ਹੱਥ ਲਿਖਤ ਨੰਬਰ 127 ਸ਼ੀਰੀਂ ਫ਼ਰਿਆਦ ਤੇ ਹੋਰ ਰਚਨਾਵਾਂਲੇਖਕ : ਕਵੀ ਹਾਸ਼ਮ।ਵੇਰਵਾ : ਪੱਤਰੇ ੩੮; ਪ੍ਰਤੀ ਸਫ਼ਾ ੧੯ ਸਤਰਾਂ, ਪ੍ਰਾਚੀਨ ਲਿਖਤ, ਕਾਗਜ਼ ਦੇਸੀ, ਲਿਖਤ ਸਾਫ਼ ਤੇ ਸ਼ੁੱਧ ਹਾਸੀਆ, ਇਕ ਇਕ ਇੰਚ, ਦੋ ਦੋ ਲਾਲ ਲਕੀਰਾਂ ਵਾਲਾ: ਵਿਸ੍ਰਾਮ- ਚਿੰਨ੍ਹ, ਛੰਦਾਂ ਦੇ ਅੰਕ ਤੇ ਕੁਝ ਛੰਦ ਸਿਰਲੇਖ ਲਾਲ ਸਿਆਹੀ ਨਾਲ ਲਾਲ ਲਿਖੇ ਹੋਏ।ਸਮਾਂ : ੧੯ਵੀਂ ਸਦੀ ਬਿ.।ਲਿਖਾਰੀ : ਨਾਮਾਲੂਮ।(ੳ) ਸ਼ੀਰੀ ਫਰਿਹਾਦਆਰਂਭ : ੴ ਸਤਿਗੁਰ ਪ੍ਰਸਾਦਿ । ਅਥ ਸੀਰੀ ਫਰਹਾਦ ਕੀ ਬਾਰਤਾ ਲਿਖਯਤੇ। ਪ੍ਰਿਸ਼ਮੇ ਉਸਤਤਿ ਸਾਹਿਬ ਦੀ- ਸਾਹਿਬ ਰਬ ਕਾਰੀਗਰ ਬਦਲੀ, ਕੁਦਰਤ ਅਪਰ ਅਪਾਰਾ। ਹਰ ਹਰ ਦੇ ਵਿਚ ਜਾਤ ਉਸੇ ਦੀ, ਫਿਰ ਉਹ ਆਪ ਨਿਆਰਾ। ਇਕ ਦਾਤਾ ਸਭ ਜਗਤ ਭਿਖਾਰੀ, ਸਭ ਰੈਯਤ ਉਹ ਵਾਲੀ। ਗਿਣ ਗਿਣ ਰਿਜਕੁ ਪੁਚਾਵੇ ਸਭਨਾਂ, ਕੋਇ ਨ ਰਹਦਾ ਖਾਲੀ ॥੧॥ਅੰਤ : ਕਿੱਸੇ ਛੱਡ ਦਲੀਲੀ ਹਾਸ਼ਮ, ਨਾ ਕਰ ਐਡ ਪਸਾਰੇ। ਤੂੰ ਕੀ ਸਿਫ਼ਤ ਉਨ੍ਹਾਂ ਦੀ ਕਰਸੇ, ਜੇ ਰਬ ਆਪ ਸਵਾਰੇ। ਇਤਿ ਸੀਰੀਂ ਫ਼ਰਹਾਦ ਕੀ ਬਾਰਤਾ ਸਮਾਪਤੰ । ਇਹ ਕਿੱਸਾ ਫ਼ਰਾਸੀ ਤੇ ਗੁਰਮੁਖ ਅੱਖਰਾਂ ਵਿਚ ਕਈ ਵੇਰ ਛਪ ਚੁੱਕਾ ਹੈ।(ਅ) ਕਿਸਾ ਸੋਹਨੀ ਮਹੀਂਵਾਲਲੇਖਕ : ਕਵੀ ਹਾਸ਼ਮ।ਵੇਰਵਾ : ਪੱਤਰਾ ੩੮ ਤੋਂ ੬੧ ਤੱਕ (23)ਸਮਾਂ: 19ਵੀਂ ਸਦੀ ਬਿ.।ਆਰੰਭ : ਸ਼ੁਰੂ ਦੇ ਪੱਤਰੇ ਗੁੰਮ ਹੋਣ ਕਰਕੇ ਇਸ ਹੱਥ-ਲਿਖਤ ਦਾ ਪਹਿਲਾ ਪਾਠ ਨਹੀਂ ਮਿਲਦਾ।ਅੰਤ : ਮਿਲਿਆ ਜਾਇ ਰੂਹਾਂ ਰਲਿ ਮੇਲਾ, ਵਿਚ ਦਰਗਾਹ ਰਬਾਣੀ। ਨੌਂ ਵਿਚ ਫੇਰ ਮਿਲੇ ਤਨ ਦੋਵੇਂ, ਇਕ ਬੇ ਖਾਕ ਸਮਾਣੀ। ਪੜ੍ਹਿਆ ਖਿਦਰ ਹਯਾਤ ਜਨਾਜ਼ਾ, ਦਫ਼ਨ ਕੀਤੇ ਵਿਚ ਪਾਣੀ। ਹਾਸਮੁ ਇਕਸ ਸੋਹਣੀ ਦਾ ਜਗ ਵਿਚ, ਜੁਗੁ ਜੁਗੁ ਰਹਗੁ ਕਹਾਣੀ ॥ ੧੫੮॥(ੲ) ਦਾਸਤਾਨ ਸੱਸੀ ਪੁਨੂੰ ਦੀਲੇਖਕ : ਕਵੀ ਹਾਸਮ।ਵੇਰਵਾ : ਪੱਤਰਾ ੬੩ ਤੋਂ ੭੮ ਤੱਕ (੧੬)ਸਮਾਂ : ੧੯ ਵੀਂ ਸਦੀ।ਆਰੰਭ : ੴ ਸਤਿਗੁਰ ਪ੍ਰਸਾਦਿ। ਦਾਸਤਾਨ ਸੱਸੀ ਪੁਨੂੰ ਦੀ। ਹਿਕਮਤ ਓਸ ਖੁਦਾਵੰਦ ਵਾਲੀ, ਮਾਲਕ ਮੁਲਖ ਖਲਕ ਦਾ।ਲੱਖ ਕਰੋੜ ਕਰਨਿ ਚਤੁਰਾਈ, ਕੋਈ ਪਛਾਨਿ ਨ ਸਕਦਾ।...ਅੰਤ : ਪਿਛਲੇ ਪੱਤਰੇ (੭੮ ਤੋਂ ਅੱਗੇ) ਗੁੰਮ ਹੋਣ ਕਰਕੇ ਇਸ ਹੱਥ-ਲਿਖਤ ਦਾ ਅੰਤਲਾ ਪਾਠ ਨਹੀਂ ਮਿਲਦਾ।