ ਜਿਸ ਦੇ ਆਧਾਰ ਤੇ ਕਰਮਚਾਰੀਆਂ ਦੀ ਪਹਿਲੀ ਵਿਭਾਗੀ ਪਰੀਖਿਆਂ 1950 ਵਿੱਚ ਕਰਵਾਈ ਗਈ ਅਤੇ ਪਰੀਖਿਆ ਵਿੱਚੋਂ ਪਾਸ ਕਰਮਚਾਰੀਆਂ ਨੂੰ ਪ੍ਰਸੰਸ਼ਾ ਪੱਤਰ ਜਾਰੀ ਕੀਤੇ ਗਏ। 1956 ਦੇ ਰੀਜਨਲ ਫਾਰਮੂਲੇ ਦੇ ਆਧਾਰ ਤੇ ਰਾਜ ਭਾਸ਼ਾਵਾਂ ਐਕਟ, 1960 ਹੋਂਦ ਵਿੱਚ ਆਇਆ ਜਿਸ ਅਨੁਸਾਰ ਪੰਜਾਬ ਨੂੰ ਦੋ ਖੇਤਰਾਂ ਪੰਜਾਬੀ ਤੇ ਹਿੰਦੀ ਖੇਤਰ ਵਿੱਚ ਵੰਡਿਆ ਗਿਆ। ਇਸ ਨਾਲ ਪੰਜਾਬੀ ਖੇਤਰ ਦੇ ਕਰਮਚਾਰੀਆਂ ਲਈ ਪੰਜਾਬੀ ਦਾ ਮਹੱਤਵ ਹੋਰ ਵੀ ਵੱਧ ਗਿਆ। ਇਸ ਲਈ ਸਰਕਾਰ ਦੇ ਪੱਤਰ ਨੰ: 3389-ਆਈ.ਐਲ.ਜੀ-60/46876 ਮਿਤੀ     7 ਨਵੰਬਰ, 1960 ਰਾਹੀਂ ਪੰਜਾਬੀ ਪ੍ਰਬੋਧ ਪਰੀਖਿਆ ਨੂੰ ਦਸਵੀਂ ਜਮਾਤ ਦੀ ਪੰਜਾਬੀ ਦੇ ਬਰਾਬਰ ਮਾਨਤਾ ਦਿੱਤੀ ਗਈ। ਪੰਜਾਬ ਰਾਜ-ਭਾਸ਼ਾ ਐਕਟ, 1967 ਦੁਆਰਾ ਪੰਜਾਬੀ ਨੂੰ ਪੰਜਾਬ ਦੀ ਰਾਜ ਭਾਸ਼ਾ ਐਲਾਨ ਕੀਤਾ ਗਿਆ ਅਤੇ ਇਸ ਐਕਟ ਅਧੀਨ ਜਾਰੀ ਕੀਤੀਆਂ ਗਈਆਂ ਹਦਾਇਤਾਂ ਅਨੁਸਾਰ ਸਰਕਾਰੀ/ਅਰਧ ਸਰਕਾਰੀ ਕਰਮਚਾਰੀਆਂ ਲਈ ਦਸਵੀਂ ਦੇ ਪੱਧਰ ਦੀ ਪੰਜਾਬੀ ਦੀ ਯੋਗਤਾ ਲਾਜ਼ਮੀ ਕਰ ਦਿੱਤੀ ਗਈ। ਕਰਮਚਾਰੀਆਂ ਨੇ ਇਸ ਸ਼ਰਤ ਨੂੰ ਪੰਜਾਬੀ ਪ੍ਰਬੋਧ ਪਰੀਖਿਆ ਪਾਸ ਕਰਕੇ ਪੂਰਾ ਕੀਤਾ।  ਸਰਕਾਰੀ ਸੇਵਾ ਵਿੱਚ ਆਉਣ ਦੇ ਚਾਹਵਾਨ/ਉਮੀਦਵਾਰਾਂ ਵਿੱਚ ਬਹੁਤ ਸਾਰੇ ਉਮੀਦਵਾਰ ਅਜਿਹੇ ਸਨ ਜਿਨ੍ਹਾਂ ਪਾਸ ਦਸਵੀਂ ਪੱਧਰ ਦੀ ਪੰਜਾਬੀ ਦੀ ਯੋਗਤਾ ਪ੍ਰਾਪਤ ਨਹੀਂ ਸੀ ਹੁੰਦੀ, ਦੀ ਇਸ ਮੁਸ਼ਕਿਲ ਦਾ ਹੱਲ ਕਰਨ ਲਈ ਸਰਕਾਰ ਵੱਲੋਂ ਕਰਮਚਾਰੀਆਂ ਦੇ ਨਾਲ-ਨਾਲ ਸਰਕਾਰੀ ਨੌਕਰੀ ਦੇ ਸੰਭਾਵੀ ਉਮੀਦਵਾਰਾਂ ਨੂੰ ਇਹ ਪਰੀਖਿਆ ਦੇਣ ਦੀ ਖੁੱਲ੍ਹ ਦਿੱਤੀ ਗਈ ਹੈ ਪਰ ਸੰਭਾਵੀ ਉਮੀਦਵਾਰਾਂ ਲਈ ਨਿਰਧਾਰਤ ਪਰੀਖਿਆ ਫੀਸ ਅਦਾ ਕਰਨੀ ਜ਼ਰੂਰੀ ਹੈ। ਅਰਧ-ਸਰਕਾਰੀ ਅਦਾਰਿਆਂ ਦੇ ਕਰਮਚਾਰੀਆਂ ਲਈ ਵੀ ਫੀਸ ਨਿਰਧਾਰਤ ਹੈ। ਇਸ ਪਰੀਖਿਆ ਦੀ ਫੀਸ ਦਾ ਵੇਰਵਾ ਨਿਮਨ ਅਨੁਸਾਰ ਹੈ ਜੀ।

