ਭਾਰਤ ਦੀ ਸੁਤੰਤਰਤਾ ਉਪਰੰਤ ਪੈਪਸੂ ਰਾਜ ਦੇ ਹੋਂਦ ਵਿੱਚ ਆਉਣ ਨਾਲ ਪੰਜਾਬ ਦੇ ਲੋਕਾਂ ਵਿੱਚ ਆਪਣੀ ਮਾਤ ਭਾਸ਼ਾ ਪੰਜਾਬੀ ਦੀ ਪ੍ਰਗਤੀ ਦੀ ਇੱਛਾ ਨੂੰ ਪੂਰਾ ਕਰਨ ਲਈ ਮਹਿਕਮਾ ਪੰਜਾਬੀ ਅਰਥਾਤ ਭਾਸ਼ਾ ਵਿਭਾਗ, ਪੰਜਾਬ ਦੀ ਸਥਾਪਨਾ ਕੀਤੀ ਗਈ। ਪੰਜਾਬੀ ਬੋਲੀ ਦੀ ਪ੍ਰਗਤੀ ਲਈ ਪੰਜਾਬੀ ਮਹਿਕਮਾ ਅਸਲ ਵਿੱਚ ਇਕ ਅਜਿਹਾ ਪੌਦਾ ਹੈ ਜੋ ਸਮੇਂ ਦੇ ਬੀਤਣ ਨਾਲ ਬਾਅਦ ਵਿੱਚ ਸੁਖਾਵੇਂ ਮਾਹੌਲ ਵਿੱਚ ਵਿਗਸਦਾ ਤੇ ਪ੍ਰਫੁੱਲਤ ਹੁੰਦਾ ਹੋਇਆ ਹੁਣ ਭਾਸ਼ਾ ਵਿਭਾਗ ਪੰਜਾਬ ਦੇ ਰੂਪ ਵਿੱਚ ਹੋਂਦ ਵਿੱਚ ਆਇਆ। ਭਾਸ਼ਾ ਵਿਭਾਗ ਦੇ ਅਨੁਵਾਦ ਭਾਗ ਦੀ ਸਥਾਪਨਾ ਦਾ ਮੁੱਖ ਉਦੇਸ਼ ਰਾਜ ਵਿੱਚ ਪ੍ਰਸ਼ਾਸਕੀ ਪੱਧਰ ਤੇ ਪੰਜਾਬੀ ਦਾ ਪ੍ਰਚਾਲਣ ਕਰਨਾ ਸੀ। ਇਸ ਮੰਤਵ ਦੀ ਪੂਰਤੀ ਲਈ ਪ੍ਰਬੰਧਕੀ ਕਾਰਜਾਂ ਨੂੰ ਅੰਗਰੇਜ਼ੀ ਤੋਂ ਬਦਲ ਕੇ ਪੰਜਾਬੀ ਵਿੱਚ ਕਰਨ ਲਈ ਅਤੇ ਰਾਜ ਭਾਸ਼ਾ ਐਕਟ ਦੇ ਉਪਬੰਧਾਂ ਨੂੰ ਪ੍ਰਭਾਵਕਾਰੀ ਰੂਪ ਵਿੱਚ ਲਾਗੂ ਕਰਨ ਲਈ ਸਾਰੇ ਵਿਭਾਗਾਂ ਨਾਲ ਸਬੰਧਤ ਹਰ ਪ੍ਰਕਾਰ ਦੇ ਐਕਟਾਂ, ਕੋਡਾਂ, ਮੈਨੂਅਲਾਂ, ਫਾਰਮਾਂ ਅਤੇ ਹਦਾਇਤਾਂ ਆਦਿ ਨੂੰ ਪੰਜਾਬੀ ਵਿੱਚ ਅਨੁਵਾਦ ਕੀਤਾ ਗਿਆ। ਦਫ਼ਤਰੀ ਵਰਤੋਂ ਲਈ ਲੋੜੀਂਦੀ ਸਮੱਗਰੀ ਜਿਵੇਂ ਕਿ ਪੱਤਰ ਵਿਹਾਰ, ਪੰਜਾਬੀ ਸਵੈ ਸਿੱਖਿਅਕ, ਦਫ਼ਤਰੀ ਕਾਰਜ ਪ੍ਰਣਾਲੀ, ਟਾਈਪ ਸਵੈ-ਸਿਖਿਅਕ ਪ੍ਰਬੰਧਕੀ ਸ਼ਬਦਾਵਲੀਆਂ, ਪਦਨਾਮ ਗਲਾਸਰੀਆਂ ਆਦਿ ਵੀ ਤਿਆਰ ਕਰਵਾ ਕੇ ਸਪਲਾਈ ਕੀਤੀਆਂ ਗਈਆਂ।
ਇਸੇ ਤਰ੍ਹਾਂ ਪੰਜਾਬੀ ਦੇ ਵਿਦਵਾਨਾਂ ਅਤੇ ਸਾਹਿਤਕਾਰਾਂ ਵੱਲੋਂ ਇਹ ਮਹਿਸੂਸ ਕਰਨ ਤੇ ਕਿ ਪੰਜਾਬੀ ਪਾਠਕਾਂ ਨੂੰ ਵਿਸ਼ਵ ਕਲਾਸਕੀ ਸਾਹਿਤ ਵਿੱਚ ਪ੍ਰਚਲਿਤ ਵਿੱਚਾਰਧਾਰਾ ਅਤੇ ਵਿਭਿੰਨ ਲੇਖਣ ਸ਼ੈਲੀਆਂ ਤੋਂ ਜਾਣੂ ਕਰਵਾਉਣ ਲਈ ਦੁਨੀਆ ਦੀਆਂ ਹੋਰ ਭਾਸ਼ਾਵਾਂ ਦਾ ਸਾਹਿਤ ਪੰਜਾਬੀ ਵਿੱਚ ਅਨੁਵਾਦ ਕਰਵਾ ਕੇ ਪ੍ਰਕਾਸ਼ਿਤ ਕੀਤਾ ਜਾਵੇ ਤਾਂ ਜੋ ਪੰਜਾਬੀ ਪਾਠਕ ਸੀਮਤ ਧਾਰਾ ਵਿੱਚੋਂ ਨਿਕਲ ਕੇ ਸਾਹਿਤ ਦੇ ਵਿਸ਼ਾਲ ਸਮੁੰਦਰ ਵਿੱਚ ਗੋਤੇ ਲਗਾ ਸਕਣ, ਇਸ ਉਦੇਸ਼ ਅਧੀਨ ਅਨੁਵਾਦ ਭਾਗ ਵਿੱਚ ਵਿਸ਼ਵ ਕਲਾਸਕੀ ਪੁਸਤਕਾਂ ਦੇ ਅਨੁਵਾਦ ਦਾ ਕੰਮ ਅਰੰਭਿਆ ਗਿਆ। ਇਸ ਲਈ ਵਿਭਾਗ ਨੇ ਅਨੁਵਾਦ ਦੇ ਕਾਰਜ ਲਈ ਦੋ ਸੁਤੰਤਰ ਭਾਗਾਂ ਦੀ ਸਥਾਪਨਾ ਕੀਤੀ। ਵਿਭਾਗ ਦੇ ਇਸ ਉਦਮ ਦੇ ਸਿੱਟੇ ਵਜੋਂ ਹੁਣ ਤੱਕ ਸੈਂਕੜੇ ਕਲਾਸਕੀ ਪੁਸਤਕਾਂ, ਜੋ ਅੰਗਰੇਜ਼ੀ, ਫ਼ਾਰਸੀ, ਉਰਦੂ, ਹਿੰਦੀ ਅਤੇ ਸੰਸਕ੍ਰਿਤ ਵਿੱਚ ਹਨ, ਦਾ ਪੰਜਾਬੀ ਵਿੱਚ ਅਨੁਵਾਦ ਹੋ ਚੁਕਿਆ ਹੈ। ਪੰਜਾਬੀਆਂ ਵਿੱਚ ਰਾਸ਼ਟਰੀ ਪਿਆਰ ਦੀ ਭਾਵਨਾ ਨੂੰ ਪ੍ਰਪੱਕ ਕਰਨ ਲਈ ਸੰਪੂਰਨ ਗਾਂਧੀ ਰਚਨਾਵੱਲੀ ਦਾ ਪੰਜਾਬੀ ਵਿੱਚ ਅਨੁਵਾਦ ਕਰਵਾ ਕੇ ਛਪਵਾਇਆ ਗਿਆ। ਅੰਗਰੇਜ਼ੀ ਦੇ ਪ੍ਰਸਿੱਧ ਸਾਹਿਤਕਾਰਾਂ, ਜਿਵੇਂ ਕਿ ਸ਼ੈਕਸਪੀਅਰ, ਮਿਲਟਨ, ਬੇਕਨ, ਗਾਲਜ਼ਵਰਦੀ, ਟੀ.ਐਸ.ਈਲੀਅਟ, ਬੈਨ ਜਾਨਸਨ ਆਦਿ ਵਰਗੇ ਕਲਾਸੀਕਲ ਲੇਖਕਾਂ ਦੀਆਂ ਕਈ ਪੁਸਤਕਾਂ ਦਾ ਪੰਜਾਬੀ ਵਿੱਚ ਅਨੁਵਾਦ ਕਰਵਾ ਕੇ ਪੁਸਤਕ ਰੂਪ ਵਿੱਚ ਛਾਪਿਆ ਗਿਆ। ਪੰਜਾਬੀਆਂ ਨੂੰ ਸਿੱਖ ਇਤਿਹਾਸ ਦੀ ਗੌਰਵਤਾ ਤੋਂ ਜਾਣੂ ਕਰਵਾਉਣ ਲਈ ਤੇ ਪੰਜਾਬੀਅਤ ਦੀ ਭਾਵਨਾ ਜਾਗ੍ਰਿਤ ਕਰਨ ਲਈ ਅੰਗਰੇਜ਼ ਲੇਖਕਾਂ ਦੀਆਂ ਸਿੱਖ ਇਤਿਹਾਸ ਨਾਲ ਸਬੰਧਤ ਅੰਗਰੇਜ਼ੀ ਪੁਸਤਕਾਂ ਨੂੰ ਪੰਜਾਬੀ ਰੂਪ ਵਿੱਚ ਛਾਪ ਕੇ ਪਾਠਕਾਂ ਲਈ ਮੁਹੱਈਆ ਕੀਤਾ ਗਿਆ ਹੈ। ਪੰਜਾਬੀ ਸਭਿਆਚਾਰ ਨੂੰ ਸਜੀਵ ਰੱਖਣ ਲਈ ਇਸ ਨਾਲ ਸਬੰਧਿਤ ਅਨੇਕ ਪੁਸਤਕਾਂ ਦਾ ਤਰਜਮਾ ਵੀ ਕਰਵਾਇਆ ਗਿਆ ਹੈ। ਮਹਾਰਾਜਾ ਰਣਜੀਤ ਸਿੰਘ ਅਤੇ ਸਿੱਖ ਰਾਜ ਨਾਲ ਸਬੰਧਤ ਬਹੁਮੁੱਲੇ ਇਤਿਹਾਸ ਨੂੰ ਪੰਜਾਬੀ ਅਤੇ ਅੰਗਰੇਜ਼ੀ ਦੋਹਾਂ ਭਾਸ਼ਾਵਾਂ ਵਿੱਚ ਪ੍ਰਕਾਸ਼ਿਤ ਕੀਤਾ ਗਿਆ ਹੈ।