ਹੱਥ ਲਿਖਤ ਨੰਬਰ 209

ਸਿੱਧ ਗੋਸ਼ਟਿ ਸਟੀਕ (ਖਿਲ ਪ੍ਰਕਰਣ ਸਮੇਤ)।
ਵੇਰਵਾ : ਪੱਤਰੇ ੫-੯੦, ੮੫-੧੬੪ ਪ੍ਰਤੀ ਸਫ਼ਾ ੫ ਸਤਰਾਂ: ਕਾਗਜ਼ ਦੇਸੀ; ਲਿਖਤ ਸਿੱਧੀ ਸਾਦੀ, ਜੋ ਕਈ ਥਾਵੀਂ ਅਸ਼ੁੱਧ ਵੀ ਹੈ; ਸਿਰਲੇਖ, ਵਿਸ੍ਰਾਮ-ਚਿੰਨ੍ਹ ਤੇ ਕਿਤੇ ਕਿਤੇ ਕੁਝ ਸਤਰਾਂ ਲਾਲ ਸਿਆਹੀ ਨਾਲ ਅੰਕਿਤ; ਹਾਸ਼ੀਆ ਸਾਦਾ ਲਕੀਰਾਂ ਵਾਲਾ: ਪੱਤਰੇ ਸਾਰੀ ਪੁਸਤਕ ਦੇ ਸਿਰਿਆਂ ਤੋਂ ਕਟੇ ਹੋਏ ਜਿਸ ਕਰ ਕੇ ਕਈ ਥਾਵੀਂ ਪੁਸਤਕ ਦਾ ਮਜ਼ਮੂਨ ਵੀ ਨਾਲ ਹੀ ਕਟ ਗਿਆ ਹੈ; ਆਦਿ ਅਤੇ ਅੰਤ ਦੇ ਪੱਤਰੇ ਫਟੇ ਹੋਏ ਤੇ ਪੁਸਤਕ ਅਧੂਰੀ।
ਲਿਖਾਰੀ : ਨਾਮਾਲੂਮ।
ਸਮਾਂ : ਪੁਸਤਕ ਡੇਢ ਕੁ ਸੌ ਸਾਲ ਪੁਰਾਣੀ ਜਾਪਦੀ ਹੈ।
(ੳ) ਸਿੱਧ ਗੋਸਟਿ ਸਟੀਕ
ਟੀਕਾਕਾਰ : ਨਾਮਾਲੂਮ ।
ਆਰੰਭ : (ਤਿ) ਸ ਪਰਮਾਰਥ। ਤਵ ਗੁਰੂ ਬਾਵੇ ਨਾਨਕ ਜੀ ਕਹਿਆ ਜੋ, “ਸਿਧੇ ਜੀ! ਪੈਣ ਕਾ ਮੂਲ ਪੌਣ ਹੀ ਕਾ ਅਰੰਭ ਹੈ ਅਰ ਤਿਸੁ ਪੌਣ ਹੀ ਕੇ ਅਰੰਭ ਕਰਿ ਕਰਿ ਜੋਗ ਸੰਪੂਰਣ ਕੀਆ ਹੈ।... (ਪੱਤਰਾ ੪)
ਅੰਤ : ਅਬਿਨਾਸੀ ਪ੍ਰਭੁ ਖੇਲ ਰਚਾਇਆ, ਗੁਰਮੁਖ ਸੋਝੀ ਹੋਈ।
ਨਾਨਕ ਸਭ ਜਗ ਆਪੇ ਵਰਤੈ ਦੂਜਾ ਅਵਰ ਨ ਕੋਈ॥੮੨॥
ਤਿਸ ਕਾ ਪਰਮਾਰਥ। ਤਵ ਗੁਰੂ ਬਾਬੇ ਨਾਨਕ ਜੀ ਕਹਿਆ ਜੋ ਸਿਧੋ ਜੀ ਆਪਣੀ ਕੀਮਤ ਤਾ ਆਪੇ ਪਰਮੇਸਰ ਜਾਣੈ ਅਉਰ ਦੂਸਰਾ ਕੋਈ ਨਹੀਂ ਜਾਣਤਾ। ਅਰ ਜੁ ਕੋਈ ਜਾਣ ਵਖਿਯਾਨ ਕਰੇ ਸੁ ਕਿਆ ਕਰੇ। ਇਹ ਆਪੇ ਗੁਪਤਾ ਹੈ ਅਰੁ ਆਪੇ ਪ੍ਰਗਟ ਹੈ ਅਰੁ ਆਪੇ ਸਭ ਰੰਗ ਮਾਣਦਾ ਹੈ ਸਭਨੋ ਜੁਗਾਂ ਵਿਚ ਆਪੇ ਵਰਤਦਾ ਔਰ ਦੂਸਰਾ ਕੋਈ ਨਹੀਂ, ਨ ਹੋਆ, ਨ ਹੋਇਗਾ।" ਤਬ ਸਿਧੋ ਕਹਿਆ ਜੀ, “ਨਾਨਕ ਜੀ! ਤੁਮ ਕੋ ਹਮਾਰਾ ਨਮਸਕਾਰ ਹੈ।" ਤਵ ਸਭਨੰ ਸਿਧੇ ਗੁਰੂ ਬਾਬੇ ਨਾਨਕ ਜੀ ਕਉ ਨਮਸਕਾਰ ਕੀਆ ਅਰ ਕਿਹਾ, "ਧੰਨ ਹੋ ਨਾਨਕ! ਧੰਨ ਹੋ ਨਾਨਕ!" ਸਿਧਾਂ ਕੀ ਗੋਸਟਿ ਪੂਰੀ ਹੋਈ॥ ਵਾਹਿਗੁਰੂ ਜੀ....(ਪੱਤਰਾ ੮੫)
(ਅ) ਖਿਲ ਪ੍ਰਕਰਣ (ਮਹਾਂ ਰਾਮਾਇਣ)
ਆਰੰਭ: ੴ ਸਤਿਗੁਰੋਵਾਚ। ਅਥ ਖਿਲ ਪ੍ਰਕਰਣ ਲਿਖਯਤੇ। ਬਾਲਮੀਕੋਵਾਚ। ਹੇ
ਭਾਰਦ੍ਵਾਜ! ਮਹਾ ਰਾਮਾਇਣ ਲਖ ਸਲੋਕ ਹੈ ਜਿਸ ਵਿਖੇ ਇਹ ਬਾਲ ਕਾਂਡ ਮੋਖ
ਉਪਾਇ ਬਤੀਸ ਸਹੰਸ੍ਰ ਸਲੋਕ ਵਸਿਸਟ ਜੀ ਉਪਦੇਸ਼ ਕੀਆ ਹੈ, ਸੋ ਤੁਮ ਕੋ ਸ੍ਰਵਣ ਕਰਾਇਆ ਹੈ।
ਅੰਤ : ਸਚ ਕਉ ਕੋਊ ਜਾਣ ਨਹੀਂ ਸਕਤਾ ਜਸੇ ਸ......
ਅੱਗੇ ਪਤਰੇ ਗੁੰਮ ਹਨ ਜਿਸ ਕਾਰਨ ਪਾਠ ਨਹੀਂ ਮਿਲਦਾ ਤੇ ਲਿਖਤ ਅਧੂਰੀ ਹੈ।