 

ਪਰੀਖਿਆ ਫੀਸ 2000/- ਰੁਪਏ

 

ਡੁਪਲੀਕੇਟ ਸਰਟੀਫਿਕੇਟ ਫੀਸ 500/- ਰੁਪਏ 

 

ਉਕਤ ਤੋਂ ਇਲਾਵਾ ਪੰਜਾਬ ਸਰਕਾਰ, ਉਚੇਰੀ ਸਿੱਖਿਆ ਤੇ ਭਾਸਾ ਵਿਭਾਗ (ਸਿੱਖਿਆ ਸੈੱਲ) ਦੇ ਮੀਮੋ ਨੰ. 6.12.17- 2 ਸਿ.ਸੈਲ/375 ਮਿਤੀ 12.10.2018 ਮੁਤਾਬਿਕ ਪੰਜਾਬੀ ਪ੍ਰਬੋਧ ਪਰੀਖਿਆ ਸਾਲ ਵਿੱਚ ਚਾਰ ਵਾਰ-ਮਾਰਚ, ਜੂਨ, ਸਤੰਬਰ ਅਤੇ ਦਸੰਬਰ ਦੇ ਦੂਜੇ ਐਤਵਾਰ ਵਿਭਾਗ ਦੇ ਮੁੱਖ ਦਫ਼ਤਰ ਵਿੱਖੇ ਕਰਵਾਈ ਜਾਂਦੀ ਹੈਇਸ ਤੋਂ ਇਲਾਵਾ ਪੰਜਾਬ ਸਰਕਾਰ, ਉਚੇਰੀ ਸਿੱਖਿਆ ਤੇ ਭਾਸ਼ਾ ਵਿਭਾਗ (ਸਿੱਖਿਆ ਸੈੱਲ) ਦੇ ਪੱਤਰ ਨੰ. 12/54/2011-ਸਿ.ਸੈੱਲ 1456 ਮਿਤੀ 6.6.2011 ਮੁਤਾਬਿਕ ਪੰਜਾਬੀ ਪ੍ਰਬੋਧ ਪ੍ਰੀਖਿਆ ਟੀਚਿੰਗ ਅਸਾਮੀਆਂ ਲਈ ਮੰਨਣਯੋਗ ਹੈ।


