ਹੱਥ ਲਿਖਤ ਨੰਬਰ-11

ਹੀਰ-ਰਾਂਝਾ
ਲੇਖਕ : ਸੱਯਦ ਵਾਰਿਸ ਸ਼ਾਹ।
ਵੇਰਵਾ : ਪੱਤਰੇ ੧੮੨; ਹਰੇਕ ਸਫ਼ੇ ਤੇ ਦੋ ਦੋ ਲਾਲ ਲਕੀਰਾਂ ਵਾਲਾ ਹਾਸ਼ੀਆ; ਪ੍ਰਤੀ ਸਫ਼ਾ ਔਸਤ ੧੮ ਸਤਰਾਂ; ਸਫ਼ੇ ਦੇ ਚਾਰੇ ਪਾਸੀਂ ਇਕ ਇਕ ਇੰਚ ਹਾਸ਼ੀਆ: ਕਾਗਜ਼ ਦੇਸੀ (ਪੁਰਾਣਾ) ਤੇ ਕਿਰਮ ਖੁਰਦਾ ਸਿਰਲੇਖ ਤੇ ਬੈਤਾਂ ਦੇ ਅੰਕ ਲਾਲ ਸਿਆਹੀ ਨਾਲ ਲਿਖੇ ਹੋਏ; ਕੁਲ ਬੈਤਾਂ ਦੀ ਗਿਣਤੀ ਸਣੇ ਲਿਖਾਰੀ ਦੇ ਇਕ ਬੈਂਤ ਦੇ ੭੪੫।
ਸਮਾਂ : ਸੰਨ ੧੧੮੦ ਹਿਜਰੀ ਮੁਤਾਬਿਕ ਸੰਮਤ ੧੮੭੩ ਬਿਕ੍ਰਮੀ, ਨਕਲ-ਸੰਮਤ ੧੯੧੮ ਬਿਕ੍ਰਮੀ।
ਲਿਖਾਰੀ : ਭਾਈ ਦਲ ਸਿੰਘ
ਸਥਾਨ: ਕਪੂਰਥਲਾ (ਪੰਜਾਬ)।
ਆਰੰਭ : ੴ ਸਤਿਗੁਰ ਪ੍ਰਸਾਦਿ। ਅਵਲ ਹਮਦ ਖੁਦਾਇ ਦਾ ਵਿਰੁਦ ਕੀਚੈ,
ਕੀਤਾ ਅਸਕ ਹੈ ਜਗ ਦਾ ਮੂਲ ਮੀਆਂ।
ਅੰਤ: ਹੀਰ ਰੂਹ ਤੇ ਚਾਕੁ ਕਲਬੂਤ ਜਾਣੋ,
ਬਾਲ ਨਾਥ ਏਹ ਪੀਰ ਬਣਾਇਆ ਈ।
ਪੰਜ ਪੀਰ ਹਵਾਸ ਏਹ ਪੰਜ ਤੇਰੇ,
ਜਿਨਾ ਤੁਧ ਨੂੰ ਆਇਕੇ ਲਾਇਆ ਈ।..
ਦੇਣੀ ਜਾਨ ਐਵੇਂ ਜਿਵੇਂ ਸਾਖ ਪੱਕੀ,
ਕੂੜਾ ਬਾਗ ਦਾ ਕਾਲੁ ਬਣਾਇਆ ਈ।
ਵਾਰਸ ਤਿੰਵਣ ਬਦ ਅਮਲੀਆਂ ਤੇਰੀਆਂ ਨੀ,
ਕਢ ਕਬਰ ਤੋਂ ਦੋਜਕੀ ਪਾਇਆ ਈ॥ ੭੪੪॥
ਇਸ ਮਗਰੋਂ ਲਿਖਾਰੀ ਵਲੋਂ ਨਿਮਨ ਲਿਖਤ ਹੈ— ਸੰ
ਮਤ ਉਨੀਂ ਸੈ ਅਠਾਰਵਾਂ ਵਰਤਦਾ ਸੀ
ਪੋਥੀ ਥਲੇ ਕਪੂਰ ਤਿਆਰ ਹੋਈ।
ਬੁਲੇ ਸ਼ਾਹ ਦੀ ਸ਼ਾਇਰੀ ਜਮ ਜਾਏ
ਪੜ੍ਹੇ ਸੁਣੇ ਤੇ ਐਸ਼ ਬਹਾਰ ਹੋਈ।
ਪੜ੍ਹਨ ਏਸ ਨੂੰ ਬੈਠ ਪ੍ਰੀਤ ਵਾਲੇ ਮਾਲ ਸ਼ੌਕ ਦੇ ਖੂਬ ਬਹਾਰ ਹੋਈ।
ਥਿਤ ਸਪਤਮੀ ਲਿਖੀ ਹੈ ਦਲ ਸਿੰਘ ਨੇ
ਮਹੀਨੇ ਮਾਘ ਦੇ ਵਿਚ ਗੁਲਜਾਰ ਹੋਈ॥