ਹੱਥ ਲਿਖਤ ਨੰਬਰ 267

ਨਾਂ : ਕਾਫ਼ੀਆਂ ਸ਼ਾਹ ਹੁਸੈਨ ਕੀਆਂ
ਲੇਖਕ : ਸ਼ਾਹ ਹੁਸੈਨ।
ਪੱਤਰੇ : 18
ਵੇਰਵਾ : ਕਾਗਜ਼ ਦੇਸੀ, ਲਿਖਤ ਸਿੱਧੀ ਸਾਦੀ ਪਰ ਸ਼ੁੱਧ, ਹਾਸ਼ੀਆ ਸਾਦਾ ਬਿਨਾਂ ਲਕੀਰ ਦੇ ਪਰ ਮੁੱਢਲੇ ਤਿੰਨ ਸਫ਼ਿਆਂ ਦਾ ਹਾਸ਼ੀਆ ਸਾਦੀਆਂ ਲਕੀਰਾਂ ਵਾਲਾ, ਪੁਸਤਕ ਅੱਛੀ ਹਾਲਤ ਵਿਚ ਹੈ ਜਿਸ ਵਿਚ ਫ਼ਰੀਦ ਜੀ ਦੇ ਸ਼ਲੋਕ ਤੇ ਕਾਫ਼ੀਆਂ ਵੀ ਸ਼ਾਮਲ ਹਨ।
ਸਮਾਂ: ਸਾਵਣ ਸੁਦੀ 1, ਸੰਮਤ 1894 ਬਿ.। ਲਿਖਾਰੀ-ਨਾਮਾਲੂਮ।
ਆਰੰਭ : ੴ ਸਤਿਗੁਰ ਪ੍ਰਸਾਦਿ। ਕਾਫ਼ੀਆਂ ਸ਼ਾਹ ਹੁਸੈਨ ਕੀਆਂ॥ ਰਾਗ ਧਨਾਸਰੀ॥
ਮੇਰੇ ਅਉਗੁਣ ਚਿਤੁ ਨਾ ਕਰੀ।
ਅਉਗੁਣਿਆਰੀ ਕਉ ਗੁਣ ਨਾਹੀ, ਅਦਲੋਂ ਫਜ਼ਲ ਕਰੀ।
ਦੁਨੀਆਂ ਵਾਲਿਆਂ ਨੂੰ ਦੁਨੀਆਂ ਦਾ ਮਾਣਾ, ਨੰਗਾ ਨੂੰ ਨੰਗ ਮਣੀ।
ਨਾ ਅਸੀਂ ਨੰਗ ਨ ਦੁਨੀਆਂ ਵਾਲੇ, ਸਾਨੂੰ ਹਸਦੀ ਜਣ ਖਣੀ।
ਕਹੈ ਸ਼ਾਹ ਹੁਸੈਨ ਫਕੀਰ ਸਾਈਂ ਦਾ ਸਾਡੀ ਡਾਢੇ ਨਾਲਿ ਬਣੀ ॥ (ਪੱਤਰਾ 1)
ਅੰਤ: ਵਡਹੰਸ ਰਹੀਏ ਵੋ ਨਾਲ ਸਜਣ ਦੇ ਰਹੀਐ ਵੋ॥ 1॥ ਰਹਾਉ॥
ਲਖ ਲਖ ਬਦੀਆ ਤੇ ਸਉ ਸਉ ਤਾਨੇ, ਸਭੇ ਸਿਰ ਤੇ ਸਹੀਐ ਵੋ॥ 1॥
ਤੋੜ ਸਿਰ ਵੰਞੇ ਧੜ ਨਾਲੋ, ਤਾਂ ਭੀ ਹਾਲ ਨਾ ਕਹੀਐ ਵੋ।
ਸੁਖ ਨ ਜਿਨਾਂ ਦਾ ਹੋਵੇ ਦਾਰੂ, ਹਾਲ ਉਪਾਈ ਕਰੀਐ ਵੋ ॥॥
ਚੰਦਨ ਰੁਖ ਲਗਾ ਵਿਚ ਵੇਹੜੇ ਹੋਰ ਧਿਝਾਂਣੇ ਖਹੀਏ ਵੋ।
ਕਹੈ ਹੁਸੈਨ ਵਕੀਰ ਸਾਈਂ ਦਾ, ਜੀਵਦਿਆਂ ਮਰ ਰਹੀਐ ਵੋ। (ਪੱਤਰਾ 18)
ਇਸ ਤੋਂ ਪਿਛੋਂ ਇਕ ਝੰਝੋਟੀ ਸਾਧੂ ਵਲੀ ਰਾਮ ਜੀ ਦੀ ਦਰਜ ਹੈ, ਜੋ ਇਸ ਪ੍ਰਕਾਰ ਹੈ:-
ਬਲਿਆ, ਲਗੀਆਂ ਦਾ ਪੰਥ ਨਿਆਰਾ॥ 1॥ ਰਹਾਉ॥
ਸਭ ਮਹਿ ਰਵਿ ਰਹਿਆ ਪ੍ਰਭ ਏਕ ਜਹਾਂ ਦੇਖਾ ਤਹਾਂ ਪਿਆਰਾ॥1॥
ਤਉ ਜੇਹਾ ਮੈਨੂੰ ਹੋਰ ਨ ਕੋਈ ਢੂਢ ਰਹੀ ਜਗ ਸਾਰਾ॥2॥ ...
ਵਲੀ ਰਾਮ ਰਸ ਭਿੰਨੜਾ ਢੋਲਣ, ਸਚੇ ਅਲਖ ਅਪਾਰਾ॥4॥
ਇਸ ਤੋਂ ਅੱਗੇ ਇਸ ਪੁਸਤਕ ਦੇ ਲਿਖੇ ਜਾਣ ਦਾ ਸੰਮਤ ਦਰਜ ਹੈ। 'ਸੰਮਤ 1894, ਮਿਤੀ ਸਾਵਣ ਸੁਦੀ ।, ਵਾਰ ਬੁਧ ਸਾਵਣ ਦਿਨੇ 20 ਸਮਾਪਤ'। (ਪੱਤਰਾ 18)