ਪੰਜਾਬੀ ਸਟੈਨੋਗ੍ਰਾਫੀ ਸਿਖਲਾਈ ਅਤੇ ਖੋਜ ਵਿੰਗ:

            ਪੰਜਾਬ ਰਾਜ ਭਾਸ਼ਾ ਐਕਟ, 1967 ਦੀ ਧਾਰਾ 4 ਅਧੀਨ ਸਰਕਾਰ ਵੱਲੋਂ ਲੋੜੀਂਦੀਆਂ ਅਧਿਸੂਚਨਾਵਾਂ ਜਾਰੀ ਕਰਕੇ 13.4.1968 ਤੋਂ ਦਫਤਰੀ ਕੰਮ ਕਾਜ ਵਿੱਚ  ਹਰ ਪੱਧਰ ਤੇ ਪੰਜਾਬੀ ਦੀ ਵਰਤੋਂ ਕੀਤੇ ਜਾਣ ਦਾ ਐਲਾਨ ਕੀਤਾ ਗਿਆ। ਦਫਤਰਾਂ ਵਿੱਚ ਪੰਜਾਬੀ ਦੇ ਪ੍ਰਚਾਲਣ ਨੂੰ ਸੌਖਾ ਬਣਾਉਣ ਲਈ ਲੋੜੀਂਦੀਆਂ ਸਹੂਲਤਾਂ ਮੁਹੱਈਆ ਕਰਨ ਦੀ ਜਿੰਮੇਵਾਰੀ ਭਾਸ਼ਾ ਵਿਭਾਗ, ਪੰਜਾਬ ਨੂੰ ਸੌਂਪੀ ਗਈ ਜਿਸ ਵਿੱਚ ਪੰਜਾਬੀ ਟਾਈਪ ਤੇ ਪੰਜਾਬੀ ਸ਼ਾਰਟਹੈਂਡ ਤੋਂ ਕੋਰੇ ਸਰਕਾਰੀ ਕਰਮਚਾਰੀਆਂ ਨੂੰ ਪੰਜਾਬੀ ਟਾਈਪ ਤੇ ਸ਼ਾਰਟਹੈਂਡ ਦੀ ਸਿਖਲਾਈ ਦੇਣਾ ਵੀ ਸ਼ਾਮਲ ਸੀ। ਵਿਭਾਗ ਵੱਲੋਂ ਇਹ ਕਾਰਜ ਆਪਣੇ ਸਮੂਹ ਜਿਲ੍ਹਾ ਭਾਸ਼ਾ ਦਫ਼ਤਰਾਂ ਵਿੱਚ ਸਿਖਲਾਈ ਕੇਂਦਰਾਂ ਅਤੇ ਪੰਜਾਬੀ ਸੈੱਲ, ਚੰਡੀਗੜ੍ਹ ਰਾਹੀਂ ਬਾਖੂਬੀ ਨਿਭਾਇਆ ਗਿਆ।

