ਹੱਥ ਲਿਖਤ ਨੰਬਰ 140 ੧੯. ਸੋਹਣੀ ਮੇਹੀਵਾਲ ਤੇ ਕਿੱਸਾ ਸੱਸੀ ਪੁਨੂੰ। (ਫਾਰਸੀ ਅੱਖਰ)ਲੇਖਕ : ਕਵੀ ਹਾਸ਼ਮ ।ਵੇਰਵਾ : ਪੱਤਰੇ ੧੨: ਪ੍ਰਤੀ ਸਫਾ ੧੪ ਸਤਰਾਂ: ਕਾਗਜ਼ ਦੇਸੀ (ਪੁਰਾਣਾ); ਲਿਖਤ ਸ਼ਿਕਸਤਾ *ਨਸਤਾਲੀਕ; ਹਾਸ਼ੀਆ ਇਕ ਇਕ ਇੰਚ: ਸਿਆਹੀ ਕੱਚੀ, ਜਿਸ ਕਰਕੇ ਲਿਖਤ ਕਿਤੇ ਕਿਤੇ ਭਿੱਜ ਕੇ ਖ਼ਰਾਬ ਹੋ ਗਈ ਹੈ।ਸਥਾਨ: ਕਪੂਰਥਲਾ (ਪੰਜਾਬ)।ਸਮਾਂ: ੨ ਵਿਸਾਖ, ਸੰਮਤ ੧੯੧੩ ਬਿ.।ਲਿਖਾਰੀ : ਨਾਰਾਇਣ ਦਿਆਲ।(ੳ) ਸੋਹਣੀ ਮੇਹੀਵਾਲਅਰੰਭ : ਅੱਵਲ ਨਾਮ ਧਿਆਵਾਂ ਉਸ ਦਾ, ਜਿਨ ਇਹ ਜਗਤ ਉਪਾਇਆ। ਥੰਮਾਂ ਮੇਖ ਜ਼ੰਜੀਰਾਂ ਬਾਝੋਂ, ਧਰਮ ਅਕਾਸ ਟਿਕਾਇਆ। ਬਿਨ ਤਦਬੀਰ ਮਸਾਲਾ ਮਿਹਨਤ, ਬਿਨ ਹਥਿਆਰ ਬਣਾਇਆ। ਹਾਸ਼ਮ ਦੇਖ ਅਜੇਹਾ ਖ਼ਾਲਕ, ਤੈਂ ਕਿਨ ਹੋਸ਼ ਭੁਲਾਇਆ॥ਅੰਤ : ਪੜ੍ਹਿਆ ਖ਼ਿਜ਼ਰ ਹਿਆਤ ਜਨਾਜ਼ਾ, ਦਫ਼ਨ ਕੀਤੇ ਵਿਚ ਪਾਨੀ। ਹਾਸ਼ਮ ਇਸ਼ਕ ਸੋਹਣੀ ਦਾ ਸਾਦਕ, ਜਗ ਵਿਚ ਰਹੇ ਕਹਾਨੀ ॥ ਤੱਮਤ ਤਮਾਮ ਸ਼ੁਦ ਨੁਸਖਾ ਸੋਹਨੀ ਮਹੀਂਵਾਲ ਮਿਨ ਤਸਨੀਫ਼ ਹਾਸ਼ਮ ਸ਼ਾਹ ਮਲਕਪੁਰੀਆ ਬ-ਦਸਤਖਤ ਬੰਦਹ ਨਰਾਇਨ ਦਿਆਲ ਸਾਕਿਨ ਤਲੋਈ ਬਪਾਸ ਖਾਤਰ ਕੇਹਰ ਸਿੰਘ ਮੁਸੱਵਰ ਅੰਬਰਸਰੀਆ ੨ ਬਸਾਖ ਸੰਮਤ ੧੯੧੩। ਇਹ ਪੁਸਤਕ ਫ਼ਾਰਸੀ ਤੇ ਗੁਰਮੁਖੀ ਅੱਖਰਾਂ ਵਿੱਚ ਕਈ ਵਾਰ ਛਪ ਚੁੱਕੀ ਹੈ।(ਅ) ਕਿੱਸਾ ਸੱਸੀ ਪੁੱਨੂੰ (ਫ਼ਾਰਸੀ ਅੱਖਰ)ਲੇਖਕ : ਪੱਤਰੇ ੯ਸਮਾਂ : ੨੨ ਮਾਘ, ਸੰਮਤ ੧੯੧੨ ਬਿ.।ਲਿਖਾਰੀ : ਕੇਹਰ ਸਿੰਘ ਮਸਵਰ।ਸਥਾਨ : ਕਪੂਰਥਲਾ (ਪੰਜਾਬ)।ਆਰੰਭ : ਪਹਿਲੇ ਪੱਤਰੇ ਗੁੰਮ ਹੋਣ ਕਰਕੇ ਇਸ ਦਾ ਮੁੱਢਲਾ ਪਾਠ ਨਹੀਂ ਮਿਲਦਾ।ਅੰਤ : ਖਾਤਰ ਇਸ਼ਕ ਗਈ ਰਲ ਮਾਟੀ, ਸੂਰਤ ਹੁਸਨ ਜੁਆਠੀ । ਹਾਸ਼ਮ ਰਹੇ ਬਕਾਇ ਅਲਾਹੀ, ਹੋਰ ਸਾਰਾ ਜਗ ਫਾਨੀ। ਕਿੱਸਾ ਸੱਸੀ ਪੁੰਨੂੰ ਤਸਨੀਫ਼ ਹਾਸ਼ਮ ਬਦਸਤਖ਼ਤ ਕੇਹਰ ਸਿੰਘ ਮੁਸੱਵਰ ਸ਼ਾਕਿਨ ਅੰਬਰਸਰ ਮੁਕਾਮ ਕਪੂਰਥਲਾ ਅਲਸਰਕੂਮ ੨੨ ਮਾਘ ੧੯੧੨ ਸੰਮਤ ਬਿ।