ਹੱਥ ਲਿਖਤ ਨੰਬਰ-40 ਸ੍ਰੀ ਗੁਰੂ ਨਾਨਕ ਸੂਰਜੋਦੇ ਜਨਮ ਸਾਖੀਲੇਖਕ : ਬਾਵਾ ਗਣੇਸ਼ਾ ਸਿੰਘ ਬੇਦੀ।ਵੇਰਵਾ : ਪੱਤਰੇ ੩੯੫; ਪ੍ਰਤੀ ਸਫ਼ਾ ਸਤਰਾਂ ਦੀ ਔਸਤ ੨੨; ਕਾਗ਼ਜ਼ ਦੇਸੀ; ਲਿਖਤ ਸਾਫ ਤੇ ਸ਼ੁੱਧ; ਹਾਸ਼ੀਆ (ਲਕੀਰਾਂ ਵਾਲਾ) ਪੌਣੇ ਦੋ ਦੋ ਇੰਚ: ਛੰਦਾ ਦੇ ਨਾਮ ਤੇ ਅੰਕ ਲਾਲ ਸਿਆਹੀ ਨਾਲ ਲਿਖੇ ਹੋਏ। ਇਹ ਹੱਥ ਲਿਖਤ ਕਰਤਾ ਦੀ ਆਪਣੀ ਨਿਗਰਾਨੀ ਵਿਚ ਤਿਆਰ ਹੋਈ ਸੀ ਜੋ ਹੁਸ਼ਿਆਰਪੁਰ ਦੀ ਧਰਮ ਸਭਾ ਨੂੰ ਭੇਜੀ ਗਈ। ਉਥੋਂ ਇਹ ਲਿਖਤ ਕਿਸੇ ਤਰ੍ਹਾਂ ਅੰਮ੍ਰਿਤਸਰ ਦੇ ਪੁਸਤਕ-ਵਪਾਰੀ ਭਾਈ ਗੁਰਦਿੱਤ ਸਿੰਧ ਦੇ ਹੱਥ ਆਈ, ਜਿਸ ਤੋਂ ਮਹਿਕਮਾ ਪੰਜਾਬੀ, ਪੈਪਸੂ ਨੇ ਖ਼ਰੀਦੀ।ਸਮਾਂ: ਅਸੂ ਸੁਦੀ ੧੦, ਸੰਮਤ ੧੯੨੬ ਬਿ.।ਲਿਖਾਰੀ : ਨਾਮਾਲੂਮ।ਆਰੰਭ : (ਤਿੰਨ ਸਫ਼ਿਆਂ ਦੇ ਤਤਕਰੇ ਤੋਂ ਬਾਦ) ਅਬ ਪੁਰਬਾਰਧ ਯਥਾ। ੴ ਸਤਿਗੁਰ ਪ੍ਰਸਾਦਿ। ਅਥ ਨਾਨਕ ਸੂਰਜੋਦੇ ਜਨਮ ਸਾਖੀ ਲਿਖਯਤੇ॥ ਦੋਹਰਾ॥ ਗੁਰ ਗਨਪਤਿ ਗਿਰਜਾ ਗਿਰਾ, ਬਿਧ ਹਰਿ ਹਰ ਅਭਿਬੰਦ। ਸ੍ਰੀ ਨਾਨਕ ਪਾਵਨ ਕਥਾ, ਰਚਤ ਗਣੇਸ ਮ੍ਰਿਗਿੰਦ॥੧॥ਅੰਤ : ਦੋਹਰਾ॥ ਬਾਰ ਬਾਰ ਬਿਨਤੀ ਯਹੈ. ਕਰੋ ਸਦਾ ਕਰ ਜੋਰ । ਸ੍ਰੀ ਨਾਨਕ ਅਰਵਿੰਦ ਪਦ. ਹੈ ਮਲਿੰਦ ਮਨ ਮੋਰ ॥੪੨॥ ਨਿਸ਼ਾਨੀ ਛੰਦ॥ ਪਠੈ ਸੁਨੈ ਜੁਤ ਪਰੇਮ ਕੇ, ਸ੍ਰੀ ਗੁਰ ਚਰਿਤ ਜੁ ਕੋਇ। ਮਨ ਬਾਂਛਤ ਫਲ ਪਾਵਹੀ। ਅੰਤ ਪਰਮਗਤਿ ਹੋਇ॥੪੩॥ ਇਤਿ ਸ੍ਰੀ ਮਤਿ ਨਾਨਕ ਸੂਰਜੋਦੇ ਗ੍ਰੰਥੇ ਉਤਰਾਰਦੇ ਬੇਦੀ ਗਣੇਸ ਸਿੰਘ ਬ੍ਰਿਚਤਾਯੋ ਸ੍ਰੀ ਗੁਰੂ ਨਾਨਕ ਜੀ ਕੋ ਸਚ ਖੰਡ ਪਯਾਨਾ ਬਰਨਨੰ ਨਾਮ ਅਸਟ ਪੰਚਾਸਮੋ ਮਯੂਖਹ॥੫੮॥ਇਸ ਪੁਸਤਕ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜੀਵਨ ਵਰਣਨ ਕੀਤਾ ਹੋਇਆ ਹੈ। ਇਸ ਦੇ ਲੇਖਕ ਬਾਬਾ ਗਣੇਸ਼ਾ ਸਿੰਘ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਖ਼ਾਨਦਾਨ ਵਿਚੋਂ ਸਨ ਤੇ ਰਿਆਸਤ ਬਿਲਾਸਪੁਰ (ਕਹਿਲੂਰ) ਵਿਚ ਰਹਿੰਦੇ ਸਨ। ਉਨ੍ਹਾਂ ਨੇ ਇਹ ਪੁਸਤਕ ਦਰਬਾਰ ਬਿਲਾਸਪੁਰ ਵਲੋਂ ਇਕ ਵੇਰ ਪ੍ਰਕਾਸ਼ਿਤ ਵੀ ਕਰਵਾਈ ਸੀ।ਹੁਣ ਇਸ ਦਾ ਸੰਪਾਦਨ ਡਾ. ਰਾਮ ਸਿੰਘ ਸੈਣੀ ਪਾਸੋਂ ਕਰਵਾਕੇ ਭਾਸ਼ਾ ਵਿਭਾਗ, ਪੰਜਾਬ ਦੁਆਰਾ ਪ੍ਰਕਾਸ਼ਿਤ ਕੀਤੀ ਗਈ ਹੈ।