            ਸਰਕਾਰੀ ਕਰਮਚਾਰੀਆਂ ਨੂੰ ਪੰਜਾਬੀ ਟਾਈਪ ਅਤੇ ਸ਼ਾਰਟਹੈਂਡ ਦੀ ਸਿਖਲਾਈ ਦੇਣ ਉਪਰੰਤ ਦਫਤਰਾਂ ਵਿੱਚ ਪੰਜਾਬੀ ਟਾਈਪਿਸਟਾਂ ਅਤੇ ਸਟੈਨੋਗ੍ਰਾਫਰਾਂ ਦੀ ਨਵੀਂ ਭਰਤੀ ਦਾ ਮਸਲਾ ਸਾਹਮਣੇ ਆਇਆ। ਇਸ ਲਈ ਵਿਭਾਗ ਵੱਲੋਂ ਪ੍ਰਾਈਵੇਟ ਉਮੀਦਵਾਰਾਂ ਨੂੰ ਪੰਜਾਬੀ ਟਾਈਪ ਅਤੇ ਸ਼ਾਰਟਹੈਂਡ ਦੀ ਸਿਖਲਾਈ ਦੇਣ ਦੀ ਯੋਜਨਾ ਬਣਾਈ ਗਈ। ਇਸ ਦੀ ਪ੍ਰਵਾਨਗੀ ਪੰਜਾਬ ਸਰਕਾਰ ਦੇ ਪੱਤਰ ਨੰ. 43-1 ਭਾਸ਼ਾ 71/10084, ਮਿਤੀ 23.4.1971 ਰਾਹੀਂ ਪ੍ਰਾਪਤ ਹੋਣ ਉਪਰੰਤ ਚੰਡੀਗੜ੍ਹ ਅਤੇ ਜਿਲ੍ਹਾ ਪੱਧਰ ਤੇ ਸਾਲ 1971 ਵਿੱਚ ਪੰਜਾਬੀ ਟਾਈਪ ਅਤੇ ਸ਼ਾਰਟਹੈਂਡ ਦੀ ਮੁਢਲੀ ਸਿਖਲਾਈ ਦੇਣ ਦਾ ਕਾਰਜ ਆਰੰਭਿਆ ਗਿਆ। ਇਸ ਦੇ ਨਾਲ ਹੀ ਵਿਭਾਗ ਵੱਲੋਂ ਸਾਲ 1983 ਵਿੱਚ ਵਿਭਾਗ ਦੇ ਮੁੱਖ ਦਫਤਰ ਵਿਖੇ ਪੰਜਾਬੀ ਸੰਕੇਤ ਲਿਪੀ ਅਧਿਐਨ ਤੇ ਅਧਿਆਪਨ ਕੋਰਸ ਸ਼ੁਰੂ ਕਰਵਾਇਆ ਗਿਆ। ਇਸ ਸ਼੍ਰੇਣੀ ਦੀ ਸਫਲਤਾ ਨੂੰ ਮੁੱਖ ਰੱਖਦੇ ਹੋਏ ਸਾਲ 1991 ਤੋਂ ਪਟਿਆਲਾ, ਚੰਡੀਗੜ੍ਹ, ਜਲੰਧਰ ਅਤੇ ਫਿਰੋਜ਼ਪੁਰ (ਡਵੀਜਨਲ ਪੱਧਰ) ਵਿਖੇ ਵੀ ਪੰਜਾਬੀ ਸੰਕੇਤ ਲਿਪੀ ਅਧਿਐਨ ਤੇ ਅਧਿਆਪਨ ਕੋਰਸ ਦੀ ਕਲਾਸ ਲਗਾਤਾਰ ਲਗਾਈ ਜਾ ਰਹੀ ਹੈ। ਸਰਕਾਰੀ ਦਫਤਰਾਂ ਵੱਚ ਪੰਜਾਬੀ ਸਟੈਨੋ ਟਾਈਪਿਸਟਾਂ/ਸਟੈਨੋਗ੍ਰਾਫਰਾਂ ਦੀ ਘਾਟ ਨੂੰ ਪੂਰਾ ਕਰਨ ਲਈ 1994 ਤੋਂ ਚੰਡੀਗੜ੍ਹ ਅਤੇ ਸਮੂਹ ਜਿਲ੍ਹਾ ਭਾਸ਼ਾ ਦਫਤਰਾਂ ਵਿੱਚ ਪੰਜਾਬੀ ਸਟੈਨੋਗ੍ਰਾਫੀ ਹਾਈ ਸਪੀਡ ਸ਼੍ਰੇਣੀਆਂ ਸ਼ੁਰੂ ਕੀਤੀਆਂ ਹੋਈਆਂ ਹਨ।

 

ਵਿਭਾਗ ਵੱਲੋਂ ਪੰਜਾਬੀ ਸ਼ਾਰਟਹੈਂਡ ਦੀਆਂ ਚਲਾਈਆਂ ਜਾ ਰਹੀਆਂ ਸ਼੍ਰੇਣੀਆਂ ਦੇ ਵੇਰਵੇ ਨਿਮਨ ਅਨੁਸਾਰ ਹੈ: 

