ਹੱਥ ਲਿਖਤ ਨੰਬਰ 196 ੳ) ਉਪਦੇਸ਼ ਬਿਲਾਸ ਗੁਲਾਬ ਦਾਸ ਜੀ ਕੀ (ਮਨ ਹੁਲਾਸ ਸਮੇਤ)ਲੇਖਕ : ਸਾਹਿਬ ਸਿੰਘ।ਵੇਰਵਾ : ਪੱਤਰੇ ੨੮੨: ਪ੍ਰਤੀ ਸਫ਼ਾ ੧੧ ਸਤਰਾਂ: ਹਾਸ਼ੀਆ ਸਾਦਾ ਲਕੀਰਾਂ ਵਾਲਾ; ਲਿਖਤ ਸਿੱਦੀ ਸਾਦੀ, ਜੋ ਕਈ ਥਾਂਵੀਂ ਅਸ਼ੁੱਧ ਵੀ ਹੈ, ਕਾਗ਼ਜ਼ ਸ਼ਾਦਾ ਵਹੀਆਂ ਵਾਲਾ (ਮੁਟੇਰਾ); ਕਈ ਥਾਂਵੀਂ ਹਾਸ਼ੀਏ ਤੇ ਜਾਂ ਸਫ਼ੇ ਦੇ ਉਪਰ-ਹੇਠ ਪੈਨਸਿਲ ਤੇ ਹੋਰ ਕਲਮ ਨਾਲ ਕੁਝ ਨੋਟ ਦਿੱਤੇ ਹੋਏ ਤੇ ਕਈ ਥਾਂਵੀਂ ਨੀਲੀ ਜਾਂ ਲਾਲ ਸਿਆਹੀ ਨਾਲ ਕੋਈ ਕੋਈ ਲਿਖਤ ਕੱਟੀ ਹੋਈ।ਸਮਾਂ : ਲਗਭਗ 140 ਸਾਲ ਪੁਰਾਣੀ ਪੁਸਤਕ ਹੈ।ਲਿਖਾਰੀ : ਨਾਮਾਲੂਮ(ਅ) ਉਪਦੇਸ਼ ਬਿਲਾਸਆਰੰਭ : ੴ ਸਤਿਗੁਰ ਪ੍ਰਸਾਦਿ। ੴ ਸ੍ਰੀ ਪਰਮਾਤਮਾਇ ਨਮਹ। ਉਪਦੇਸੁ ਬਿਲਾਸ ਗੁਰੂ ਗੁਲਾਬ ਦਾਸ, ਜੀ ਕਾ ਅਰ ਹਰ ਗੁਬਿੰਦ ਸੁਤ ਕਾਂ ਪ੍ਰਸਨੋਤ੍ਰ ਲਿਖਯਤੇ। ਹਰਗੁਬਿੰਦੋਵਾਚ॥ ਦੋਹਰਾ॥ ਵਾਰ ਵਾਰ ਪ੍ਰਨਾਮ ਗੁਰ, ਜੋਰ ਕਹੋ ਸਿਰ ਨਾਇ। ਸਰਨ ਪੜੇ ਕੀ ਹੇ ਗੁਰੋ ਤੁਮ ਹੀ ਕਰਤ ਸਹਾਇ॥੧॥ (ਪੱਤਰਾ ੧)ਅੰਤ : ਮੁਕਤਾਦਿਕ ਇੱਛਾ ਸਭੇ, ਰਹੇ ਨ ਜੋ ਇਸ ਖੋਜ। ਮਸਤ ਹੋਇ ਹਰ ਹਾਲ ਮੋ, ਹੋਸੀ ਸਦਾ ਨ ਰੋਜ ॥੩੯॥ ਇਤ ਸ੍ਰੀ ਉਪਦੇਸ ਬਿਲਾਸ ਕੋ ਅਸਟਮੋ ਵਿਸ਼੍ਰਾਮ ਸੰਪੂਰਨੰ ਸਮਾਪਤੰ ॥.... (ਪੱਤਰਾ ੨੩੫)(ਅ) ਮਨ ਹੁਲਾਸ (ਸਾਹਿਬ ਸਿੰਘ)ਆਰੰਭ : ੴ ਸਤਿਗੁਰ ਪ੍ਰਸਾਦਿ। ਅਥ ਮਨ ਹੁਲਾਸ ਲਿਖਯਤੇ॥ ਦੋਹਰਾ॥ਦਾਸ ਗੁਲਾਬ ਦਿਆਲ ਗੁਰ, ਤਾਂ ਕੋ ਕਰ ਪ੍ਰਨਾਮ। ਪਾਛੇ ਮਨ ਕੀ ਉਕਤ ਕਹ, ਸਾਹਬ ਸਿੰਘ ਗੁਲਾਮ ॥੧॥......ਅੰਤ : ਨਾਮ ਦੇਉ ਕੇ ਅਵਤਾਰ ਹੈ, ਭਗਤ ਤਿਨਾ ਘਰ ਹੋਇ। ਸਤਗੁਰ ਦਾਸ ਗੁਲਾਬ ਜੀ, ਸਾਹਬ ਸਿੰਘ ਸਰਨੋਇ॥੩੯॥ ਨਾਮ ਹੁਲਾਸ ਗਿਰੰਥ ਸਮਾਪਤੰ। (ਪੱਤਰਾ ੨੪੨)ਇਸ ਪੁਸਤਕ ਦਾ ਨਾਮ ਸ਼ੁਰੂ ਵਿਚ ਮਨ ਹੁਲਾਸ ਹੈ ਤੇ ਅਖੀਰ ਵਿਚ ਨਾਮ ਹੁਲਾਸ। ਇਸ ਤੋਂ ਇਲਾਵਾ ਲੇਖਕ ਨੇ ਕਈ ਥਾਂਵੇਂ ਸ਼ਬਦਾਂ ਦੀਆਂ ਭੁੱਲਾਂ ਵੀ ਇਸ ਵਿਚ ਬਹੁਤ ਕੀਤੀਆਂ ਹਨ। ਇਹ ਪੁਸਤਕਾਂ ਅਜੇ ਤਕ ਕਿਤੇ ਨਹੀਂ ਛਪੀਆਂ ਜਿਸ ਕਰਕੇ ਦੁਰਲੱਭ ਹਨ।ਗਯਾਨ, ਗਯਾਨ ਸਿੰਘ ਦੇ ਕਥਨ ਅਨੁਸਾਰ ਸਾਹਿਬ ਸਿੰਘ ਘੁਮਾਰ ਦਾ ਪੁਤਰ ਸੀ। ਸਾਧੂ ਗੁਲਾਬ ਦਾਸ ਨੇ ਇਸ ਨੂੰ ਆਪਣਾ ਪੁਤਰ ਬਣਾ ਕੇ ਪਾਲਿਆ ਪੋਸਿਆ ਤੇ ਇਸ ਦਾ ਨਾਮ ਛੇਵੇਂ ਸਿੱਖ ਗੁਰੂ ਦੇ ਮੁਕਾਬਲੇ ਤੇ ਹਰਿਗੋਬਿੰਦ ਰੱਖਿਆ ਸੀ। ਸਾਧੂ ਤੇਗ਼ ਬਹਾਦੁਰ, ਜੋ ਗੁਲਾਬ ਦਾਸ ਤੋਂ ਤੇਜੀ ਥਾਂ ਗੱਦੀ ਨਸ਼ੀਨ ਹੋਇਆ, ਇਸੇ ਸਾਹਿਬ ਸਿੰਘ ਉਰਫ਼ ਹਰਿਗੋਬਿੰਦ ਦਾ ਪੁਤਰ ਸੀ। (ਸਬੂਤ ਲਈ ਦੇਖੋਂ, ਪੰਥ ਪ੍ਰਕਾਸ਼, ੧੯੪੬ ਬਿ., ਸਫ਼ਾ ੯੦੯)