ਹੱਥ ਲਿਖਤ ਨੰਬਰ-10

ਹੀਰ ਰਾਂਝੇ ਦਾ ਬਰਤੰਤ
ਲੇਖਕ : ਕਵੀ ਮੁਕਬਲ ।
ਵੇਰਵਾ : ਪੱਤਰੇ ੬੯; ਪ੍ਰਤੀ ਸਫ਼ਾ ਸਤਰਾਂ ਦੀ ਔਸਤ ੧੬; ਲਿਖਤ ਪੁਰਾਣੀ; ਕਾਗਜ਼ ਦੇਸੀ: ਲਿਖਤ ਸ਼ੁੱਧ ਤੇ ਸਾਫ਼; ਹਾਸ਼ੀਆ ਇਕ-ਇਕ ਇੰਚ; ਕਾਗ਼ਜ਼ ਕਿਰਮ ਖੁਰਦਾ।
ਸਮਾਂ : ਨਿਸ਼ਚਿਤ ਨਹੀਂ।
ਲਿਖਾਰੀ-ਨਾਮਾਲੂਮ।
ਆਰੰਭ : ੴ ਸਤਿਗੁਰ ਪ੍ਰਸਾਦਿ। ਹੀਰ ਰਾਂਝੇ ਦਾ ਬਰਤੰਤ ਲਿਖਿਯਤੇ।
ਇਸਕ ਹਕ ਨੂੰ ਆਣਿ ਮਿਲਾਵਦਾ ਈ,
ਇਸ ਇਸਕ ਦੇ ਵਾਰਨੇ ਜਾਈਏ ਜੀ।
ਕੁਠੇ ਇਸਕ ਦੇ ਨੂੰ ਨਹੀਂ ਮੌਤ ਮੂਲੇ,
ਤੇਗੁ ਇਸਕ ਦੀ ਮੂਹੋ ਮੁਹ ਖਾਈਏ ਜੀ।
ਇਸਕੁ ਬਰਨ ਹੈ ਅਉਲੀਆਂ ਅੰਬੀਆਂ ਦਾ,
ਮਜਾ ਇਸ਼ਕ ਦਾ ਫਕਰ ਥੀਂ ਪਾਈਏ ਜੀ।
ਰਲ ਕੇ ਆਖਿਆ ਆਸਕਾਂ ਮੁਕਬਲੇ ਨੂੰ,
ਸਾਨੂੰ ਹੀਰ ਦਾ ਇਸਕੂ ਸੁਣਾਈਏ ਜੀ॥੧॥
ਅੰਤ-ਆਸ਼ਕ ਹੋਵਨਾ ਜਾਤ ਖੁਦਾਇ ਦੀ ਹੈ,
ਹੋਰ ਸੁੰਞੜਾ ਹੁਸਨ ਜਮਾਲ ਹੈ ਜੀ।
ਧਨ ਮਾਲ ਤੇ ਮਤ ਮਗਰੂਰ ਹੋਈਐ,
ਕਿਸੇ ਅੰਤ ਨਾ ਭੇਜਿਆ ਨਾਲ ਹੈ ਜੀ।
ਲਖ ਵਰ੍ਹੇ ਜੇ ਜੀਵਨਾ ਅੰਤੁ ਮਰਨਾ,
ਥਿਰ ਕਾਦਰੁ ਜਨ ਜਲਾਲੁ ਹੈ ਜੀ ।
ਮੁਕਬਲ ਨਾਉ ਖੁਦਾਇ ਦਾ ਕੀਮੀਆ ਹੈ,
ਹੋਰੁ ਸੁੰਞੜਾ ਜਿਕਰੁ ਖ਼ਿਆਲੁ ਹੈ ਜੀ॥ ੩੫੮ ॥
ਦੋਹਰਾ-ਪੋਥੀ ਲਿਖੀ ਬਨਾਇਕੋ, ਮੀਤੁ ਜੁ ਹਰਿ ਕਾ ਨਾਮੁ ।
ਹਾੜ ਸੁਦੀ ਰਵਿ ਦੂਜ ਕੋ, ਰਾਂਝਾ ਸੁੰਦ੍ਰ ਭਾਮੁ ॥ ੩੫੯॥
ਕਥਾ ਹੀਰ ਰਾਂਝੇ ਦੀ ਸੰਪੂਰਨ ਹੋਈ।