1. ਭਾਸ਼ਾ ਵਿਭਾਗ, ਪੰਜਾਬ ਵੱਲੋਂ ਜ਼ਿਲ੍ਹਾ ਪੱਧਰ ਤੇ ਪੰਜਾਬੀ ਸਟੈਨੋਗ੍ਰਾਫੀ ਦੀ ਮੁਫਤ ਸਿਖਲਾਈ ਦਿੱਤੀ ਜਾਂਦੀ ਹੈ। ਪੰਜਾਬੀ ਸਟੈਨੋਗ੍ਰਾਫੀ ਦੀ ਮੁਢਲੀ ਸਿਖਲਾਈ ਦੇਣ ਲਈ ਜਿਲ੍ਹਾ ਪੱਧਰ ਦੇ ਸਦਰ ਮੁਕਾਮ ਤੇ 30-30 ਸਿਖਿਆਰਥੀ ਦਾਖਲ ਕੀਤੇ ਜਾਂਦੇ ਹਨ। (ਚੰਡੀਗੜ੍ਹ ਕੇਂਦਰ ਲਈ 20+20=40 ਅਤੇ ਪਟਿਆਲਾ ਕੇਂਦਰ ਲਈ 20+15=35 ਸਿਖਿਆਰਥੀਆਂ ਦਾ ਦਾਖਲਾ ਕੀਤਾ ਜਾਂਦਾ ਹੈ) ਇਨ੍ਹਾਂ ਸਿਖਿਆਰਥੀਆਂ ਵਿੱਚ 15 ਸਿਖਿਆਰਥੀ ਜਨਰਲ ਵਰਗ ਦੇ ਅਤੇ 15  ਸਿਖਿਆਰਥੀ ਅਨੁਸੂਚਿਤ ਜਾਤੀ ਦੇ ਦਾਖਲ ਕੀਤੇ ਜਾਂਦੇ ਹਨ ਇਨ੍ਹਾਂ ਦੀ ਵਿਦਿਅਕ ਯੋਗਤਾ ਗ੍ਰੈਜੂਏਸ਼ਨ ਰੱਖੀ ਗਈ ਹੈ। ਇਨ੍ਹਾਂ ਸਿਖਿਆਰਥੀਆਂ ਦੀ ਚੋਣ ਨਿਰੋਲ ਮੈਰਿਟ ਦੇ ਆਧਾਰ ਤੇ ਕੀਤੀ ਜਾਂਦੀ ਹੈ। ਸਿਖਲਾਈ ਦਾ ਸਮਾਂ 1 ਸਤੰਬਰ ਤੋਂ 10 ਅਗਸਤ ਤੱਕ ਹੁੰਦਾ ਹੈ। ਇਨ੍ਹਾਂ ਸ਼੍ਰੇਣੀਆਂ ਦੇ ਦਾਖਲੇ ਲਈ ਬਿਨੈ-ਪੱਤਰ ਪ੍ਰਾਪਤ ਕਰਨ ਦੀ ਮਿਤੀ 20 ਜੁਲਾਈ ਤੋਂ 20 ਅਗਸਤ ਤੱਕ ਹੈ ਅਤੇ ਅਸਲ ਸਰਟੀਫਿਕੇਟਾਂ ਨਾਲ ਇੰਟਰਵਿਊ ਦੀ ਮਿਤੀ 25 ਅਗਸਤ ਹੈ। ਦਾਖਲਾ ਫਾਰਮ ਭਾਸ਼ਾ ਵਿਭਾਗ ਦੇ  ਜ਼ਿਲ੍ਹਾ ਸਦਰ ਮੁਕਾਮਾਂ ਅਤੇ ਚੰਡੀਗੜ੍ਹ ਕੇਂਦਰਾਂ ਤੋਂ ਮੁਫਤ ਪ੍ਰਾਪਤ ਕੀਤੇ ਜਾ ਸਕਦੇ ਹਨ ਅਤੇ ਇਸੇ ਸਾਈਟ ਤੋਂ ਡਾਊਨਲੋਡ ਕੀਤਾ ਜਾ ਸਕਦੇ ਹਨ। ਇਥੇ ਇਹ ਦਸਣਾ ਵੀ ਉਚਿਤ ਹੋਵੇਗਾ ਕਿ ਅਨੁਸੂਚਿਤ ਜਾਤੀ ਦੇ  ਸਿਖਿਆਰਥੀਆਂ ਦਾ ਦਾਖਲਾ ਕਰਨ ਲਈ ਸਮਾਜਿਕ ਨਿਆ ਅਧਿਕਾਰਤਾ ਅਤੇ ਘੱਟ ਗਿਣਤੀ ਵਿਭਾਗ ਵੱਲੋਂ ਦਾਖਲੇ ਲਈ ਇਸ਼ਤਿਹਾਰ ਦਿੱਤਾ ਜਾਂਦਾ ਹੈ ਕਿਉਂਕਿ ਇਨ੍ਹਾਂ ਸਿਖਿਆਰਥੀਆਂ ਨੂੰ ਸਮਾਜਿਕ ਨਿਆ ਅਧਿਕਾਰਤਾ ਅਤੇ ਘੱਟ ਗਿਣਤੀ ਵਿਭਾਗ ਵੱਲੋਂ 250-250 ਰੁਪਏ ਵਜ਼ੀਫਾ ਦਿੱਤਾ ਜਾਂਦਾ ਹੈ

