ਪੰਜਾਬੀ ਭਾਸ਼ਾ, ਸਾਹਿਤ ਤੇ ਸਭਿਆਚਾਰ ਦੀ ਸੰਭਾਲ ਵਿਚ ਭਾਸ਼ਾ ਵਿਭਾਗ ਦੀ ਭੂਮਿਕਾ ਅਹਿਮ ਰਹੀ ਹੈ। ਸੰਪਾਦਨ ਭਾਗ ਦਾ ਮੁੱਖ ਉਦੇਸ਼ ਨਾਮਵਰ ਸਾਹਿਤਕਾਰਾਂ ਦੀਆਂ ਰਚਨਾਵਾਂ ਜੋ ਸਮੇਂ ਦੇ ਬਦਲਣ ਨਾਲ ਦੁਰਲੱਭ ਹੋ ਜਾਂਦੀਆਂ ਹਨ ਅਤੇ ਪਾਠਕਾਂ ਤੇ ਆਲੋਚਕਾਂ ਦੀ ਪਹੁੰਚ ਵਿਚ ਨਹੀਂ ਰਹਿੰਦੀਆਂ, ਨੂੰ ਪਾਠਕਾਂ ਤੱਕ ਪਹੁੰਚਾਣ ਲਈ ਸੰਪਾਦਨ ਸਬੰਧੀ ਵੱਖ ਵੱਖ ਸਕੀਮਾਂ ਬਣਾਈਆਂ ਗਈਆਂ ਹਨ। ਇਨ੍ਹਾਂ ਸਕੀਮਾਂ ਅਧੀਨ ਉਚੇਰੇ ਸਾਹਿਤ ਨੂੰ ਸੰਪਾਦਿਤ ਕਰਕੇ ਆਮ ਪਾਠਕਾਂ ਤੱਕ ਪਹੁੰਚਾਇਆ ਜਾਂਦਾ ਹੈ। ਇਸ ਸਕੀਮ ਅਧੀਨ ਹੇਠ-ਲਿਖੀਆਂ ਪੁਸਤਕਾਂ ਦਾ ਸੰਪਾਦਨ ਕਰਵਾਇਆ ਜਾਂਦਾ ਹੈ :-
1. ਕਲਾ ਤੇ ਅਨੁਭਵ ਤੇ ਪੁਸਤਕਾਂ
2. ਮਿਆਰੀ ਸਾਹਿਤ ਦੀਆਂ ਚੋਣਵੀਆਂ ਪੁਸਤਕਾਂ
3. ਥੀਸਿਜ਼
4. ਚੋਣਵੀਆਂ ਪੁਸਤਕਾਂ ਦਾ ਪੁਨਰ ਪ੍ਰਕਾਸ਼ਨ
5. ਸੰਪਾਦਿਤ ਖਰੜਿਆਂ ਦੀ ਛਪਾਈ
6. ਸਾਹਿਤ ਮੁਲਾਂਕਣ ਸੀਰੀਜ਼
ਉੱਘੇ ਸਾਹਿਤਕਾਰਾਂ ਦੀਆਂ ਸਮੁੱਚੀਆਂ ਰਚਨਾਵਾਂ ਨੂੰ ਇਕ ਥਾਂ ਇਕੱਠਿਆਂ ਕਰਕੇ ਸੰਪਾਦਿਤ ਕਰਨ ਦੀ ਸਕੀਮ ਅਧੀਨ ਬਹੁਤ ਸਾਰੀਆਂ ਰਚਨਾਵਲੀਆਂ ਵਿਭਾਗ ਵੱਲੋਂ ਛਾਪੀਆਂ ਗਈਆਂ ਹਨ ਅਤੇ ਕੁਝ ਕੁ ਛਪਾਈ ਅਧੀਨ ਹਨ। ਵਿਭਾਗ ਦੇ ਰਸਾਲਿਆਂ ਦੇ ਅੰਕਾਂ ਵਿਚ ਛਪੇ ਲੇਖਾਂ ਨੂੰ ਸੰਪਾਦਨ ਭਾਗ ਨੇ ਵਿਧਾ ਅਨੁਸਾਰ ਇਕੱਠਾ ਕਰਕੇ ਪੁਸਤਕ ਰੂਪ ਵਿਚ ਸੰਪਾਦਿਤ ਕੀਤਾ ਹੈ ਤਾਂ ਜੋ ਵਿਦਿਆਰਥੀਆਂ ਤੇ ਖੋਜਾਰਥੀਆਂ ਲਈ ਲਾਹੇਵੰਦ ਹੋਣ। ਸੰਪਾਦਨ ਵਿਭਾਗ ਨੇ ਹੁਣ ਤੱਕ ਲਗਭਗ 200 ਪੁਸਤਕਾਂ ਭਾਵ ਪੀ.ਐਚ.ਡੀ.ਤੇ ਡੀ.ਲਿਟ ਦੇ ਥੀਸਿਜ਼, ਦੁਰਲਭ ਹੱਥ ਲਿਖਤ ਖਰੜੇ, ਵਿਦਵਾਨ ਲੇਖਕਾਂ ਦੀਆਂ ਰਚਨਾਵਲੀਆਂ ਅਤੇ ਕਲਾ ਅਨੁਭਵ ਆਦਿ ਪ੍ਰਕਾਸ਼ਿਤ ਕਰਵਾਏ ਹਨ। ਪ੍ਰਸਿੱਧ ਪੰਜਾਬੀ ਲੇਖਕਾਂ ਅਤੇ ਸਨਮਾਨਿਤ ਸਾਹਿਤਕਾਰਾਂ ਦੇ ਜੀਵਨ ਅਤੇ ਰਚਨਾ ਬਾਰੇ ਵੱਖ-ਵੱਖ ਲੇਖਕਾਂ ਤੋਂ ਪੁਸਤਕਾਂ ਲਿਖਵਾਈਆਂ ਜਾਂਦੀਆਂ ਹਨ ਜਿਨ੍ਹਾਂ ਨੂੰ ਮੋਨੋਗ੍ਰਾਫ਼ ਦਾ ਨਾਂ ਦਿੱਤਾ ਗਿਆ ਹੈ। ਇਸੇ ਤਰ੍ਹਾਂ ਪ੍ਰਸਿੱਧ ਲੇਖਕਾਂ ਤੋਂ ਨਿਬੰਧਕਾਰ, ਨਾਵਲਕਾਰ, ਕਹਾਣੀਕਾਰ, ਨਾਟਕਕਾਰ, ਕਵੀਆਂ, ਵਿਅੰਗਕਾਰਾਂ, ਅਲੋਚਕਾਂ ਆਦਿ ਬਾਰੇ ਖੋਜ ਭਰਪੂਰ ਲੇਖਕ ਲਿਖਵਾ ਕੇ ਪੁਸਤਕ ਰੂਪ ਵਿਚ ਛਾਪੇ ਜਾਂਦੇ ਹਨ। ਇਸ ਤੋਂ ਇਲਾਵਾ ਪੰਜਾਬੀ ਲੇਖਕ ਡਾਇਰੈਕਟਰੀ ਵੀ ਛਾਪ ਕੇ ਪਾਠਕਾਂ/ ਵਿਦਵਾਨਾਂ ਦੀ ਝੋਲੀ ਪਾਈ ਜਾ ਚੁੱਕੀ ਹੈ। ਵਿਭਾਗ ਵੱਲੋਂ ਨਾ ਕੇਵਲ ਪੰਜਾਬੀ ਸਗੋਂ ਹਿੰਦੀ ਅਤੇ ਉਰਦੂ ਸਾਹਿਤ ਵੀ ਸੰਪਾਦਿਤ ਕਰਵਾਇਆ ਜਾਂਦਾ ਹੈ।