 

2. ਇਸੇ ਤਰ੍ਹਾਂ 15-15 ਸਿਖਿਆਰਥੀ ਤੇਜ਼ਗਤੀ ਸ੍ਰੇਣੀ ਵਿੱਚ ਦਾਖਲ ਕੀਤੇ ਜਾਂਦੇ ਹਨ। ਤੇਜ਼ਗਤੀ ਦੇ ਸਿਖਿਆਰਥੀਆਂ ਦੀ ਮੁਢਲੀ ਵਿਦਿਆਕ ਯੋਗਤਾ ਵੀ ਗ੍ਰੈਜੂਏਸ਼ਨ ਹੈ।  ਇਸ ਸ਼੍ਰੇਣੀ ਲਈ ਉਮੀਦਵਾਰ ਨੇ 80         ਸ਼ਬਦ ਪ੍ਰਤੀ ਮਿੰਟ ਸਪੀਡ ਨਾਲ ਪੰਜਾਬੀ ਸਟੈਨੋਗ੍ਰਾਫੀ ਦਾ ਟੈਸਟ ਪਾਸ ਕਰਨਾ ਹੁੰਦਾ ਹੈ। ਇਨ੍ਹਾਂ ਸਿਖਿਆਰਥੀਆਂ ਦੇ ਫਾਰਮ ਭਰਨ ਅਤੇ ਇੰਟਰਵਿਊ ਦੀਆਂ ਮਿਤੀਆਂ ਵੀ ਉਪਰੋਕਤ ਅਨੁਸਾਰ ਹੀ ਹਨ।

 

3. ਉਕਤ ਤੋਂ ਇਲਾਵਾ ਚਾਰ ਜ਼ਿਲ੍ਹਿਆਂ ਪਟਿਆਲਾ, ਫਿਰੋਜ਼ਪੁਰ, ਜਲੰਧਰ ਅਤੇ ਚੰਡੀਗੜ੍ਹ ਵਿੱਚ ਅਧਿਐਨ ਤੇ ਅਧਿਆਪਨ ਕਲਾਸਾਂ ਚਲਾਈਆਂ ਜਾਂਦੀਆਂ ਹਨ। ਇਨ੍ਹਾਂ ਸਿਖਿਆਰਥੀਆਂ ਦੇ ਦਾਖਲੇ ਦੀ ਮੁਢਲੀ ਵਿਦਿਅਕ ਯੋਗਤਾ ਵੀ ਗ੍ਰੈਜੁਏਸ਼ਨ ਹੈ ਅਤੇ  80 ਸ਼ਬਦ ਪ੍ਰਤੀ ਮਿੰਟ ਦੀ ਰਫਤਾਰ ਨਾਲ ਪੰਜਾਬੀ ਸਟੈਨੋਗ੍ਰਾਫੀ ਦਾ ਟੈਸਟ ਕਰਨਾ ਹੁੰਦਾ ਹੈ। ਇਨ੍ਹਾਂ ਸਿਖਿਆਰਥੀਆਂ ਦੇ ਫਾਰਮ ਭਰਨ ਅਤੇ ਇੰਟਰਵਿਊ ਦੀਆਂ ਮਿਤੀਆਂ ਵੀ ਉਪਰੋਕਤ ਅਨੁਸਾਰ ਹੀ ਹਨ।

 

4. ਰੋਜ਼ਗਾਰ ਵਿਭਾਗ ਵੱਲੋਂ ਭਾਸ਼ਾ ਵਿਭਾਗ, ਪੰਜਾਬ ਦੇ ਨੋਟਿਸ ਵਿੱਚ ਲਿਆਂਦਾ ਗਿਆ ਸੀ ਕਿ ਪੰਜਾਬੀ ਟਾਈਪ ਅਤੇ ਸ਼ਾਰਟਹੈਂਡ ਦੇ ਜਿਹੜੇ ਉਮੀਦਵਾਰ ਸਰਕਾਰੀ ਸੰਸਥਾਵਾਂ ਵਿੱਚ ਦਾਖਲਾ ਲੈਂਣ ਤੋਂ ਅਸਮਰਥ ਰਹਿੰਦੇ ਹਨ, ਉਹ ਪ੍ਰਈਵੇਟ ਤੌਰ ਤੇ ਪੰਜਾਬੀ ਟਾਈਪ ਤੇ ਸ਼ਾਰਟਹੈਂਡ ਦੀ ਸਿਖਲਾਈ ਤਾਂ ਪ੍ਰਾਪਤ ਕਰ ਲੈਂਦੇ ਹਨ ਪਰ ਉਨ੍ਹਾਂ ਦੀ ਪਰੀਖਿਆ ਲੈ ਕੇ ਸਰਟੀਫਿਕੇਟ ਜਾਰੀ ਕਰਨ ਦਾ ਬਹੁਤ ਵੱਡਾ ਮਸਲਾ ਹੈ। ਇਸ ਲਈ ਵਿਭਾਗ ਵੱਲੋਂ ਅਜਿਹੇ ਸਿਖਿਆਰਥੀਆਂ ਲਈ ਸਾਲ 1990 ਤੋਂ ਪੰਜਾਬੀ ਟਾਈਪ/ਸ਼ਾਰਟਹੈਂਡ ਪ੍ਰਾਈਵੇਟ ਪਰੀਖਿਆ ਦਾ ਪ੍ਰਬੰਧ ਕੀਤਾ ਹੋਇਆ ਹੈ। ਇਹ ਪਰੀਖਿਆ ਸਾਲ ਵਿੱਚ ਦੋ ਵਾਰ 25 ਅਪ੍ਰੈਲ ਅਤੇ 25 ਅਕਤੂਬਰ ਨੂੰ ਕਰਵਾਈ ਜਾਂਦੀ ਹੈ। ਇਨ੍ਹਾਂ ਪ੍ਰੀਖਿਆਵਾਂ ਦੀਆਂ ਫੀਸਾਂ ਦਾ ਵੇਰਵਾ ਨਿਮਨ-ਅਨੁਸਾਰ ਦਰਜ ਹੈ :-

 

ਪ੍ਰੀਖਿਆ ਫੀਸ:-

1. ਪੰਜਾਬੀ ਟਾਈਪ ਪ੍ਰੀਖਿਆ ਫੀਸ

ਅਪ੍ਰੈਲ ਮਹੀਨੇ ਲਈ

1 ਮਾਰਚ ਤੋਂ 20 ਮਾਰਚ ਤੱਕ           50/- ਰੁਪਏ

21 ਮਾਰਚ ਤੋਂ 31 ਮਾਰਚ ਤੱਕ         75/- ਰੁਪਏ

ਇਕ ਅਪ੍ਰੈਲ ਤੋਂ 10 ਅਪ੍ਰੈਲ ਤੱਕ        100/- ਰੁਪਏ

11 ਅਪ੍ਰੈਲ ਤੋਂ 24 ਅਪ੍ਰੈਲ ਤੱਕ         150/- ਰੁਪਏ

 

ਅਕਤੂਬਰ ਮਹੀਨੇ ਲਈ

1 ਸਤੰਬਰ ਤੋਂ 20 ਸਤੰਬਰ ਤੱਕ         50/- ਰੁਪਏ

21 ਸਤੰਬਰ ਤੋਂ 30 ਸਤੰਬਰ ਤੱਕ       75/- ਰੁਪਏ

1 ਅਕਤੂਬਰ ਤੋਂ 10 ਅਕਤੂਬਰ ਤੱਕ    100/- ਰੁਪਏ

11ਅਕਤੂਬਰ ਤੋਂ 24 ਅਕਤੂਬਰ ਤੱਕ   150/- ਰੁਪਏ

 

2. ਪੰਜਾਬੀ ਸ਼ਾਰਟਹੈਂਡ ਤੇ ਤੇਜ਼ਗਤੀ ਪ੍ਰੀਖਿਆ ਫੀਸ

ਅਪ੍ਰੈਲ ਮਹੀਨੇ ਲਈ

1 ਮਾਰਚ ਤੋਂ 20 ਮਾਰਚ ਤੱਕ        75/- ਰੁਪਏ

21 ਮਾਰਚ ਤੋਂ 31 ਮਾਰਚ ਤੱਕ      100/- ਰੁਪਏ

ਇਕ ਅਪ੍ਰੈਲ ਤੋਂ 10 ਅਪ੍ਰੈਲ ਤੱਕ     125/-ਰੁਪਏ

11 ਅਪ੍ਰੈਲ ਤੋਂ 24 ਅਪ੍ਰੈਲ ਤੱਕ      175/- ਰੁਪਏ

 

ਅਕਤੂਬਰ ਮਹੀਨੇ ਲਈ

1 ਸਤੰਬਰ ਤੋਂ 20 ਸਤੰਬਰ ਤੱਕ          75/- ਰੁਪਏ

21 ਸਤੰਬਰ ਤੋਂ 30 ਸਤੰਬਰ ਤੱਕ        100/- ਰੁਪਏ

1 ਅਕਤੂਬਰ ਤੋਂ 10 ਅਕਤੂਬਰ ਤੱਕ     125/- ਰੁਪਏ

11 ਅਕਤੂਬਰ ਤੋਂ 24 ਅਕਤੂਬਰ ਤੱਕ   175/-ਰੁਪਏ

 

3. ਡੁਪਲੀਕੇਟ ਸਰਟੀਫਿਕੇਟ ਜਾਰੀ ਕਰਵਾਉਣ ਦੀ ਫੀਸ    75/-ਰੁਪਏ

4. ਅਧਿਐਨ ਤੇ ਅਧਿਆਪਨ ਸ਼੍ਰੇਣੀ ਦੀ ਰੀਪੀਅਰ ਫੀਸ     75/-ਰੁਪਏ

 

ਉਪਰੋਕਤ ਸ਼੍ਰੇਣੀਆਂ ਦਾ ਦਾਖਲਾ ਫਾਰਮ, ਪ੍ਰੀਖਿਆ ਫਾਰਮ ਅਤੇ ਸਵੈ ਘੋਸ਼ਣਾ ਇਸੇ ਸਾਈਟ ਡਾਉਨਲੋਡ ਕੀਤੇ ਜਾ ਸਕਦੇ ਹਨ  

 

 

ਕਿਸੇ ਵੀ ਜਾਣਕਾਰੀ ਲਈ ਸੰਪਰਕ ਕਰੋ